ਬਠਿੰਡਾ: ਪੰਜਾਬ ਵਿੱਚ ਫਿਰ ਤੋਂ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਵੱਲੋਂ ਪੰਜਾਬ ਵਿਚਲੇ ਆਪਣੇ ਗੁਰਗਿਆਂ ਰਾਹੀਂ ਵਪਾਰੀਆ ਦੇ ਨੰਬਰ ਹਾਸਲ ਕਰਕੇ ਸ਼ਰੇਆਮ ਫਿਰੋਤੀਆਂ ਮੰਗੀਆਂ ਜਾ ਰਹੀਆਂ ਹਨ। ਅਜਿਹਾ ਹੀ ਜ਼ਿਲ੍ਹਾ ਬਠਿੰਡਾ ਵਿੱਚ 2 ਵੱਖ-ਵੱਖ ਫਿਰੋਤੀ ਦੇ ਮਾਮਲੇ ਸਾਹਮਣੇ ਆਏ ਹਨ, ਜਿਸ ਵਿਚ ਗੈਂਗਸਟਰ ਅਰਸ਼ ਡੱਲਾ (Threatened 2 Traders of Bathinda) ਵੱਲੋਂ 2 ਵੱਖ-ਵੱਖ ਵਪਾਰੀਆਂ ਤੋਂ 25 ਲੱਖ ਰੁਪਏ ਅਤੇ 20 ਲੱਖ ਰੁਪਏ ਫਿਰੌਤੀ ਦੀ ਮੰਗੀ ਕੀਤੀ ਗਈ ਹੈ।
ਘੋੜਿਆਂ ਦੇ ਵਪਾਰੀ ਕੋਲੋ 20 ਲੱਖ ਰੁਪਏ ਦੀ ਮੰਗ:- ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵੱਲੋਂ ਘੋੜਿਆਂ ਦਾ ਵਪਾਰ ਕਰਨ ਵਾਲੇ ਪਿੰਡ ਪੱਕਾ ਵਸਨੀਕ ਹਰਪ੍ਰੀਤ ਸਿੰਘ ਦੀ ਸ਼ਿਕਾਇਤ ਉੱਤੇ ਅਰਸ਼ ਡੱਲਾ ਅਤੇ ਉਸ ਦੇ 2 ਸਾਥੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਹਰਪ੍ਰੀਤ ਵੱਲੋਂ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਦੇ ਦੱਸਿਆ ਕਿ ਉਸ ਨੂੰ ਵਿਦੇਸ਼ੀ ਨੰਬਰ ਉੱਤੇ ਕਾਲ ਆਈ ਸੀ। ਜਿਸ ਵਿਚ 20 ਲੱਖ ਰੁਪਏ ਦੀ ਪ੍ਰਾਪਤੀ ਦੀ ਮੰਗ ਕੀਤੀ ਗਈ ਸੀ।
ਪੁਲਿਸ ਵੱਲੋਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ:- ਇਸ ਦੌਰਾਨ ਹੀ ਡੀਐਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਹਰਪ੍ਰੀਤ ਸਿੰਘ ਦੀ ਸ਼ਿਕਾਇਤ ਉੱਪਰ ਥਾਣਾ ਸੰਗਤ ਵਿਖੇ ਵੱਖ-ਵੱਖ ਧਾਰਾਵਾਂ ਤਹਿਤ 3 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹਨਾਂ ਵਿੱਚ ਪ੍ਰਮੁੱਖ ਤੌਰ ਉੱਤੇ ਗੈਂਗਸਟਰ ਅਰਸ਼ ਡੱਲਾ ਹੈ ਅਤੇ ਦੋ ਨੌਜਵਾਨ ਹੋਰ ਹਨ, ਜਿਨ੍ਹਾਂ ਵੱਲੋਂ ਵਪਾਰੀ ਦਾ ਮੋਬਾਇਲ ਨੰਬਰ ਉਪਲਬਧ ਕਰਵਾਇਆ ਗਿਆ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇੱਕ ਹੋਰ ਵਪਾਰੀ ਕੋਲੋਂ 25 ਲੱਖ ਰੁਪਏ ਦੀ ਫਿਰੌਤੀ ਦੀ ਮੰਗ:- ਇਕ ਹੋਰ ਫਿਰੋਤੀ ਦੇ ਮਾਮਲੇ ਵਿੱਚ ਸ਼ੋਸ਼ਲ ਮੀਡੀਆ ਉਪਰ ਆਡੀਓ ਵਾਇਰਲ ਹੋ ਰਹੀ ਹੈ। ਜਿਸ ਵਿਚ ਇੱਕ ਹੋਰ ਵਪਾਰੀ ਕੋਲੋਂ 25 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਵਪਾਰੀ ਵੱਲੋਂ ਪੈਸੇ ਨਹੀਂ ਦਿੱਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਉਪਰ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ। ਪਰ ਸੂਤਰਾਂ ਅਨੁਸਾਰ ਇਹ ਕਾਲ ਵੀ ਗੈਂਗਸਟਰ ਅਰਸ਼ ਡਲਾ ਵੱਲੋਂ ਵਪਾਰੀ ਨੂੰ ਫਿਰੌਤੀ ਲਈ ਕੀਤੀ ਗਈ ਸੀ।