ਤਲਵੰਡੀ ਸਾਬੋ: ਐਸ.ਜੀ.ਪੀ.ਸੀ. ਕੋਲੋਂ ਗੁੰਮ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ 267 ਸਰੂਪਾਂ ਦੇ ਮਾਮਲੇ ਵਿੱਚ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਪੰਜਾਬ ਦੇ ਅੱਧੀ ਦਰਜਨ ਦੇ ਕਰੀਬ ਵਿਧਾਇਕਾਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਸਿੱਖ ਕੌਮ ਵਿੱਚ ਸਰੂਪਾਂ ਦੇ ਗਾਇਬ ਹੋਣ ਨੂੰ ਲੈ ਕੇ ਪਾਏ ਜਾ ਰਹੇ ਗੁੱਸੇ ਤੋਂ ਜਾਣੂੰ ਕਰਵਾਇਆ।
ਪਾਰਟੀ ਵਿਧਾਇਕਾਂ ਦੀ ਅਗਵਾਈ ਕਰ ਰਹੇ ਕੁਲਤਾਰ ਸਿੰਘ ਸੰਧਵਾਂ ਨੇ ਮੁਲਾਕਾਤ ਉਪਰੰਤ ਗੱਲਬਾਤ ਦੌਰਾਨ ਕਿਹਾ ਕਿ ਸਰੂਪ ਗਾਇਬ ਹੋਣ ਨੂੰ ਲੈ ਕੇ ਸੰਗਤ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਹਨ। ਇਸ ਲਈ ਸਭ ਤੋਂ ਪਹਿਲਾਂ ਤਾਂ ਸਥਿਤੀ ਸਪੱਸ਼ਟ ਹੋਣੀ ਚਾਹੀਦੀ ਹੈ ਕਿ ਸਰੂਪ ਗਾਇਬ ਹੋਏ ਹਨ ਜਾਂ ਕੋਈ ਹੋਰ ਮਸਲਾ ਹੈ।
ਉਨ੍ਹਾਂ ਕਿਹਾ ਕਿ ਪਟਿਆਲਾ ਨੇੜੇ ਤੋਂ ਇੱਕ ਗੁਰੂਘਰ 'ਚੋਂ ਵੀ ਪੁਰਾਤਨ ਸਰੂਪ ਚੋਰੀ ਹੋਇਆ, ਇਹ ਘਟਨਾਵਾਂ ਮੰਦਭਾਗੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਲਈ ਅਕਾਲੀ-ਕਾਂਗਰਸੀ ਸਭ ਬਰਾਬਰ ਜ਼ਿੰਮੇਵਾਰ ਹਨ। ਉਨ੍ਹਾਂ ਜਥੇਦਾਰ ਹਰਪ੍ਰੀਤ ਸਿੰਘ ਨਾਲ ਗੱਲਬਾਤ ਬਾਰੇ ਦੱਸਿਆ ਕਿ ਜਥੇਦਾਰ ਨੇ ਵਫ਼ਦ ਨੂੰ ਹਾਂ-ਪੱਖੀ ਹੁੰਗਾਰਾ ਦਿੱਤਾ ਹੈ ਅਤੇ ਛੇਤੀ ਸੱਚ ਸਾਹਮਣੇ ਲਿਆਉਣ ਦਾ ਭਰੋਸਾ ਦਿੱਤਾ ਹੈ। ਵਿਧਾਇਕਾ ਬਲਜਿੰਦਰ ਕੌਰ ਨੇ ਕਿਹਾ ਕਿ ਜਥੇਦਾਰ ਨੇ ਉਨ੍ਹਾਂ ਨੂੰ 8 ਦਿਨ ਦਾ ਸਮਾਂ ਦਿੱਤਾ ਹੈ, ਜਿਸਤੋਂ ਬਾਅਦ ਅਗਲੇ ਸੰਘਰਸ਼ ਬਾਰੇ ਰੂਪਰੇਖਾ ਉਲੀਕੀ ਜਾਵੇਗੀ।