ਬਠਿੰਡਾ: ਪੰਜਾਬ ਸਰਕਾਰ ਵੱਲੋਂ ਇੱਕ ਅਪ੍ਰੈਲ ਤੋਂ ਮੰਡੀਆਂ ਵਿੱਚ ਫ਼ਸਲਾਂ ਦੀ ਖਰੀਦ ਕਰਨ ਦਾ ਦਾਅਵਾ ਕੀਤਾ ਗਿਆ ਸੀ ਅਤੇ ਇਸ ਸਬੰਧੀ ਮਾਰਕੀਟ ਕਮੇਟੀ ਨੂੰ ਵੀ ਮੰਡੀਆਂ ਵਿਚ ਖਰੀਦ ਪ੍ਰਬੰਧ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ ਸਨ ਪਰ ਮਾਰਚ ਦੇ ਆਖਰੀ ਹਫ਼ਤੇ ਵਿੱਚ ਹੋਈ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਦਾ ਸ਼ਿਕਾਰ ਹੋਈਆਂ ਫ਼ਸਲਾਂ ਦਾ ਬੁਰਾ ਹਾਲ ਹੋ ਗਿਆ ਹੈ। ਇਸ ਵਾਰ ਕਣਕ ਦੀ ਫਸਲ ਦੀ ਆਮਦ ਮੰਡੀਆਂ ਵਿੱਚ ਲੇਟ ਹੋਣ ਦੀ ਸੰਭਾਵਨਾ ਪੈਦਾ ਹੋ ਗਈ ਹੈ। ਉੱਥੇ ਹੀ ਮੰਡੀਆਂ ਵਿੱਚ ਸਰ੍ਹੋਂ ਦੀ ਫਸਲ ਦੀ ਆਮਦ ਹੋਣੀ ਸ਼ੁਰੂ ਹੋ ਗਈ ਹੈ ਪਰ ਸਰ੍ਹੋਂ ਦੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ ਕਿਉਂਕਿ ਸਰ੍ਹੋਂ ਦੀ ਫਸਲ ਉੱਪਰ ਐਮ ਐਸ ਪੀ ਦਾ ਹੋਣ ਕਾਰਨ ਪਿਛਲੇ ਸਾਲ ਨਾਲੋਂ ਦੋ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਘੱਟ ਰੇਟ ਤੇ ਸਰ੍ਹੋਂ ਦੀ ਫਸਲ ਖਰੀਦੀ ਜਾ ਰਹੀ ਹੈ।
ਕਿਸਾਨਾਂ ਨੂੰ ਹਰ ਪਾਸੇ ਤੋਂ ਮਾਰ: ਬਠਿੰਡਾ ਜ਼ਿਲ੍ਹੇ ਦੇ ਪਿੰਡ ਗੁਲਾਬ ਗੜ ਦੇ ਰਹਿਣ ਵਾਲੇ ਰੂਪ ਸਿੰਘ ਜੋ ਕੇ ਸਰ੍ਹੋਂ ਦੀ ਫਸਲ ਲਹਿ ਕੇ ਬਠਿੰਡਾ ਦੀ ਮੰਡੀ ਵਿੱਚ ਪਹੁੰਚੇ ਸਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਵਾਰ ਭਾਵੇਂ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਕਣਕ ਅਤੇ ਸਰ੍ਹੋਂ ਦੀ ਫਸਲ ਦਾ ਨੁਕਸਾਨ ਹੋਇਆ ਹੈ ਪਰ ਸਰ੍ਹੋਂ ਦੀ ਫਸਲ ਦਾ ਕਣਕ ਦੀ ਫਸਲ ਨਾਲੋਂ ਘੱਟ ਨੁਕਸਾਨ ਹੋਇਆ ਹੈ ਪਰ ਪਿਛਲੇ ਸਾਲ ਨਾਲੋਂ ਸਰ੍ਹੋਂ ਦੀ ਫਸਲ ਉੱਪਰ ਐਮਐਸਪੀ ਨਾ ਹੋਣ ਕਾਰਨ 200 ਰੁਪਏ ਪ੍ਰਤੀ ਕੁਇੰਟਲ ਦੀ ਫਸਲ ਉੱਪਰ ਘੱਟ ਮੁੱਲ ਮਿਲ ਰਿਹਾ ਹੈ। ਇਸ ਦਾ ਕਾਰਨ ਹੈ ਕਿ ਸਰਕਾਰ ਵੱਲੋਂ ਸਰ੍ਹੋਂ ਦੀ ਫਸਲ ਦੀ ਸਰਕਾਰੀ ਖਰੀਦ ਨਹੀਂ ਕੀਤੀ ਜਾਂਦੀ ਪ੍ਰਾਈਵੇਟ ਵਪਾਰੀਆਂ ਵੱਲੋਂ ਹੀ ਸਰ੍ਹੋਂ ਦੀ ਫਸਲ ਦੀ ਖਰੀਦ ਕੀਤੀ ਜਾਂਦੀ ਹੈ।
ਐੱਮ.ਐੱਸ.ਪੀ. ਜ਼ਰੂਰੀ: ਕਿਸਾਨ ਨੇ ਆਪਣਾ ਦੁੱਖ ਸੁਣਾਉਂਦੇ ਹੋਏ ਕਿਹਾ ਕਿ ਇੱਕ ਤਾਂ ਰੱਬ ਦੀ ਹਰ ਵਾਰ ਮਾਰ ਕਿਸਾਨਾਂ ਉੱਤੇ ਪੈਂਦੀ ਹੈ। ਬਾਕੀ ਰਹਿੰਦੀ ਜਾਨ ਪ੍ਰਾਈਵੇਟ ਮੰਡੀਆਂ ਕਿਸਾਨਾਂ ਦੀ ਕੱਢ ਦਿੰਦੀਆਂ ਹਨ। ਉਨ੍ਹਾਂ ਕਿਹਾ ਇਸ ਵਾਰ ਜਿੱਥੇ ਬੇਮੌਸਮੀ ਬਰਸਾਤ ਨੇ ਕਿਸਾਨਾਂ ਨੂੰ ਮਾਰ ਕੇ ਰੱਖ ਦਿੱਤਾ ਹੈ। ਉੱਥੇ ਹੀ ਫਸਲਾਂ ਦਾ ਰੇਟ ਘੱਟ ਮਿਲਣ ਕਾਰਨ ਉਨ੍ਹਾਂ ਨੂੰ ਕਾਫੀ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ। ਰੂਪ ਸਿੰਘ ਨੇ ਆਖਿਆ ਕਿ ਸਰਕਾਰ ਵੱਡੀਆਂ-ਵੱਡੀਆਂ ਗੱਲਾਂ ਕਰਦੀ ਹੈ ਕਿ ਕਿਸਾਨਾਂ ਨੂੰ ਫ਼ਸਲੀ ਚੱਕਰ ਵਿੱਚੋਂ ਬਾਹਰ ਆਉਣਾ ਚਾਹੀਦਾ ਹੈ, ਪਰ ਦੂਜੇ ਪਾਸੇ ਕਿਸਾਨਾਂ ਨੂੂੰ ਫ਼ਸਲਾਂ ਉੱਪਰ ਐਮ.ਐੱਸ.ਪੀ.ਹੀ ਨਹੀਂ ਮਿਲ ਰਿਹਾ। ਰੂਪ ਸਿੰਘ ਨੇ ਆਖਿਆ ਕਿ ਕਿਸਾਨਾਂ ਨੂੰ ਫ਼ਸਲੀ ਚੱਕਰ ਵਿੱਚੋਂ ਕੱਢਣ ਲਈ ਸਾਰੀਆਂ ਫਸਲਾਂ ਉੱਪਰ ਐਮ.ਐਸ.ਪੀ. ਦੇਣਾ ਚਾਹੀਦਾ ਹੈ।
ਮਾਰਕੀਟ ਕਮੇਟੀ ਦੇ ਅਧਿਕਾਰੀ ਸੁੱਖੀ ਢਿੱਲੋਂ: ਉਧਰ ਦੂਜੇ ਪਾਸੇ ਖਰੀਦ ਪ੍ਰਬੰਧਾਂ ਸਬੰਧੀ ਬੋਲਦੇ ਹੋਏ ਮਾਰਕੀਟ ਕਮੇਟੀ ਦੇ ਅਧਿਕਾਰੀ ਸੁੱਖੀ ਢਿੱਲੋਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਇਕ ਅਪ੍ਰੈਲ ਤੋਂ ਫ਼ਸਲਾਂ ਦੀ ਖ਼ਰੀਦ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ । ਇਨ੍ਹਾਂ ਹਦਾਇਤਾਂ ਦੇ ਚਲਦੇ ਉਨ੍ਹਾਂ ਵੱਲੋਂ ਮੰਡੀ ਵਿੱਚ ਖ਼ਰੀਦ ਪ੍ਰਬੰਧਾਂ ਨੂੰ ਮੁਕੰਮਲ ਕਰ ਲਿਆ ਗਿਆ ਸੀ ਪਰ ਇਸ ਵਾਰ ਬਾਰਿਸ਼ ਪੈਣ ਕਾਰਨ ਕਣਕ ਦੀ ਆਮਦ ਲੇਟ ਹੋਣ ਦੀ ਸੰਭਾਵਨਾ ਹੈ ਪਰ ਸਰ੍ਹੋਂ ਦੀ ਫਸਲ ਦੀ ਆਮਦ ਸ਼ੁਰੂ ਹੋ ਚੁੱਕੀ ਹੈ । ਮੰਡੀਆਂ ਵਿੱਚ ਖਰੀਦ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ ਕਿਸਾਨਾਂ ਲਈ ਪੀਣ ਦੇ ਪਾਣੀ, ਫ਼ਸਲਾਂ ਦੀ ਰਾਖੀ ਲਈ ਸਕਿਊਰਟੀ ਗਾਰਡ ਅਤੇ ਬਾਥਰੂਮ ਤੱਕ ਦਾ ਪ੍ਰਬੰਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Rail Roko Andolan: ਫ਼ਸਲਾਂ ਦੀ ਗਰਦਾਵਰੀ ਨਾ ਹੋਣ ਕਾਰਨ ਕਿਸਾਨਾਂ ਵਿੱਚ ਰੋਸ, ਅੱਜ ਰੋਕਣਗੇ ਰੇਲਾਂ