ਬਠਿੰਡਾ: ਪੰਜਾਬ ਵਿੱਚ ਇੱਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਕਰਫਿਊ ਲਗਾਤਾਰ ਜਾਰੀ ਹੈ ਅਤੇ ਹੁਣ ਸਰਕਾਰ ਵਲੋਂ ਫਿਰ ਤੋਂ ਕਰਫਿਊ ਵਧਾ ਦਿੱਤਾ ਗਿਆ ਹੈ। ਇਸ ਦਾ ਸਿੱਧੇ ਤੌਰ 'ਤੇ ਅਸਰ ਪਿੰਡਾਂ ਵਿੱਚ ਰਹਿਣ ਵਾਲੇ ਮਰੀਜ਼ਾਂ ਖ਼ਾਸਕਰ ਜ਼ਰੂਰਤ ਮੰਦ ਮਰੀਜ਼ਾਂ 'ਤੇ ਜ਼ਿਆਦਾ ਪਿਆ ਹੈ। ਮਰੀਜ਼ਾਂ ਦੀ ਮੰਗ ਹੈ ਕਿ ਸਰਕਾਰ ਉਨ੍ਹਾਂ ਨੂੰ ਪਾਸ ਮੁਹੱਈਆ ਕਰਵਾਏ ਤਾਂ ਕਿ ਉਹ ਰੁਟੀਨ ਸਿਹਤ ਜਾਂਚ ਕਰਵਾ ਸਕਣ।
ਬਠਿੰਡਾ ਵਾਸੀ ਮਨਜੀਤ ਕੌਰ ਦਾ ਕਹਿਣਾ ਹੈ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਸ਼ੂਗਰ ਤੋਂ ਪੀੜਤ ਹਨ। ਉਨ੍ਹਾਂ ਨੇ ਦੱਸਿਆ ਕਿ ਜਦੋਂ ਦਾ ਕਰਫਿਊ ਲੱਗਿਆ ਹੈ ਉਸ ਤੋਂ ਬਾਅਦ ਉਹ ਆਪਣਾ ਸ਼ੂਗਰ ਟੈਸਟ ਨਹੀਂ ਕਰਵਾ ਸਕੇ ਕਿਉਂਕਿ ਲਾਗੇ ਦੀਆਂ ਸਾਰੀਆਂ ਲੈਬਸ ਬੰਦ ਹਨ। ਇਸੇ ਤਰ੍ਹਾਂ ਰਾਧਾ ਰਾਣੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਲੁਧਿਆਣਾ ਤੋਂ ਗੋਡਿਆਂ ਦਾ ਅਪ੍ਰੇਸ਼ਨ ਹੋਇਆ ਸੀ ਅਤੇ ਡਾਕਟਰ ਨੇ ਉਨ੍ਹਾਂ ਨੂੰ ਰੁਟੀਨ ਜਾਂਚ ਵਾਸਤੇ ਵੀ ਕਿਹਾ ਸੀ। ਪਰ ਕਈ ਵਾਰ ਕੋਸ਼ਿਸ਼ ਕਰਨ 'ਤੇ ਵੀ ਉਨ੍ਹਾਂ ਨੂੰ ਪਾਸ ਨਹੀਂ ਮਿਲਿਆ ਅਤੇ ਉਹ ਲੁਧਿਆਣਾ ਨਹੀਂ ਜਾ ਸਕੀ ਹੈ।
ਸੂਬੇ ਵਿੱਚ 12 ਹਜ਼ਾਰ ਤੋਂ ਜ਼ਿਆਦਾ ਪਿੰਡ ਹਨ ਅਤੇ ਕਰੀਬ 70 ਫ਼ੀਸਦੀ ਅਬਾਦੀ ਪੇਂਡੂ ਖੇਤਰਾਂ ਵਿੱਚ ਰਹਿ ਰਹੀ ਹੈ। ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਖ਼ਜ਼ਾਨਚੀ ਐਚ ਐਸ ਰਾਣੂ ਦਾ ਕਹਿਣਾ ਹੈ ਕਿ ਸਾਰੇ ਮੈਡੀਕਲ ਪ੍ਰੈਕਟਿਸ਼ਨਰ ਲਾਕ ਦਾ ਇਲਾਜ ਕਰ ਰਹੇ ਹਨ ਪਰ ਕਰਫਿਊ ਲੱਗ ਜਾਣ ਕਾਰਨ ਉਨ੍ਹਾਂ ਦੇ ਸਾਥੀ ਕੰਮ ਨਹੀਂ ਕਰ ਰਹੇ ਹਨ। ਜਿਸ ਦਾ ਸਿੱਧੇ ਤੌਰ 'ਤੇ ਪਿੰਡਾਂ ਵਿੱਚ ਰਹਿ ਰਹੇ ਮਰੀਜ਼ਾਂ ਦੀ ਸਿਹਤ ਉੱਤੇ ਆਸਰ ਪੈ ਰਿਹਾ ਹੈ।
ਰਾਣੂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਐਸੋਸੀਏਸ਼ਨ ਨੇ ਬਕਾਇਦਾ ਸੂਬੇ ਦੇ ਮੁੱਖ ਮੰਤਰੀ ਨੂੰ ਇੱਕ ਖ਼ਤ ਵੀ ਭੇਜ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਸਰਕਾਰ ਉਨ੍ਹਾਂ ਨੂੰ ਇਜਾਜ਼ਤ ਦੇ ਦਿੰਦੀ ਹੈ ਤਾਂ ਪਿੰਡਾਂ ਵਿੱਚ ਰਹਿਣ ਵਾਲੇ ਮਰੀਜ਼ਾਂ ਦੀ ਸਿਹਤ ਦਾ ਖਿਆਲ ਰੱਖ ਸਕਦੇ ਹਨ। ਰਾਣਾ ਨੇ ਦੱਸਿਆ ਕਿ ਉਨ੍ਹਾਂ ਦੇ ਸਾਰੇ ਸਾਥੀ ਵਾਲੰਟਰੀ ਸੇਵਾ ਕਰਨ ਵਾਸਤੇ ਚੌਵੀ ਘੰਟੇ ਹਾਜ਼ਰ ਹਨ ਅਤੇ ਰਹਿਣਗੇ ।
ਸਿਵਲ ਹਸਪਤਾਲ ਦੇ ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਗੁਰਮੇਲ ਨੇ ਦੱਸਿਆ ਕਿ ਪਹਿਲਾਂ ਨਾਲੋਂ ਮਰੀਜ਼ਾਂ ਘਾਟ ਤਾਂ ਜ਼ਰੂਰ ਆਈ ਹੈ ਪਰ ਜੇਕਰ ਕੋਈ ਵਿਅਕਤੀ ਬਿਮਾਰ ਹੁੰਦਾ ਵੀ ਹੈ ਤਾਂ ਨਿਜੀ ਹਸਪਤਾਲ ਦੀ ਬਜਾਏ ਸਿਵਲ ਹਸਪਤਾਲ ਵਿੱਚ ਆਉਂਦਾ ਹੈ।