ਬਠਿੰਡਾ: ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਜਾਗਰੂਕਤਾ ਵਿੱਚ ਵੱਡੀ ਕਮੀ ਨਜ਼ਰ ਆਈ ਹੈ। ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਦੇਸ਼ ਨੂੰ ਆਪਣੇ ਘਰਾਂ ਵਿੱਚ ਬੈਠਣ ਲਈ ਅਪੀਲ ਕੀਤੀ। ਦੂਜੇ ਪਾਸੇ ਬਠਿੰਡਾ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਲੋਕ ਰੋਜ਼ਾਨਾ ਵਾਂਗ ਹੀ ਆਪਣੇ ਕੰਮਕਾਜ ਕਰਦੇ ਹੋਏ ਨਜ਼ਰ ਆਏ ਹਨ।
ਇਸ ਸਬੰਧ ਦੇ ਵਿੱਚ ਜਦੋਂ ਪਿੰਡ ਸੇਮਾ ਵਿੱਚ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਬਾਰੇ ਪਤਾ ਹੈ ਪਰ ਕੋਈ ਇਸ ਦੇ ਲਈ ਪ੍ਰਹੇਜ਼ ਮੰਨਣ ਲਈ ਤਿਆਰ ਨਹੀਂ ਹੈ। ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਅੱਜ ਪੂਰਾ ਦੇਸ਼ ਬੰਦ ਹੈ ਅਤੇ ਸਭ ਨੂੰ ਆਪਣੇ ਘਰਾਂ ਵਿੱਚ ਬੈਠਣ ਦੀ ਅਪੀਲ ਕੀਤੀ ਗਈ ਸੀ।
ਜਦੋਂ ਪਿੰਡ ਪੁਹਲੀ ਵਿੱਚ ਦੌਰਾ ਕੀਤਾ ਗਿਆ ਤਾਂ ਇਸ ਦੇ ਵਿੱਚ ਲੋਕ ਰੋਜ਼ਾਨਾ ਵਾਂਗ ਹੀ ਆਪਣੇ ਨਿਤਨੇਮ ਦੇ ਕੰਮ-ਧੰਦੇ ਕਰਦੇ ਹੋਏ ਦੇਖੇ ਗਏ। ਨਿੱਤ ਦੀ ਤਰ੍ਹਾਂ ਸੱਥਾਂ ਵਿੱਚ ਬੈਠੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਪਿੰਡ ਵਿੱਚ ਕੋਰੋਨਾ ਵਾਇਰਸ ਦੇ ਪ੍ਰਤੀ ਕੋਈ ਜਾਗਰੂਕ ਕਰਨ ਲਈ ਨਹੀਂ ਆਇਆ ਅਤੇ ਕਿਸੇ ਨੇ ਕੋਈ ਸੁਰੱਖਿਆ ਲਈ ਅਹਿਤਿਆਤ ਵਰਤਣ ਦੀ ਜਾਣਕਾਰੀ ਨਹੀਂ ਦਿੱਤੀ ਗਈ। ਸਿਰਫ ਮੋਬਾਇਲ ਫੋਨਾਂ 'ਤੇ ਹੀ ਉਨ੍ਹਾਂ ਨੂੰ ਇਸ ਵਾਇਰਸ ਦੀ ਥੋੜ੍ਹੀ ਬਹੁਤ ਜਾਣਕਾਰੀ ਮਿਲੀ ਹੈ।
ਕੁਝ ਪੇਡੂ ਲੋਕਾਂ ਨੇ ਇਸ ਨੂੰ ਸਰਕਾਰ ਦਾ ਹੀ ਪਖੰਡ ਦੱਸ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਵਾਇਰਸ ਦਾ ਡਰਾਵਾ ਦੇ ਕੇ ਲੋਕ ਸੰਘਰਸ਼ਾਂ ਨੂੰ ਬੰਦ ਕਰਨਾ ਚਾਹੁੰਦੀ ਹੈ। ਇਸੇ ਨਾਲ ਹੀ ਲੋਕਾਂ ਨੇ ਪ੍ਰਧਾਨ ਮੰਤਰੀ ਦੀ ਥਾਲੀਆਂ ਵਜਾਉਣ ਦੀ ਅਪੀਲ ਨੂੰ ਵੀ ਬੁਨਿਆਦਹੀਣ ਦੱਸਿਆ ਹੈ।