ਬਠਿੰਡਾ: ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਪੰਜਾਬ ਵਿੱਚ ਐੱਸਵਾਈੱਐਲ ਦਾ ਮੁੱਦਾ (The issue of SYL) ਮੁੜ ਭਖਣ ਕਾਰਨ ਸਿਆਸਤ ਗਰਮਾ ਗਈ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਸੁਪਰੀਮ ਕੋਰਟ ਵਿੱਚ ਸੀਐੱਮ ਭਗਵੰਤ ਮਾਨ ਸਰਕਾਰ ਵੱਲੋਂ ਰੱਖੇ ਗਏ ਪੱਖ ਨੂੰ ਲੈ ਕੇ ਲਗਾਤਾਰ ਵਿਰੋਧੀਆਂ ਵੱਲੋਂ ਸਵਾਲ ਉਠਾਏ ਜਾ ਰਹੇ ਹਨ। ਜਿੱਥੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ 1 ਨਵੰਬਰ ਨੂੰ ਵਿਰੋਧੀ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਨੂੰ ਐੱਸਵਾਈਐੱਲ ਦੇ ਮੁੱਦੇ ਉੱਤੇ ਬਹਿਸ ਲਈ ਸੱਦਾ ਦਿੱਤਾ ਗਿਆ ਉੱਥੇ ਹੀ ਵਿਰੋਧੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸੱਦੇ ਨੂੰ ਕਬੂਲ ਕਰਦੇ ਹੋਏ 1 ਨਵੰਬਰ ਨੂੰ ਇਕੱਲੇ-ਇਕੱਲੇ ਐੱਸਵਾਈਐੱਲ ਦੇ ਘਟਨਾਕ੍ਰਮ ਦੇ ਜਵਾਬ ਦੇਣ ਦੀ ਗੱਲ ਆਖੀ ਜਾ ਰਹੀ ਹੈ।
ਮੁੜ ਗਰਮਾਇਆ ਮੁੱਦਾ: ਭਾਵੇਂ ਵਿਰੋਧੀਆਂ ਵੱਲੋਂ ਉਠਾਏ ਜਾ ਰਹੇ ਸਵਾਲਾਂ ਦੇ ਜਵਾਬ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ (Bhagwant maan Chief Minister Punjab) ਵੱਲੋਂ ਲਗਾਤਾਰ ਟਵੀਟ ਕਰਕੇ ਦਿੱਤੇ ਜਾ ਰਹੇ ਹਨ ਪਰ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਐੱਸਵਾਈਐੱਲ ਦੇ ਮੁੱਦੇ ਉੱਤੇ ਭਗਵੰਤ ਮਾਨ ਦੀ ਕਾਰਗੁਜ਼ਾਰੀ ਨੂੰ ਘੇਰਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹਰ ਗੱਲ ਜਨਤਕ ਕੀਤੀ ਜਾ ਰਹੀ ਹੈ ਜਿਸ ਦਾ ਅਸਰ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਤੇ ਵੇਖਣ ਨੂੰ ਮਿਲ ਸਕਦਾ। ਆਮ ਆਦਮੀ ਪਾਰਟੀ ਜਦੋਂ ਦੀ ਨੈਸ਼ਨਲ ਪਾਰਟੀ ਬਣੀ ਹੈ ਤਾਂ ਉਸ ਵੱਲੋਂ ਹਰ ਇੱਕ ਸਟੇਜ ਉੱਤੇ ਜਾਕੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਉੱਤੇ ਚੋਣਾਂ ਲੜੀਆਂ ਜਾ ਰਹੀਆਂ ਹਨ। ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹਨ, ਇਹਨਾਂ ਚੋਣਾਂ ਦੇ ਮੱਦੇ ਨਜ਼ਰ ਆਮ ਆਦਮੀ ਪਾਰਟੀ ਵੱਲੋਂ ਹਰ ਕਦਮ ਸੋਚ ਸਮਝ ਕੇ ਚੁੱਕਿਆ ਜਾ ਰਿਹਾ ਹੈ ਅਤੇ ਲਗਾਤਾਰ ਵਿਰੋਧੀਆਂ ਵੱਲੋਂ ਉਠਾਏ ਜਾ ਰਹੇ ਸਵਾਲਾਂ ਦੇ ਜਵਾਬ ਦਿੱਤੇ ਜਾ ਰਹੇ ਹਨ।
ਦੋਹਰੀ ਰਾਜਨੀਤੀ: ਐੱਸਵਾਈਐੱਲ ਦਾ ਵਿਵਾਦ 2024 ਲੋਕ ਸਭਾ ਚੋਣਾਂ (2024 Lok Sabha Elections) ਤੋਂ ਪਹਿਲਾਂ ਉੱਠਣ ਕਾਰਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਬਣੀ ਸਰਕਾਰ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਹੈ। ਆਮ ਆਦਮੀ ਪਾਰਟੀ ਦੇ ਹਰਿਆਣਾ ਦੇ ਨੁਮਾਇੰਦਾ ਵੱਲੋਂ ਪੰਜਾਬ ਸਰਕਾਰ ਦੀ ਕੋਠੀ ਵਿੱਚ ਆ ਕੇ ਐੱਸਵਾਈਐੱਲ ਦੇ ਮੁੱਦੇ ਉੱਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ ਕਿਉਂਕਿ ਹਰਿਆਣੇ ਦੇ ਨੁਮਾਇੰਦਿਆਂ ਵੱਲੋਂ ਐੱਸਵਾਈਐੱਲ ਨੂੰ ਪੂਰਾ ਕਰਕੇ ਹਰਿਆਣਾ ਨੂੰ ਪਾਣੀ ਦੇਣ ਦੀ ਗੱਲ ਆਖੀ ਜਾ ਰਹੀ ਹੈ। ਉੱਧਰ ਦੂਜੇ ਪਾਸੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਹਰਿਆਣੇ ਨੂੰ ਇੱਕ ਬੂੰਦ ਪਾਣੀ ਨਾ ਦੇਣ ਦੀ ਗੱਲ ਆਖੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੀ ਇਸ ਦੋਹਰੀ ਰਾਜਨੀਤੀ ਕਾਰਨ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਨੂੰ ਆਪਣਾ ਸਟੈਂਡ ਐੱਸਵਾਈਐੱਲ ਦੇ ਮੁੱਦੇ ਉੱਤੇ ਸਪੱਸ਼ਟ ਕਰਨ ਦੀ ਗੱਲ ਆਖੀ ਜਾ ਰਹੀ ਹੈ ਕਿਉਂਕਿ ਹਰਿਆਣਾ ਵਿਧਾਨ ਸਭਾ ਚੋਣਾਂ (Haryana Vidhan Sabha Elections) ਵਿੱਚ ਵੀ ਥੋੜ੍ਹਾਂ ਸਮਾਂ ਬਾਕੀ ਹੈ ਅਤੇ ਐੱਸਵਾਈਐੱਲ ਦੇ ਮੁੱਦੇ ਨੂੰ ਉਭਾਰ ਕੇ ਹਰਿਆਣਾ ਵਿੱਚ ਆਮ ਆਦਮੀ ਪਾਰਟੀ ਚੋਣਾਂ ਲੜਨੀ ਚਾਹੁੰਦੀ ਹੈ।
ਉੱਧਰ ਦੂਜੇ ਪਾਸੇ ਪੰਜਾਬ ਦੀ ਸੱਤਾ ਉੱਤੇ ਕਾਬਜ਼ ਆਮ ਆਦਮੀ ਪਾਰਟੀ ਨੂੰ ਐੱਸਵਾਈਐੱਲ ਦੇ ਮੁੱਦੇ ਉੱਤੇ ਵਿਰੋਧੀ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ। ਲੋਕ ਸਭਾ ਚੋਣਾਂ 2024 ਵਿੱਚ ਵੀ ਇਹ ਮੁੱਦਾ ਆਮ ਆਦਮੀ ਪਾਰਟੀ ਲਈ ਗਲੇ ਦੀ ਹੱਡੀ ਬਣ ਸਕਦਾ ਹੈ ਕਿਉਂਕਿ ਜੇਕਰ ਐੱਸਵਾਈਐੱਲ ਦੇ ਮੁੱਦੇ ਉੱਤੇ ਆਮ ਆਦਮੀ ਪਾਰਟੀ ਹਰਿਆਣਾ ਦਾ ਪੱਖ ਪੂਰਦੀ ਹੈ, ਤਾਂ ਉਸ ਨੂੰ ਪੰਜਾਬ ਵਿੱਚ ਨੁਕਸਾਨ ਹੋਵੇਗਾ ਜੇਕਰ ਪੰਜਾਬ ਵਿੱਚ ਐੱਸਵਾਈਐੱਲ ਦੇ ਮੁੱਦੇ ਉੱਤੇ ਪੱਖ ਪੂਰਦੀ ਹੈ ਤਾਂ ਇਸ ਦਾ ਹਰਿਆਣਾ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਨੁਕਸਾਨ ਹੋਵੇਗਾ।
ਵਿਰੋਧੀਆਂ ਦੇ ਵਾਰ: ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦਾ ਕਹਿਣਾ ਹੈ ਕਿ ਐੱਸਵਾਈਐੱਲ ਦੇ ਮੁੱਦੇ ਨੂੰ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਉਭਾਰਿਆ ਜਾਣਾ ਕਿਤੇ ਨਾ ਕਿਤੇ ਭਾਜਪਾ ਦੀ ਚਾਲ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਘਿਰਦੀ ਨਜ਼ਰ ਆ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪੰਜਾਬ ਦਾ ਪੱਖ ਪੂਰਦੇ ਹੋਏ ਇਸ ਮੁੱਦੇ ਉੱਤੇ ਆਪਣਾ ਸਟੈਂਡ ਕਲੀਅਰ ਕਰਨਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਐੱਸਵਾਈਐੱਲ ਨੂੰ ਲੈ ਕੇ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣਾ ਸਟੈਂਡ ਕਲੀਅਰ ਕਰ ਦਿੱਤਾ ਗਿਆ ਸੀ ਕਿ ਪੰਜਾਬ ਕੋਲ ਕੋਈ ਵਾਧੂ ਪਾਣੀ ਨਹੀਂ ਹੈ ਅਤੇ ਹਰਿਆਣਾ ਨੂੰ ਇੱਕ ਬੂੰਦ ਵੀ ਪਾਣੀ ਦੀ ਨਹੀਂ ਦਿੱਤੀ ਜਾ ਸਕਦੀ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਵੇਲੇ ਐੱਸਵਾਈਐੱਲ ਨਹਿਰ ਵਿੱਚ ਆਈਆਂ ਜ਼ਮੀਨਾਂ ਕਿਸਾਨਾਂ ਨੂੰ ਵਾਪਸ ਕਰ ਦਿੱਤੀਆਂ ਗਈਆਂ ਸਨ ਤਾਂ ਜੋ ਹਰਿਆਣਾ ਨੂੰ ਨਹਿਰ ਰਾਹੀਂ ਪਾਣੀ ਨਾ ਦਿੱਤਾ ਜਾ ਸਕੇ ਅਤੇ ਕਿਸੇ ਵੀ ਹਾਲਾਤ ਵਿੱਚ ਪੰਜਾਬ ਦਾ ਪਾਣੀ ਹਰਿਆਣਾ ਨੂੰ ਨਹੀਂ ਦਿੱਤਾ ਜਾਵੇਗਾ। ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਅਜਿਹਾ ਕਰਦੀ ਹੈ ਤਾਂ ਉਹ ਇਸ ਖਿਲਾਫ ਸੰਘਰਸ਼ ਕਰਨਗੇ।
- Three members of Babbar Khalsa arrested: ਅੰਮ੍ਰਿਤਸਰ 'ਚ ਬੱਬਰ ਖਾਲਸਾ ਇੰਟਰਨੈਸ਼ਨਲ ਮਡਿਊਲ ਦੇ ਤਿੰਨ ਮੈਂਬਰ ਗ੍ਰਿਫ਼ਤਾਰ, ਮੁਲਜ਼ਮਾਂ ਕੋਲੋਂ ਅਸਲਾ ਵੀ ਬਰਾਮਦ
- Outstanding Compensation Under GST : ਖ਼ਜਾਨਾ ਮੰਤਰੀ ਚੀਮਾ ਦਾ ਦਾਅਵਾ, ਕਿਹਾ- ਸੂਬੇ ਨੂੰ ਪ੍ਰਾਪਤ ਹੋਇਆ ਜੀਐੱਸਟੀ ਤਹਿਤ 3670 ਕਰੋੜ ਰੁਪਏ ਦਾ ਬਕਾਇਆ ਮੁਆਵਜ਼ਾ
- BIG ROAD ACCIDENT: ਬਰਨਾਲਾ ਦੇ ਤਪਾ ਮੰਡੀ ਨੇੜੇ ਭਿਆਨਕ ਸੜਕ ਹਾਦਸੇ 'ਚ ਦੋ ਵਿਅਕਤੀਆਂ ਦੀ ਮੌਤ
ਪੰਜਾਬ ਭਾਜਪਾ ਦਾ ਤਰਕ: ਭਾਜਪਾ ਦੇ ਜ਼ਿਲ੍ਹਾ ਸਕੱਤਰ ਆਸ਼ੂ ਤਿਵਾੜੀ ਦਾ ਕਹਿਣਾ ਹੈ ਕਿ ਐੱਸਵਾਈਐੱਲ ਦੇ ਮੁੱਦੇ 'ਤੇ ਪੰਜਾਬ ਭਾਜਪਾ (Punjab BJP) ਦਾ ਇੱਕੋ ਸਟੈਂਡ ਹੈ ਕਿ ਪੰਜਾਬ ਦਾ ਪਾਣੀ ਹਰਿਆਣੇ ਨੂੰ ਨਹੀਂ ਦਿੱਤਾ ਜਾਵੇਗਾ ਕਿਉਂਕਿ ਪੰਜਾਬ ਕੋਲੇ ਕੋਈ ਵਾਧੂ ਪਾਣੀ ਨਹੀਂ ਹੈ। ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਕਿਸਾਨਾਂ ਨੂੰ ਪਾਣੀ ਦੀ ਵੱਡੀ ਲੋੜ ਪੈਂਦੀ ਹੈ। ਉਹਨਾਂ ਕਿਹਾ ਕਿ ਸੀਐੱਮ ਭਗਵੰਤ ਮਾਨ ਇਸ ਮੁੱਦੇ ਉੱਤੇ ਆਪਣਾ ਸਟੈਂਡ ਸਪੱਸ਼ਟ ਕਰੇ ਅਤੇ ਜੇਕਰ ਅਜਿਹਾ ਨਹੀਂ ਕਰਦੇ ਤਾਂ ਆਮ ਆਦਮੀ ਪਾਰਟੀ ਲਈ ਐੱਸਵਾਈਐੱਲ ਦਾ ਮੁੱਦਾ ਗਲੇ ਦੀ ਹੱਡੀ ਬਣ ਜਾਵੇਗਾ।