ਬਠਿੰਡਾ: ਪੰਜਾਬ ਸਰਕਾਰ ਵਿੱਚ ਦੋ ਵਾਰ ਵਿੱਤ ਮੰਤਰੀ ਬਣੇ ਮਨਪ੍ਰੀਤ ਬਾਦਲ ਦਾ ਪਿਛੋਕੜ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਬਾਦਲ ਨਾਲ ਸਬੰਧਿਤ ਹੈ। ਉਨ੍ਹਾਂ ਦਾ ਜਨਮ 26 ਜੁਲਾਈ 1962 ਨੂੰ ਸਰਦਾਰ ਗੁਰਦਾਸ ਸਿੰਘ ਬਾਦਲ ਜੋ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਹਨ ਦੇ ਘਰ ਹੋਇਆ। ਉਨ੍ਹਾਂ ਦੀ ਮੁੱਢਲੀ ਸਿੱਖਿਆ ਦੂਨ ਸਕੂਲ ਦੇਹਰਾਦੂਨ , ਸੇਂਟ ਸਟੀਫਨਜ਼ ਕਾਲਜ ਦਿੱਲੀ ਤੋਂ ਗ੍ਰੈਜੂਏਸ਼ਨ ਅਤੇ ਵਕਾਲਤ ਦੀ ਪੜ੍ਹਾਈ ਉਨ੍ਹਾਂ ਵੱਲੋਂ ਯੂਨੀਵਰਸਿਟੀ ਆਫ ਲੰਡਨ ਤੋਂ ਕੀਤੀ ਗਈ ਮਨਪ੍ਰੀਤ ਬਾਦਲ (Manpreet Badal) ਦਾ ਵਿਆਹ ਵੀਨੂੰ ਬਾਦਲ ਨਾਲ ਹੋਇਆ ਅਤੇ ਉਨ੍ਹਾਂ ਦੇ ਦੋ ਬੱਚੇ ਅਰਜੁਨ ਬਾਦਲ ਅਤੇ ਰੀਆ ਹਨ।
ਸਿਆਸੀ ਜੀਵਨ ਦੀ ਸ਼ੁਰੂਆਤ
ਉਨ੍ਹਾਂ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਕੀਤੀ, ਜਿਸ ਦੇ ਸਰਪ੍ਰਸਤ ਉਨ੍ਹਾਂ ਦੇ ਤਾਇਆ ਜੀ ਪ੍ਰਕਾਸ਼ ਸਿੰਘ ਬਾਦਲ ਹਨ। ਮਨਪ੍ਰੀਤ ਬਾਦਲ (Manpreet Badal) ਨੇ ਪਹਿਲੀ ਵਾਰ 1995 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਗਿੱਦੜਬਾਹਾ (ਸ੍ਰੀ ਮੁਕਤਸਰ ਸਾਹਿਬ) ਤੋਂ ਪੰਜਾਬ ਵਿਧਾਨ ਸਭਾ ਦੀ ਚੋਣ ਲੜ ਕੇ ਜਿੱਤ ਪ੍ਰਾਪਤ ਕੀਤੀ। ਉਹ ਸਾਲ 1997, 2002 ਅਤੇ 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲਗਾਤਾਰ ਜਿੱਤ ਪ੍ਰਾਪਤ ਕਰਦੇ ਰਹੇ । 2007 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਵਿੱਚ ਸਰਕਾਰ ਬਣਨ ‘ਤੇ ਉਨ੍ਹਾਂ ਨੂੰ ਵਿੱਤ ਮੰਤਰੀ ਬਣਾਇਆ ਗਿਆ ਪਰ 2010 ਵਿੱਚ ਆਪਸੀ ਮੱਤਭੇਦ ਦੇ ਚੱਲਦਿਆਂ ਉਨ੍ਹਾਂ ਨੂੰ ਵਜ਼ਾਰਤ ਤੋਂ ਖਾਰਿਜ ਕਰ ਦਿੱਤਾ ਗਿਆ।
ਮਨਪ੍ਰੀਤ ਸਿੰਘ ਬਾਦਲ ਦੇ ਸਿਆਸੀ ਜੀਵਨ ਦਾ ਟਰਨਿੰਗ ਪੁਆਇੰਟ
- ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਮਨਪ੍ਰੀਤ ਸਿੰਘ ਬਾਦਲ ਨੇ 2011 ‘ਚ ਪੀਪਲਜ਼ ਆਫ ਪੰਜਾਬ ਨਾਮ ਦੀ ਆਪਣੀ ਪਾਰਟੀ ਬਣਾਈ। ਜਿਸ ਤੋਂ ਬਾਅਦ ਉਨ੍ਹਾਂ ਸਿਆਸਤ 'ਚ ਮੁੜ ਆਪਣੀ ਸਰਗਰਮੀ ਵਧਾਈ।
- ਸਾਲ 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸੀ.ਪੀ.ਆਈ, ਸੀ.ਪੀ.ਐੱਮ ਅਤੇ ਸ਼੍ਰੋਮਣੀ ਅਕਾਲੀ ਦਲ(ਲੌਂਗੋਵਾਲ) ਨਾਲ ਗੱਠਜੋੜ ਕਰਕੇ ਲੜੀਆਂ। ਉਨ੍ਹਾਂ ਮੁਕਤਸਰ ਦੇ ਹਲਕਾ ਗਿੱਦੜਬਾਹਾ ਤੇ ਬਠਿੰਡਾ ਦੇ ਵਿਧਾਨ ਸਭਾ ਹਲਕਾ ਮੌੜ ਤੋਂ ਚੋਣ ਲੜੀ ਪਰ ਜਿੱਤ ਹਾਸਲ ਨਾ ਕਰ ਸਕੇ।
- ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਵੱਲੋਂ ਸਾਲ 2014 ‘ਚ ਲੋਕ ਸਭਾ ਚੋਣ ਹਰਸਿਮਰਤ ਬਾਦਲ ਖਿਲਾਫ਼ ਲੜੀ ਪਰ ਜਿੱਤ ਨਹੀਂ ਸਕੇ। ਉਨ੍ਹਾਂ 15 ਜਨਵਰੀ 2016 ਨੂੰ ਆਪਣੀ ਬਣਾਈ ਪਾਰਟੀ ਪੀਪਲਜ਼ ਪਾਰਟੀ ਆਫ ਪੰਜਾਬ ਨੂੰ ਕਾਂਗਰਸ ਵਿੱਚ ਮਿਲਾ ਲਿਆ।
- ਇਸ ਤੋਂ ਬਾਅਦ ਸਾਲ 2017 ‘ਚ ਮਨਪ੍ਰੀਤ ਬਾਦਲ ਨੇ ਬਠਿੰਡਾ ਦੇ ਸ਼ਹਿਰੀ ਹਲਕੇ ਤੋਂ ਕਾਂਗਰਸ ਵੱਲੋਂ ਵਿਧਾਨ ਸਭਾ ਚੋਣ ਲੜੀ, ਜਿਸ 'ਚ ਉਨ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਚੋਣ ਜਿੱਤੀ ਅਤੇ ਸਰਕਾਰ 'ਚ ਵਿੱਤ ਮੰਤਰੀ ਬਣੇ।
ਬਠਿੰਡਾ ਸ਼ਹਿਰੀ ਹਲਕੇ ਦੇ ਵੋਟਰਾਂ ਦੀ ਗਿਣਤੀ
ਭਾਰਤੀ ਚੋਣ ਕਮਿਸ਼ਨ ਅਨੁਸਾਰ 2017 ਦੇ ਵਿੱਚ ਬਠਿੰਡਾ ਸ਼ਹਿਰੀ ਹਲਕੇ ਦੇ ਕੁੱਲ ਵੋਟਰਾਂ ਦੀ ਗਿਣਤੀ 1,83,804 ਸੀ। ਇਨ੍ਹਾਂ ਵਿੱਚ ਪੁਰਸ਼ ਵੋਟਰ 97,270 ਅਤੇ ਮਹਿਲਾ ਵੋਟਰ 86,534 ਸ਼ਾਮਲ ਹਨ। ਜਿਥੇ ਮਨਪ੍ਰੀਤ ਬਾਦਲ ਨੇ 63942 ਵੋਟਾਂ ਲੈਕੇ ਜਿੱਤ ਹਾਸਲ ਕੀਤੀ। ਇਸ 'ਚ ਉਨ੍ਹਾਂ 'ਆਪ' ਦੇ ਉਮੀਦਵਾਰ ਦੀਪਕ ਬਾਂਸਲ ਨੂੰ 18480 ਵੋਟਾਂ ਨਾਲ ਮਾਤ ਦਿੱਤੀ।
ਮਨਪ੍ਰੀਤ ਬਾਦਲ ਕਿਨ੍ਹਾਂ ਮੁੱਦਿਆਂ ‘ਤੇ ਕਰਦੇ ਹਨ ਸਿਆਸਤ
ਸੀਨੀਅਰ ਪੱਤਰਕਾਰ ਅਤੇ ਸਾਬਕਾ ਸੂਚਨਾ ਕਮਿਸ਼ਨਰ ਚੰਦਰ ਪ੍ਰਕਾਸ਼ ਜੀ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਢਿੱਲੋਂ ਦਾ ਤਾਂ ਪਤਾ ਨਹੀਂ ਕਿੰਨ੍ਹਾਂ ਮੁੱਦਿਆਂ ‘ਤੇ ਸਿਆਸਤ ਕਰਦੇ ਹਨ ਪਰ ਉਨ੍ਹਾਂ ਵੱਲੋਂ ਸਿਆਸਤ ਵਿੱਚ ਆਉਣ ਸਮੇਂ ਵੱਡੇ-ਵੱਡੇ ਮੁੱਦੇ ਉਠਾਏ ਗਏ ਸਨ ਪਰ ਇਨ੍ਹਾਂ ਮੁੱਦਿਆਂ ‘ਤੇ ਅੱਜ ਤੱਕ ਅਮਲ ਨਹੀਂ ਹੋਇਆ।
ਸੀਨੀਅਰ ਪੱਤਰਕਾਰ ਬਲਜਿੰਦਰ ਸਿੰਘ ਕੋਟਭਾਰਾ ਦਾ ਕਹਿਣਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਈ ਅਹਿਮ ਮੁੱਦਿਆਂ ‘ਤੇ ਚੋਣ ਲੜੀ ਸੀ ਪਰ ਉਹ ਮੁੱਦੇ ਜਿਉਂ ਦੇ ਤਿਉਂ ਪਏ ਹਨ।
ਸਿਆਸੀ ਮਾਹਿਰ ਬਲਵਿੰਦਰ ਸਿੰਘ ਉਰਫ ਰਾਜਾ ਦਾ ਕਹਿਣਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਵੱਲੋਂ ਜੋ ਮੁੱਦਿਆਂ ਨੂੰ ਲੈ ਕੇ ਬਠਿੰਡਾ ਵਿੱਚ ਸਿਆਸਤ ਸ਼ੁਰੂ ਕੀਤੀ ਗਈ ਸੀ ਉਨ੍ਹਾਂ ਮੁੱਦਿਆਂ ਵਿੱਚੋਂ ਇੱਕ ਵੀ ਹੱਲ ਨਹੀਂ ਹੋਇਆ ਜਿਸ ਕਾਰਨ ਸ਼ਹਿਰ ਦੇ ਲੋਕ ਮਨਪ੍ਰੀਤ ਸਿੰਘ ਬਾਦਲ ਦੀ ਸਿਆਸਤ ਤੋਂ ਬਹੁਤੇ ਖੁਸ਼ ਨਜ਼ਰ ਨਹੀਂ ਆ ਰਹੇ।
ਇਹ ਵੀ ਪੜ੍ਹੋ:Assembly Elections 2022: ਹੁਣ ਇਸ ਰਣਨੀਤੀ ’ਤੇ ਚੱਲੇਗਾ ਸ਼੍ਰੋਮਣੀ ਅਕਾਲੀ ਦਲ...