ਬਠਿੰਡਾ: ਕਰੀਬ ਇੱਕ ਸਾਲ ਪਹਿਲਾਂ ਬਠਿੰਡਾ ਜਿਲ੍ਹੇ 'ਚ ਪੈਂਦੇ ਸ਼ਹਿਰ ਭਗਤਾ ਭਾਈ ਦੇ ਮੁੱਖ ਬਾਜ਼ਾਰ 'ਚ ਦਿਨ ਦਿਹਾੜੇ ਕਤਲ ਕੀਤੇ ਗਏ ਡੇਰਾ ਸੱਚਾ ਸੌਦਾ ਸਰਸਾ (Dera Sacha Sauda Sarsa) ਦੇ ਪ੍ਰੇਮੀ ਮਨੋਹਰ ਲਾਲ (53) ਦੇ ਕਤਲ ਮਾਮਲੇ ਦੀ ਜਾਂਚ ਹੁਣ ਨੈਸ਼ਨਲ ਜਾਂਚ ਏਜੰਸੀ (National Investigation Agency) ਵੱਲੋਂ ਆਰੰਭ ਕਰ ਦਿੱਤੀ ਹੈ।
ਦੋ ਮੂੰਹ ਢਕੇ ਨੌਜਵਾਨਾਂ ਨੇ ਮਨੋਹਰ ਲਾਲ 'ਤੇ ਫਾਇਰਿੰਗ ਕਰਕੇ ਕਰ ਦਿੱਤਾ ਸੀ ਕਤਲ
ਗੌਰਤਲਬ ਹੈ ਕਿ ਡੇਰਾ ਪ੍ਰੇਮੀ ਮਨੋਹਰ ਲਾਲ (Dera lover Manohar Lal) ਦੀ ਸ਼ਹਿਰ ਦੀ ਮੁੱਖ ਸੜਕ 'ਤੇ ਬੱਸ ਅੱਡੇ ਕੋਲ ਜਤਿੰਦਰਾ ਟੈਲੀਕਾਮ (Jatindra Telecom) ਨਾਂ ਦੀ ਮੋਬਾਇਲਾਂ ਦੀ ਦੁਕਾਨ ਸੀ। ਜਿੱਥੇ ਵੈਸਟਰਨ ਯੂਨੀਅਨ ਮਨੀ ਟਰਾਂਸਫਰ (Western Union Money Transfer) ਦਾ ਵੀ ਕੰਮ ਕੀਤਾ ਜਾਂਦਾ ਸੀ। ਇੱਕ ਸਾਲ ਪਹਿਲਾਂ ਮਨੋਹਰ ਲਾਲ ਨੂੰ ਬਾਅਦ ਦੁਪਹਿਰ ਕਰੀਬ ਸਾਢੇ ਚਾਰ ਕੁ ਵਜੇ ਉਹਨਾਂ ਦੀ ਦੁਕਾਨ 'ਤੇ ਕਾਲੇ ਰੰਗ ਦੇ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਆਏ ਦੋ ਮੂੰਹ ਢਕੇ ਨੌਜਵਾਨਾਂ ਨੇ ਮਨੋਹਰ ਲਾਲ 'ਤੇ ਫਾਇਰਿੰਗ ਕਰਕੇ ਕਤਲ ਕਰ ਦਿੱਤਾ ਸੀ ਅਤੇ ਕਾਤਿਲ ਮੌਕੇ ਤੋਂ ਫਰਾਰ ਹੋ ਗਏ ਸਨ।
ਗੈਂਗਸਟਰ ਸੁੱਖਾ ਨੇ ਕਤਲ ਦੀ ਲਈ ਸੀ ਜ਼ਿੰਮੇਵਾਰੀ
ਉੱਥੇ ਹੀ ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਸੁੱਖਾ (Responsibility Gangster Sukha) ਲੰਮੇ ਗਰੁੱਪ ਨੇ ਸੋਸ਼ਲ ਮੀਡੀਆ ਉੱਪਰ ਪੋਸਟ ਪਾ ਕੇ ਲਈ ਸੀ। ਕਤਲ ਦਾ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ (Sri Guru Granth Sahib) ਦੀ ਬੇਅਦਬੀ ਦੱਸਿਆ ਗਿਆ ਸੀ। ਇਸ ਕਤਲ ਕਾਂਡ ਨੂੰ ਲੈ ਕੇ ਲੰਮਾਂ ਸਮਾਂ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ ਅਤੇ ਕਾਤਲਾਂ ਦੀ ਗ੍ਰਿਫਤਾਰੀ ਲਈ ਡੇਰਾ ਪ੍ਰੇਮੀਆਂ ਨੇ ਕਈ ਦਿਨ ਲਾਸ਼ ਸੜਕ 'ਤੇ ਰੱਖ ਕੇ ਧਰਨਾ ਵੀ ਲਾਈ ਰੱਖਿਆ ਸੀ। ਜੋ ਬਾਅਦ 'ਚ ਪੁਲਿਸ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਚੁੱਕਿਆ ਗਿਆ ਸੀ।
ਜਾਂਚ ਟੀਮ ਨੇ ਨਾਲ ਲਿਆਂਦੇ ਦੋਸ਼ੀਆਂ ਤੋਂ ਦੁਰਹਾਇਆ ਜੁਰਮ ਦਾ ਸੀਨ
ਅੱਜ ਤਕਰੀਬਨ ਸਾਢੇ ਕੁ 11 ਵਜੇ ਐਨਆਈਏ ਦੀ ਟੀਮ (The NIA team) ਭਾਰੀ ਪੁਲਿਸ ਫੋਰਸ (Police force) ਸਮੇਤ ਭਗਤਾ ਭਾਈਕਾ ਘਟਨਾ ਵਾਲੀ ਜਗ੍ਹਾ 'ਤੇ ਪੁੱਜੀ ਅਤੇ ਕਰੀਬ ਸ਼ਾਮ ਛੇ ਵਜੇ ਤੱਕ ਮੈਰਾਥਾਨ ਜਾਂਚ ਕੀਤੀ। ਓਥੇ ਹੀ ਜਾਂਚ ਟੀਮ ਨੇ ਨਾਲ ਲਿਆਂਦੇ ਦੋਸ਼ੀਆਂ ਤੋਂ ਜੁਰਮ ਦਾ ਸੀਨ ਦੁਰਹਾਇਆ, ਜਿਸ ਦੀ ਬਕਾਇਦਾ ਵੀਡੀਓਗਰਾਫੀ ਵੀ ਟੀਮ ਵੱਲੋਂ ਕੀਤੀ ਗਈ ਹੈ।
ਕੈਮਰਿਆਂ ਦੀ ਫੁਟੇਜ਼ ਨੂੰ ਵੀ ਪੂਰੀ ਡੂੰਘਾਈ ਨਾਲ ਖੰਘਾਲਿਆ
ਜਾਂਚ ਟੀਮ ਨੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਵੀ ਕੀਤੀ ਅਤੇ ਵਾਰਦਾਤ ਵਾਲੀ ਥਾਂ ਦਾ ਨਵੇਂ ਸਿਰੇ ਤੋਂ ਬਾਰੀਕੀ ਨਾਲ ਜਾਇਜਾ ਲਿਆ। ਜਾਂਚ ਟੀਮ ਨੇ ਦੁਕਾਨ ਦੇ ਅੰਦਰ ਲੱਗੇ ਕੈਮਰਿਆਂ ਦੀ ਫੁਟੇਜ਼ ਨੂੰ ਵੀ ਪੂਰੀ ਡੂੰਘਾਈ ਨਾਲ ਖੰਘਾਲਿਆ ਹੈ। ਹਾਲਾਂਕਿ ਐਨ ਆਈ ਏ ਅਧਿਕਾਰੀਆਂ ਨੇ ਇਸ ਮੁੱਦੇ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਪਰ ਸੂਤਰ ਦੱਸਦੇ ਹਨ ਕਿ ਜਾਂਚ ਅਧਿਕਾਰੀ (Investigating officer) ਇਸ ਕਤਲ ਮਾਮਲੇ 'ਚ ਵਿਦੇਸ਼ੀ ਤਾਕਤਾਂ ਦੀ ਭੂਮਿਕਾ ਦੇ ਐਂਗਲ ਤੋਂ ਤਫਤੀਸ਼ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਮੋਗਾ ਪੁਲਿਸ ਨੇ ਲੰਘੀ 22 ਮਈ ਨੂੰ ਲਵਪ੍ਰੀਤ ਸਿੰਘ ਉਰਫ਼ ਰਵੀ ਅਤੇ ਰਾਮ ਸਿੰਘ ਉਰਫ਼ ਸੋਨੂੰ ਨੂੰ ਮੋਗਾ ਤੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਬਾਅਦ ਵਿਚ ਕੇ.ਟੀ.ਐਫ. (.Tf.) ਦੇ ਇੰਨ੍ਹਾਂ ਦੋ ਕਾਰਕੁਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਪੁਲਿਸ (Punjab Police) ਨੇ ਉਨ੍ਹਾਂ ਦੇ ਤੀਜੇ ਸਾਥੀ ਕਮਲਜੀਤ ਸ਼ਰਮਾ ਉਰਫ਼ ਕਮਲ ਨੂੰ ਲੰਘੀ 1 ਜੂਨ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕਰ ਲਿਆ ਸੀ।
ਸੁੱਖਾ ਮੋਗਾ ਦੇ ਸੁਪਰਸ਼ਾਈਨ ਕਤਲ ਕੇਸ ਵਿੱਚ ਸ਼ਾਮਿਲ ਮੁੱਖ ਸ਼ਾਰਪ ਸ਼ੂਟਰਾਂ 'ਚੋਂ ਇੱਕ
ਪੁਲਿਸ ਅਨੁਸਾਰ ਕਮਲ ਡੇਰਾ ਪ੍ਰੇਮੀ ਦੇ ਕਤਲ, ਕੇ.ਟੀ.ਐਫ. ਮੁਖੀ ਹਰਦੀਪ ਨਿੱਝਰ ਦੇ ਪਿੰਡ ਵਿੱਚ ਪੁਜਾਰੀ 'ਤੇ ਗੋਲੀਬਾਰੀ, ਸੁੱਖਾ ਲੰਮੇ ਕਤਲ ਕੇਸ ਅਤੇ ਮੋਗਾ ਦੇ ਸੁਪਰਸ਼ਾਈਨ ਕਤਲ ਕੇਸ ਵਿੱਚ ਸ਼ਾਮਿਲ ਮੁੱਖ ਸ਼ਾਰਪ ਸ਼ੂਟਰਾਂ 'ਚੋਂ ਇੱਕ ਹੈ। ਪੁਲਿਸ ਅਨੁਸਾਰ ਇਹ ਤਿੰਨੋਂ ਮੁਲਜ਼ਮ ਕੇ.ਟੀ.ਐਫ. ਦੇ ਕੈਨੇਡਾ ਅਧਾਰਤ ਮੁਖੀ ਹਰਦੀਪ ਸਿੰਘ ਨਿੱਝਰ, ਜਿਸ ਨੂੰ ਸਰਕਾਰ ਦੁਆਰਾ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ (U.A.P.A.) ਤਹਿਤ ਅੱਤਵਾਦੀ ਐਲਾਨਿਆ ਹੋਇਆ ਹੈ, ਜਿਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ।
ਮੁਲਜਮਾਂ ਦੇ ਵਿਦੇਸ਼ਾਂ 'ਚ ਹੋ ਸਕਦੇ ਹਨ ਸੰਬੰਧ
ਪੁਲਿਸ ਮੁਤਾਬਿਕ ਮੁਲਜਿਮ ਕਮਲ ਨੂੰ ਇਹਨਾਂ ਵਰਦਾਤਾਂ ਨੂੰ ਅੰਜ਼ਾਮ ਦੇਣ ਲਈ ਹਵਾਲਾ ਅਤੇ ਵੈਸਟਰਨ ਯੂਨੀਅਨ (Western Union) ਰਾਹੀਂ ਆਪਣੇ ਕੈਨੇਡਾ ਅਧਾਰਤ ਸਾਥੀਆਂ ਵੱਲੋਂ ਮੋਟਾ ਪੈਸਾ ਭੇਜਿਆ ਜਾਂਦਾ ਰਿਹਾ ਸੀ। ਮੰਨਿਆ ਜਾ ਰਿਹਾ ਹੈ ਕਿ ਮਨੋਹਰ ਲਾਲ ਦੇ ਕਤਲ 'ਚ ਸ਼ਾਮਲ ਮੁਲਜਮਾਂ ਦੇ ਵਿਦੇਸ਼ਾਂ 'ਚ ਸੰਬੰਧ ਹੋਣ ਕਾਰਨ ਹੀ ਪੜਤਾਲ ਐਨ.ਆਈ. ਏ (N.I. A.) ਨੂੰ ਦਿੱਤੀ ਗਈ ਹੈ।
ਐਨਆਈਏ ਦੀ ਕਮਾਨ ਕੇਂਦਰ ਦੇ ਹੱਥ 'ਚ ਹੈ ਜਿੱਥੇ ਬੀਜੇਪੀ ਸੱਤਾ 'ਚ ਹੈ। ਹਰਿਆਣਾ 'ਚ ਭਾਜਪਾ ਸਰਕਾਰ (BJP government) ਹੋਣ ਦੇ ਬਾਵਜੂਦ ਡੇਰਾ ਸਰਸਾ ਮੁਖੀ ਨੂੰ ਸਖ਼ਤ ਸਜ਼ਾਵਾਂ ਸੁਣਾਏ ਜਾਣ ਕਾਰਨ ਡੇਰਾ ਪ੍ਰੇਮੀ ਭਾਜਪਾ ਨਾਲ ਅੰਦਰੋ ਅੰਦਰੀ ਬਹੁਤ ਨਰਾਜ਼ ਚਲੇ ਆ ਰਹੇ ਹਨ।
ਉੱਥੇ ਹੀ ਜਾਂਚ ਟੀਮ ਦੀ ਪੁਸ਼ਟੀ ਐਸਐਸਪੀ ਬਠਿੰਡਾ ਸ੍ਰੀ ਅਜੇ ਮਲੂਜਾ (SSP Bathinda Mr. Ajay Maluja) ਵੱਲੋਂ ਕਰਦਿਆਂ ਉਹਨਾਂ ਦਾ ਕਹਿਣਾ ਸੀ ਕਿ ਅੱਜ ਭਗਤਾ ਭਾਈ 'ਚ ਐਨ ਆਈ ਏ ਦੀ ਟੀਮ ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਮਾਮਲੇ ਦੀ ਜਾਂਚ ਲਈ ਆਈ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ (Punjab Police) ਨੇ ਪੂਰੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਸਨ ਪਰ ਅੱਜ ਦੀ ਫੇਰੀ ਬਾਰੇ ਜਾਣਕਾਰੀ ਤਾਂ ਐਨ ਆਈ ਏ ਦੀ ਟੀਮ ਹੀ ਦੇ ਸਕਦੀ ਹੈ।
ਇਹ ਵੀ ਪੜ੍ਹੋ: ਬੇਅਦਬੀ ਕੇਸ ਵਿੱਚ ਹੁਣ ਵਿਪਾਸਨਾ ਤੋਂ ਪੁੱਛਗਿੱਛ ਕਰੇਗੀ ਸਿੱਟ