ਬਠਿੰਡਾ: ਹਲਕਾ ਮੌੜ ਮੰਡੀ ਵਿੱਚ ਮਾਈਨਿੰਗ ਸਬੰਧੀ ਪਿਛਲੇ ਕੁਝ ਦਿਨਾਂ ਤੋਂ ਮਾਮਲਾ ਗਰਮਾਇਆ ਹੋਇਆ ਹੈ। ਆਪ ਵਿਧਾਇਕ ਸੁਖਵੀਰ ਮਾਈਸਰਖਾਨਾ ਵਲੋਂ ਪਿਛਲੇ ਦਿਨੀਂ ਮਾਈਨਿੰਗ ਨੂੰ ਲੈਕੇ ਰੇਡ ਕੀਤੀ ਗਈ ਸੀ ਅਤੇ ਪੁਲਿਸ ਦੇ ਨਾ ਪਹੁੰਚਣ 'ਤੇ ਖੁਦ ਰੇਡ ਕੀਤੀ ਸੀ। ਇਸ ਦੌਰਾਨ ਵਿਧਾਇਕ ਨੇ ਇਲਜ਼ਾਮ ਲਗਾਏ ਸੀ ਕਿ ਨਾਜਾਇਜ਼ ਮਾਮਲੇ 'ਚ ਟ੍ਰੈਕਟਰ ਚਾਲਕ ਵਲੋਂ ਉਸ 'ਤੇ ਟ੍ਰੇਕਟਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਹੈ।
ਇਸ ਮਾਮਲੇ 'ਚ ਮਾਈਨਿੰਗ ਐਕਟ ਦੇ ਤਹਿਤ ਪੁਲਿਸ ਵਲੋਂ ਕਾਰਵਾਈ ਕਰਦਿਆਂ ਤਿੰਨ ਲੋਕਾਂ 'ਤੇ ਮਾਮਲਾ ਦਰਜ ਕਰਕੇ ਹਿਰਾਸਤ 'ਚ ਵੀ ਲਿਆ ਸੀ। ਇਸ ਪਰਚੇ ਨੂੰ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡਾਂ ਵਿੱਚ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਸੀ, ਜਿਸ ਨੂੰ ਲੈਕੇ ਆਮ ਵਰਕਰ ਅਤੇ ਕਿਸਾਨ ਯੂਨੀਅਨ ਆਹਮੋ ਸਾਹਮਣੇ ਹੋ ਗਏ ਅਤੇ ਮਾਹੌਲ ਤਣਾਅਪੂਰਨ ਹੋ ਗਿਆ।
ਪੁਲੀਸ ਵੱਲੋਂ ਸੁਰੱਖਿਆ ਨੂੰ ਦੇਖਦੇ ਹੋਏ ਪਿੰਡ ਮਾਈਸਰਖ਼ਾਨਾ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ ਸੀ। ਕਿਸਾਨਾਂ ਦੇ ਰੋਹ ਨੂੰ ਵੇਖਦੇ ਪ੍ਰਸ਼ਾਸ਼ਨ ਵੱਲੋਂ ਕਿਸਾਨਾਂ ਦੀਆਂ ਮੰਗਾਂ 16 ਸਤੰਬਰ ਨੂੰ ਮੀਟਿੰਗ ਕਰਕੇ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਗਿਆ ਜਿਸ ਤੋਂ ਬਾਅਦ ਇਕ ਵਾਰ ਟਰੈਕਟਰ ਮਾਰਚ ਮੁਲਤਵੀ ਕਰ ਦਿੱਤਾ ਗਿਆ
ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਦਾ ਕਹਿਣਾ ਕਿ ਕਿਸਾਨ ਆਪਣੇ ਖੇਤ ਤੋਂ ਮਿੱਟੀ ਚੁੱਕ ਰਹੇ ਸੀ ਅਤੇ ਖੇਤਾਂ ਨੂੰ ਪੱਧਰਾ ਕਰ ਰਹੇ ਸੀ। ਇਸ 'ਤੇ ਮਾਈਸਰਖਾਨਾ ਪਿੰਡ ਦੇ ਹੀ ਕੁਝ ਲੋਕਾਂ ਵਲੋਂ ਕਿਸਾਨ ਯੂਨੀਅਨ ਦਾ ਵਿਰੋਧ ਕੀਤਾ ਗਿਆ ਹੈ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਉਨ੍ਹਾਂ ਨੇ ਟਰੈਕਟਰ ਮਾਰਚ ਵੀ ਰੱਦ ਕੀਤਾ ਹੈ ਪਰ ਜੇ 16 ਸਤੰਬਰ ਨੂੰ ਕਿਸਾਨਾਂ 'ਤੇ ਦਰਜ ਮਾਮਲੇ ਰੱਦ ਨਹੀਂ ਕੀਤੇ ਜਾਂਦੇ, ਕਿਸਾਨਾਂ ਨੂੰ ਮਿੱਟੀ ਕੱਢਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਤਾਂ 19 ਸਤੰਬਰ ਤੋਂ ਥਾਣੇ ਮੌੜ ਅੱਗੇ ਪੱਕਾ ਰੋਸ ਧਰਨਾ ਦਿੱਤਾ ਜਾਵੇਗਾ।
ਇਸ ਮੌਕੇ 'ਤੇ ਪਹੁੰਚੇ ਜ਼ਿਲ੍ਹਾ ਪੁਲਿਸ ਮੁਖੀ ਜੇ ਏਲਚੀਅਨ ਨੇ ਕਿਹਾ ਕਿ ਜੋ ਕਿਸਾਨਾਂ ਦੀਆਂ ਮੰਗਾਂ ਹਨ, ਉਸ ਸਬੰਧੀ 16 ਸਤੰਬਰ ਨੂੰ ਮੀਟਿੰਗ ਕੀਤੀ ਜਾਵੇਗੀ ਅਤੇ ਲੰਬੀ ਚੌੜੀ ਮੀਟਿੰਗ ਤੋਂ ਬਾਅਦ ਸਾਰੇ ਮਸਲੇ ਹੱਲ ਕੀਤੇ ਜਾਣਗੇ।
ਉਧਰ ਦੂਜੇ ਪਾਸੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਰੋਸ ਮਾਰਚ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਹਲਕਾ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਦੇ ਸਮਰਥਕਾਂ ਨੇ ਵੀ ਕਿਸਾਨਾਂ 'ਤੇ ਦਰਜ ਮਾਮਲੇ ਨੂੰ ਸਹੀ ਦੱਸਦੇ ਹਨ। ਉਨ੍ਹਾਂ ਕਿਸਾਨ ਆਗੂਆਂ 'ਤੇ ਕਿਸਾਨ ਯੂਨੀਅਨ ਨੂੰ ਗੁੰਮਰਾਹ ਕਰਨ ਦੇ ਦੋਸ਼ ਵੀ ਲਗਾਏ ਹਨ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਸਾਨ ਯੂਨੀਅਨ ਦੇ ਆਗੂਆਂ 'ਤੇ ਕਈ ਸਵਾਲ ਵੀ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਯੂਨੀਅਨ ਦੇ ਆਗੂ ਨੌਜਵਾਨਾਂ ਨੂੰ ਅਤੇ ਕਿਸਾਨਾਂ ਨੂੰ ਗ਼ਲਤ ਰਸਤੇ ਪਾ ਰਹੇ ਹਨ।
ਇਹ ਵੀ ਪੜ੍ਹੋ: ਕੋਟਕਪੁਰਾ ਗੋਲੀਕਾਂਡ ਮਾਮਲੇ ਵਿੱਚ ਸੁਖਬੀਰ ਬਾਦਲ ਐਸਆਈਟੀ ਦੇ ਸਾਹਮਣੇ ਪੇਸ਼