ਬਠਿੰਡਾ: ਡਿਵੈਲਪਮੈਂਟ ਅਥਾਰਿਟੀ ਨੇ ਬੀਤੇ ਮੰਗਲਵਾਰ ਨੂੰ ਸ਼ਹਿਰ ਦੇ ਧੋਬੀਆਣਾ ਬਸਤੀ ਵਿੱਚ ਗ਼ੈਰ-ਕਾਨੂੰਨੀ ਤੌਰ 'ਤੇ ਬਣਾਏ ਗਏ 16 ਘਰ ਢਾਹ ਦਿੱਤੇ ਸਨ। ਪੁੱਡਾ ਵੱਲੋਂ ਇਹ ਕਾਰਵਾਈ ਕਰਨ ਤੋਂ ਬਾਅਦ ਕਈ ਲੋਕ ਬੇਘਰ ਹੋ ਗਏ ਅਤੇ ਉਨ੍ਹਾਂ ਨੇ ਬੀਤੀ ਰਾਤ ਖੁੱਲ੍ਹੇ ਆਸਮਾਨ ਥੱਲ੍ਹੇ ਹੀ ਗੁਜ਼ਾਰੀ। ਸ਼ੁੱਕਰਵਾਰ ਨੂੰ ਬੇਘਰ ਲੋਕਾਂ ਨੇ ਪੁੱਡਾ ਦੇ ਖ਼ਿਲਾਫ਼ ਰੋਸ ਮਾਰਚ ਕਰਦੇ ਹੋਏ ਧਰਨਾ ਸ਼ੁਰੂ ਕਰ ਦਿੱਤਾ।
ਬੇਘਰ ਕੀਤੇ ਗਏ ਲੋਕਾਂ ਦਾ ਕਹਿਣਾ ਹੈ ਕਿ ਪੁੱਡਾ ਨੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੋਟਿਸ ਨਹੀਂ ਦਿੱਤਾ, ਜਿਸ ਕਰਕੇ ਇਕਦਮ ਉਨ੍ਹਾਂ ਦੇ ਸਿਰ ਤੋਂ ਛੱਤ ਤੋੜ ਦਿੱਤੀ , ਬੇਸ਼ੱਕ ਕੁਝ ਰਾਜਨੀਤਿਕ ਦਲਾਂ ਨੇ ਪੁੱਡਾ ਦਾ ਵਿਰੋਧ ਸ਼ੁਰੂ ਕਰ ਦਿੱਤਾ ਪਰ ਲੋਕਾਂ ਦੀ ਮੰਗ ਹੈ ਕਿ ਸਰਕਾਰ ਉਨ੍ਹਾਂ ਨੂੰ ਰਹਿਣ ਲਈ ਘਰ ਦੇਵੇ ਤਾਂ ਕਿ ਉਹ ਆਪਣੇ ਬੱਚਿਆਂ ਦੇ ਨਾਲ ਰਹਿ ਸਕਣ।
ਜ਼ਿਕਰਯੋਗ ਹੈ ਕਿ ਬੇਘਰ ਹੋਏ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤੇ ਉਨ੍ਹਾਂ ਦੇ ਬੱਚੇ ਵੀ ਸਕੂਲ ਨਹੀਂ ਜਾ ਰਹੇ ਹਨ। ਇਸ ਗੱਲ ਤੋਂ ਗੁੱਸੇ ਵਿੱਚ ਆਏ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਨੂੰ ਜਗ੍ਹਾ ਮੁਹੱਈਆ ਕਰਾਵੇ ਤਾਂ ਕਿ ਉਹ ਆਪਣੇ ਘਰ ਬਣਾ ਲੈਣ , ਟੈਂਟ ਲਾ ਕੇ ਉਸ ਦੇ ਥੱਲ੍ਹੇ ਲੋਕਾਂ ਨੇ ਰਾਤ ਗੁਜ਼ਾਰੀ ਤੇ ਖੁੱਲ੍ਹੇ ਅਸਮਾਨ ਥੱਲੇ ਹੀ ਰੋਟੀਆਂ ਬਣਾ ਕੇ ਖਾਈਆਂ।
ਇਹ ਵੀ ਪੜੋ: ਦਿੱਲੀ ਹਿੰਸਾ: ਹਾਈ ਕੋਰਟ 'ਚ 13 ਅਪ੍ਰੈਲ ਨੂੰ ਸੁਣਵਾਈ, ਕੇਂਦਰ ਤੋਂ ਰਿਪੋਰਟ ਤਲਬ
ਮਹਿਲਾਵਾਂ ਦਾ ਰਹਿਣਾ ਬਹੁਤ ਔਖਾ ਹੋਇਆ ਪਿਆ ਹੈ, ਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਬੇਅੰਤ ਨਗਰ ਵਿੱਚ ਪਿਛਲੇ ਕਈ ਸਾਲਾਂ ਤੋਂ ਲੋਕ ਪੁੱਡਾ ਦੀ ਜਗ੍ਹਾ ਉੱਤੇ ਰਹਿ ਰਹੇ ਸਨ ਅਤੇ ਬਕਾਇਦਾ ਸਰਕਾਰ ਵੱਲੋਂ ਬਿਜਲੀ ਦਾ ਕੁਨੈਕਸ਼ਨ ਅਤੇ ਆਧਾਰ ਕਾਰਡ ਵਰਗੀਆਂ ਸੁਵਿਧਾਵਾਂ ਦਿੱਤੀ ਗਈਆਂ ਸਨ। ਬੀਤੇ ਮੰਗਲਵਾਰ ਨੂੰ ਪੁੱਡਾ ਨੇ ਪੁਲਿਸ ਦੀ ਮਦਦ ਦੇ ਨਾਲ ਇੱਕ ਦਮ ਉਨ੍ਹਾਂ ਦੇ ਘਰ ਢਾਹ ਦਿੱਤੇ ਅਤੇ ਉਨ੍ਹਾਂ ਨੂੰ ਬੇਘਰ ਕਰ ਦਿੱਤਾ।