ਬਠਿੰਡਾ: ਪੰਜਾਬ ਸਰਕਾਰ ਇਸ ਸਮੇਂ ਇਸ਼ਤਿਹਾਰਾਂ ਦੀ ਸਰਕਾਰ ਬਣ ਚੁਕੀ ਹੈ ਅਤੇ ਇਸ ਤੋਂ ਪਹਿਲਾਂ ਚਰਚਾਵਾਂ ਸੀ ਕਿ ਪੰਜਾਬ ਦਾ ਪੈਸਾ ਅਤੇ ਇਸ਼ਤਿਹਾਰ ਗੁਜਰਾਤ-ਹਿਮਾਚਲ ਦੀਆਂ ਚੋਣਾਂ ਵਿੱਚ ਖਰਚ ਕੀਤਾ ਜਾ ਰਿਹਾ ਹੈ, ਪਰ ਹੁਣ ਬਠਿੰਡਾ ਦੇ ਵਿੱਚ ਰਹਿਣ ਵਾਲੇ ਇਕ ਆਰਟੀਆਈ ਐਕਟੀਵਿਸਟ ਰਾਜਨਦੀਪ ਸਿੰਘ ਨੇ ਪੰਜਾਬ ਸਰਕਾਰ ਨੂੰ ਇਸ਼ਤਿਹਾਰਾਂ ਉੱਤੇ ਕੀਤੇ ਜਾ ਰਹੇ ਖਰਚੇ ਨੂੰ ਲੈ ਕੇ ਸਵਾਲ ਚੁੱਕੇ ਨੇ। ਆਪਣੀ ਗੱਲਬਾਤ ਦੇ ਦੌਰਾਨ ਰਾਜਨਦੀਪ ਸਿੰਘ ਨੇ ਇਹ ਖੁਲਾਸਾ ਕੀਤਾ ਹੈ ਕਿ ਪੰਜਾਬ ਸਰਕਾਰ ਤੋਂ ਮੰਗੀ ਗਈ ਆਰ ਟੀ ਆਈ ਦੇ ਮੁਤਾਬਕ 25 ਦਿਨਾਂ ਵਿੱਚ 33 ਕਰੋੜ ਰੁਪਏ ਆਪਣੇ ਕੰਮਾਂ ਦੇ ਇਸ਼ਤਿਹਾਰਾਂ ਦੇ ਉੱਤੇ ਖਰਚ ਕੀਤਾ ਹੈ ਅਤੇ ਇਹ ਇਸ਼ਤਿਹਾਰ ਟੀਵੀ ਚੈਨਲਾਂ ,ਅਖਬਾਰਾਂ, ਵੈੱਬਸਾਈਟ ਅਤੇ ਰੇਡੀਓ ਉੱਤੇ ਦਿੱਤੇ ਗਏ ਸਨ।
ਆਰਟੀਆਈ ਐਕਟੀਵਿਸਟ ਦੇ ਖ਼ੁਲਾਸੇ: ਰਾਜਨਦੀਪ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਉਹ ਕੰਮ ਨਹੀਂ ਹੋਏ ਹਨ ਜਿਨ੍ਹਾਂ ਦੇ ਇਸ਼ਤਿਹਾਰ ਲੱਗੇ ਹਨ ਉਨ੍ਹਾਂ ਕਿਹਾ ਜੇ ਕੰਮ ਹੋਇਆ ਹੈ ਤਾਂ ਇਸ ਤਰ੍ਹਾਂ ਇਸ਼ਤਿਹਾਰਬਾਜ਼ੀ ਦੀ ਜ਼ਰੂਰਤ ਨਹੀਂ ਪੈਣੀ। ਉਨ੍ਹਾਂ ਕਿਹਾ ਹੁਣ ਜਨਤਾ ਦੇ ਟੈਕਸ ਦਾ ਪੈਸਾ ਬੇਬੁਨਿਆਦੀ ਢੰਗ ਨਾਲ ਪੰਜਾਬ ਸਰਕਾਰ ਖਰਚ ਕਰਕੇ ਕੀ ਸਾਬਤ ਕਰਨਾ ਚਾਹੁੰਦੀ ਹੈ, ਜਦੋਂ ਕਿ ਪੰਜਾਬ ਸਰਕਾਰ ਦੇ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਅੰਦਰ ਇਨ੍ਹਾਂ ਦੇ ਖੁਦ ਦੇ ਮੰਤਰੀ ਐਮ ਐਲ ਏ ਗ੍ਰਿਫ਼ਤਾਰ ਹੋ ਰਹੇ ਹਨ। ਰਾਜਨਦੀਪ ਨੇ ਦੱਸਿਆ ਕਿ ਉਸ ਵੱਲੋਂ ਕਰੀਬ 3 ਮਹੀਨੇ ਪਹਿਲਾਂ ਲੋਕ ਸੰਪਰਕ ਵਿਭਾਗ ਨੂੰ ਆਰਟੀਆਈ ਪਾਕੇ ਤਿੰਨ ਸਵਾਲ ਪੁੱਛੇ ਗਏ ਸਨ, ਪਰਗਟ ਭਾਗੂ ਵੱਲੋਂ 30 ਦਿਨਾਂ ਦੇ ਅੰਦਰ-ਅੰਦਰ ਆਰਟੀਆਈ ਦਾ ਜਵਾਬ ਦੇਣ ਦੀ ਬਜਾਏ ਕਰੀਬ ਤਿੰਨ ਮਹੀਨਿਆਂ ਬਾਅਦ ਤਿੰਨ ਵਿਚੋਂ ਦੋ ਸੁਆਲਾਂ ਦੇ ਜਵਾਬ ਹੀ ਭੇਜੇ ਗਏ ਹਨ।
ਰਾਜਨਦੀਪ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਹਦਾਇਤਾਂ ਹਨ ਕਿ ਖ਼ਰਚ ਸਬੰਧੀ ਵੇਰਵਿਆਂ ਦੀ ਆਰ ਟੀ ਆਈ ਨਾ ਦਿੱਤੀ ਜਾਵੇ, ਪਰ ਉਨ੍ਹਾਂ ਵੱਲੋਂ ਵਾਰ ਵਾਰ ਅਪੀਲ ਕਰਨ ਦੇ ਕਾਰਨ ਸਰਕਾਰ ਦੀ ਮਜਬੂਰੀ ਬਣ ਗਈ ਕਿ ਉਨ੍ਹਾਂ ਵੱਲੋਂ ਇਸ ਆਰਟੀਆਈ ਦਾ ਜਵਾਬ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਿੰਨਾ ਪੈਸਾ ਇਸ਼ਤਿਹਾਰਬਾਜ਼ੀ ਉਪਰ ਖਰਚ ਕੀਤਾ ਜਾ ਰਿਹਾ ਹੈ ਇਸ ਨਾਲ ਪੰਜਾਬ ਦੇ ਸਿਰ ਕਰਜ਼ੇ ਦਾ ਬੋਝ ਹੋਰ ਵਧੇਗਾ, ਕਿਉਂਕਿ ਇਸ ਤੋਂ ਪਹਿਲਾਂ ਵੀ ਪੰਜਾਬ 3 ਲੱਖ ਕਰੋੜ ਰੁਪਏ ਦਾ ਕਰਜ਼ਈ ਹੈ ਅਤੇ ਜੇਕਰ ਸਰਕਾਰ ਵੱਲੋਂ ਇਸੇ ਤਰ੍ਹਾਂ ਆਪਣੀ ਮਸ਼ਹੂਰੀ ਲਈ ਇਸ਼ਤਿਹਾਰ ਦਿੱਤੇ ਜਾਂਦੇ ਰਹੇ ਤਾਂ ਪੰਜਾਬ ਦਾ ਵਸਨੀਕ ਹੋਰ ਕਰਜਾਈ ਹੋ ਜਾਵੇਗਾ ਅਤੇ ਪੰਜਾਬ ਤਰੱਕੀ ਦੇ ਰਾਹ ਤੋਂ ਭਟਕ ਜਾਵੇਗਾ।
ਸਰਕਾਰ ਦੀ ਇਸ਼ਤਿਹਾਰਬਾਜ਼ੀ: ਦੱਸ ਦਈਏ ਇਸ ਤੋਂ ਪਹਿਲਾਂ ਵੀ ਬਠਿੰਡਾ ਦੇ ਆਰਟੀਆਈ ਐਕਟੀਵਿਸਟ ਪੰਜਾਬ ਸਰਕਾਰ ਦੀ ਇਸ਼ਤਿਹਾਰਬਾਜ਼ੀ ਨੂੰ ਲੈਕੇ ਸਵਾਲ ਚੁੱਕਦੇ ਰਹੇ ਹਨ। ਇਸ ਤੋਂ ਇਲਾਵਾ ਗੁਜਰਾਤ ਅਤੇ ਹਿਮਾਚਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸੀਐੱਮ ਕੇਜਰੀਵਾਲ ਉੱਤੇ ਵਾਰ ਵਾਰ ਇਲਜ਼ਾਮ ਲੱਗਦੇ ਰਹੇ ਹਨ ਕਿ ਉਨ੍ਹਾਂ ਨੇ ਪੰਜਾਬੀਆਂ ਦੇ ਟੈਕਸ ਦਾ ਹੋਰ ਸੂਬਿਆਂ ਵਿੱਚ ਆਪਣੀ ਇਸ਼ਤਿਹਾਰਬਾਜ਼ੀ ਲਈ ਵਰਤਿਆ ਹੈ। ਦੂਜੇ ਪਾਸੇ ਆਮ ਆਦਮੀ ਸਾਰੇ ਇਲਜ਼ਾਮਾਂ ਨੂੰ ਮੁੱਢੋਂ ਨਕਾਰ ਦੀ ਆਈ ਹੈ।
ਇਹ ਵੀ ਪੜ੍ਹੋ: Beating former MLA: ਕਾਂਗਰਸ ਦੇ ਸਾਬਕਾ ਵਿਧਾਇਕ 'ਤੇ ਜਾਨਲੇਵਾ ਹਮਲਾ; ਮੰਗੀ ਫਿਰੌਤੀ, ਘਟਨਾ ਸੀਸੀਟੀਵੀ ਵਿਚ ਕੈਦ