ਬਠਿੰਡਾ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਸਮੁੱਚੀ ਕਾਂਗਰਸ ਪਾਰਟੀ ਕੇਂਦਰ ਸਰਕਾਰ ਖਿਲਾਫ਼ ਗੁੱਸੇ ਵਿਚ ਹੈ। ਬਠਿੰਡਾ ਵਿੱਚ ਕਾਂਗਰਸ ਦੇ 8 ਜ਼ਿਲ੍ਹਿਆਂ ਦੇ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਸੰਵਿਧਾਨ ਬਚਾਉ ਮੁਹਿੰਮ ਦੇ ਬੈਨਰ ਹੇਠ ਹੋਈ। ਇਸ ਦੌਰਾਨ ਸੰਬੋਧਨ ਕਰਨ ਲਈ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ, ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਕੈਪਟਨ ਸੰਦੀਪ ਸਿੰਘ ਸੰਧੂ ਸਮੇਤ ਲੀਡਰਸ਼ਿਪ ਹਾਜ਼ਰ ਹੋਈ।
ਜੇਕਰ ਵਿਰੋਧੀ ਧਿਰਾਂ ਦੀ ਅਵਾਜ਼ ਨੂੰ ਦਬਾਉਣੀ ਹੀ ਹੈ ਫਿਰ ਨਵੀਂ ਲੋਕ ਸਭਾ ਦਾ ਵੀ ਕੋਈ ਫਾਇਦਾ ਨਹੀਂ : ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨਾ ਕਾਂਗਰਸ ਦੀ ਮਜ਼ਬੂਤੀ ਤੋਂ ਬੁਖ਼ਲਾਹਟ ਦਾ ਨਤੀਜਾ ਹੈ, ਜਿਸ ਤੋਂ ਭਾਜਪਾ ਦੇਸ਼ ਵਿੱਚ ਹਾਰ ਮੰਨ ਚੁੱਕੀ ਹੈ, ਪਰ ਕਾਂਗਰਸ ਪਾਰਟੀ ਹਮੇਸ਼ਾ ਹੀ ਦੇਸ਼ ਦੇ ਉੱਜਵਲ ਭਵਿੱਖ ਲਈ ਅਵਾਜ਼ ਉਠਾਉਂਦੀ ਰਹੇਗੀ। ਵੜਿੰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਨਵੀਂ ਲੋਕ ਸਭਾ ਤਾਂ ਹੀ ਸੋਹਣੀ ਲੱਗੇਗੀ ਜੇਕਰ ਉਸ ਵਿਚ ਜਾਣ ਵਾਲੇ ਹਰ ਲੋਕ ਸਭਾ ਮੈਂਬਰ ਨੂੰ ਬੋਲਣ ਦੀ ਇਜ਼ਾਜਤ ਹੋਵੇਗੀ, ਜੇਕਰ ਵਿਰੋਧੀ ਧਿਰਾਂ ਦੀ ਅਵਾਜ਼ ਨੂੰ ਦਬਾਉਣੀ ਹੀ ਹੈ ਫਿਰ ਨਵੀਂ ਲੋਕ ਸਭਾ ਦਾ ਵੀ ਕੋਈ ਫਾਇਦਾ ਨਹੀਂ।
ਲੋਕਾਂ ਨੂੰ ਕੇਂਦਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਕਰਾਵਾਂਗੇ ਜਾਣੂ : ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਰਾਹੁਲ ਗਾਂਧੀ ਲਈ ਹਰ ਸੰਘਰਸ਼ ਲਈ ਤਿਆਰ ਹੈ ਅਤੇ 8 ਅਪ੍ਰੈਲ ਤੱਕ ਹਰ ਹਲਕੇ ਵਿੱਚ ਯਾਤਰਾ ਕਰ ਕੇ ਰੋਸ ਮੀਟਿੰਗਾਂ ਕੀਤੀਆਂ ਜਾਣਗੀਆਂ। ਪੰਜਾਬ ਦੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਪ੍ਰਤੀ ਜਾਣੂ ਕਰਵਾਇਆ ਜਾਵੇਗਾ। ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਜਲੰਧਰ ਲੋਕ ਸਭਾ ਚੋਣਾਂ ਤੋਂ ਬਾਅਦ ਖਾਲੀ ਹਲਕਿਆਂ ਦੇ ਹਲਕਾ ਇੰਚਾਰਜ ਵੀ ਜਲਦੀ ਨਿਯੁਕਤ ਕੀਤੇ ਜਾਣਗੇ ਤਾਂ ਜੋ ਪਾਰਟੀ ਹੋਰ ਮਜ਼ਬੂਤ ਹੋ ਸਕੇ। ਇਸ ਮੌਕੇ ਪੰਜਾਬ ਪ੍ਰਧਾਨ ਨੇ ਖਰਾਬ ਹੋਈਆਂ ਫ਼ਸਲਾਂ ਲਈ ਪੰਜਾਬ ਸਰਕਾਰ ਤੋਂ 30 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ ਅਤੇ ਘਰਾਂ ਲਈ 1 ਲੱਖ 20 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : ਨਵਜੋਤ ਸਿੰਘ ਸਿੱਧੂ ਕੌਣ ਨੇ ? ਜਾਣੋ ਉਹਨਾਂ ਨੇ ਸਿਆਸੀ ਸਫ਼ਰ ਦੀ ਕਿਵੇਂ ਕੀਤੀ ਸੁਰੂਆਤ ?
ਨਵਜੋਤ ਸਿੰਘ ਸਿੱਧੂ ਨੂੰ ਜੀ ਆਇਆਂ ਆਖਦਾ ਹਾਂ : ਨਵਜੋਤ ਸਿੱਧੂ ਦੀ ਰਿਹਾਈ ਹੋਣ 'ਤੇ ਜੀ ਆਇਆਂ ਆਖਦਾ ਹਾਂ। ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਦੇ ਹਰ ਲੀਡਰ ਅਤੇ ਵਰਕਰ ਦਾ ਉਹ ਦਿਲੋਂ ਸਵਾਗਤ ਕਰਦੇ ਹਨ। ਅੰਮ੍ਰਿਤਪਾਲ ਦੇ ਘਟਨਾਕ੍ਰਮ ਉਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਐਪੀਸੋਡ ਦਾ ਰਾਇਟਰ ਕੋਈ ਹੋਰ ਹੈ ਅਤੇ ਡਾਇਰੈਕਟਰ ਕੋਈ ਹੋਰ ਹੈ, ਜਿਸ ਬਾਰੇ ਲੋਕਾਂ ਨੂੰ ਜਲਦ ਹੀ ਪਤਾ ਲੱਗੇਗਾ। ਜਲੰਧਰ ਜ਼ਿਮਨੀ ਚੋਣ ਦੀ ਗੱਲ ਕਰਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ ਬਹੁਤ ਚੋਣ ਮੁੱਦੇ ਹਨ, ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਹਨ੍ਹੇਰੀ ਆਈ ਸੀ, ਉਦੋਂ ਵੀ ਜਲੰਧਰ ਦੇ ਲੋਕਾਂ ਨੇ ਕਾਂਗਰਸ ਨੂੰ 5 ਸੀਟਾਂ ਦਿੱਤੀਆਂ ਸਨ ਤੇ ਇਸ ਜ਼ਿਮਨੀ ਚੋਣ ਵਿੱਚ ਵੀ ਕਾਂਗਰਸ ਨੂੰ ਵੱਡਾ ਬਹੁਮਤ ਮਿਲੇਗਾ।
ਇਹ ਵੀ ਪੜ੍ਹੋ : Navjot Sidhu visit Sidhu Moosewala's house: ਅੱਜ ਸਿੱਧੂ ਮੂਸੇਵਾਲਾ ਦੇ ਘਰ ਜਾਣਗੇ ਨਵਜੋਤ ਸਿੱਧੂ
ਜਾਬ ਵਿਚ ਅਮਨ ਅਤੇ ਕਾਨੂੰਨ ਦੀ ਸਥਿਤੀ ਦਾ ਬੁਰਾ ਹਾਲ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਵਿਚ ਅਮਨ ਅਤੇ ਕਾਨੂੰਨ ਦੀ ਸਥਿਤੀ ਦਾ ਬੁਰਾ ਹਾਲ ਹੈ ਕੇਂਦਰ ਅਤੇ ਸੂਬਾ ਸਰਕਾਰ ਰਲ ਕੇ ਪੰਜਾਬ ਵਿਚ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ ਪਰ ਪੰਜਾਬ ਦੇ ਲੋਕ ਨੇ ਇਸ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ ਭਗਵੰਤ ਮਾਨ ਸਰਕਾਰ ਪੰਜਾਬ ਦੇ ਅਮਨ ਤੇ ਕਾਨੂੰਨ ਨੂੰ ਬਣਾਈ ਰੱਖਣ ਵਿਚ ਪੂਰੀ ਤਰਾਂ ਨਾਕਾਮ ਹੋਈ ਹੈ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਅੰਮ੍ਰਿਤਪਾਲ ਨੂੰ ਫੜਨ ਲਈ ਚਲਾਏਗੇ ਅਪ੍ਰੇਸ਼ਨ ਵਿੱਚ ਅਸਫਲ ਰਹਿਣ ਤੇ ਬੋਲਦਿਆਂ ਕਿਹਾ ਕਿ ਜੇਕਰ ਪੰਜਾਬ ਅਤੇ ਕੇਂਦਰ ਦੀਆ ਫੋਰਸ ਤਾਇਨਾਤ ਕਰਨ ਦੇ ਬਾਵਜੂਦ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨਹੀਂ ਹੁੰਦੀ ਇਸ ਵਿੱਚ ਸੂਬਾ ਸਰਕਾਰ ਦਾ ਬੁਰੀ ਤਰ੍ਹਾਂ ਫੇਲ੍ਹ ਹੈ।