ਬਠਿੰਡਾ: ਕੋਰੋਨਾ ਨੇ ਪੂਰੇ ਦੇਸ਼ ਦੀ ਅਰਥਵਿਵਸਥਾ ਨੂੰ ਹਿਲਾ ਕੇ ਰੱਖ ਦਿੱਤਾ ਹੈ, ਸ਼ਾਇਦ ਹੀ ਅਜਿਹਾ ਕੋਈ ਵਰਗ ਹੋਵੇ ਜਿਸ ਉਪਰ ਕੋਰੋਨਾ ਦਾ ਅਸਰ ਨਾ ਹੋਇਆ ਹੋਵੇ। ਪਿਛਲੇ ਅੱਠ ਮਹੀਨਿਆਂ ਤੋਂ ਪੰਜਾਬ ਵਿੱਚ ਰੇਲ ਆਵਾਜਾਈ ਬੰਦ ਪਈ ਹੈ, ਜਿਸ ਕਾਰਨ ਰੇਲਵੇ ਸਟੇਸ਼ਨਾਂ ਨਾਲ ਜੁੜੇ ਵਿਅਕਤੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੋਟਲ ਸੰਚਾਲਕਾਂ ਦੇ ਨਾਲ-ਨਾਲ ਆਟੋ ਚਾਲਕਾਂ ਦੀ ਪ੍ਰੇਸ਼ਾਨੀ ਵੀ ਕਾਫ਼ੀ ਵਧ ਚੁੱਕੀ ਹੈ। ਹਾਲਾਤ ਇਹ ਬਣ ਗਏ ਹਨ ਕਿ ਆਟੋ ਚਾਲਕ ਘਰ ਦੀਆਂ ਜ਼ਰੂਰਤਾਂ ਵੀ ਪੂਰੀਆਂ ਕਰਨ ਤੋਂ ਵੀ ਅਸਮਰੱਥ ਹੋ ਰਹੇ ਹਨ।
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਇੱਕ ਆਟੋ ਡਰਾਈਵਰ ਬੰਟੀ ਨੇ ਦੱਸਿਆ ਕਿ ਉਹ ਪੰਜ ਸਾਲਾਂ ਤੋਂ ਸ਼ਹਿਰ 'ਚ ਆਟੋ ਚਲਾ ਰਿਹਾ ਹੈ। 70 ਤੋਂ ਜ਼ਿਆਦਾ ਆਟੋ ਰੇਲਵੇ ਸਟੇਸ਼ਨ ਤੋਂ ਸ਼ਹਿਰ ਵੱਲ ਆਉਂਦੇ-ਜਾਂਦੇ ਹਨ, ਪਰ ਕੋਰੋਨਾ ਕਾਰਨ ਰੇਲ ਗੱਡੀਆਂ ਅਤੇ ਮਾਲ ਗੱਡੀਆਂ ਦੀ ਆਵਾਜਾਈ ਬੰਦ ਹੋਣ ਦੇ ਚਲਦੇ ਰੇਲਵੇ ਸਟੇਸ਼ਨ ਵੀਰਾਨ ਪਿਆ ਹੋਇਆ ਹੈ, ਜਿਸ ਨੇ ਉਨ੍ਹਾਂ ਦੇ ਰੁਜ਼ਗਾਰ 'ਤੇ ਡੂੰਘੀ ਸੱਟ ਮਾਰੀ ਹੈ।
ਉਸ ਨੇ ਦੱਸਿਆ ਕਿ ਪਹਿਲਾਂ ਉਹ ਆਪਣੇ ਖ਼ਰਚੇ ਵਧੀਆ ਕੱਢ ਲੈਂਦੇ ਸਨ ਪਰ ਜਦੋਂ ਦਾ ਲੌਕਡਾਊਨ ਹੋਇਆ ਹੈ ਅਤੇ ਗੱਡੀਆਂ ਬੰਦ ਪਈਆਂ ਹਨ ਉਦੋਂ ਤੋਂ ਆਰਥਿਕ ਹਾਲਤ ਕਮਜ਼ੋਰ ਹੋ ਗਈ ਹੈ। ਰੇਲਵੇ ਸਟੇਸ਼ਨ ਦੇ ਨਾਲ ਕਈ ਆਟੋ ਚਾਲਕਾਂ ਦੇ ਪਰਿਵਾਰ ਸਿੱਧੇ ਤੌਰ 'ਤੇ ਜੁੜੇ ਹੋਏ ਹਨ। ਰੇਲ ਨਾ ਚੱਲਣ ਕਰਕੇ ਕਈ ਆਟੋ ਚਾਲਕਾਂ ਨੂੰ ਤਾਂ ਆਪਣੇ ਆਟੋ ਵੇਚਣ ਲਈ ਵੀ ਮਜਬੂਰ ਹੋਣਾ ਪਿਆ ਹੈ।
ਉਸ ਨੇ ਕਿਹਾ ਕਿ ਰੇਲਵੇ ਸਟੇਸ਼ਨ ਦੇ ਬਾਹਰ ਖੜ੍ਹੇ ਆਟੋ ਚਾਲਕਾਂ ਨੇ ਪਹਿਲਾਂ ਨਾਲੋਂ ਕਿਰਾਇਆ ਵੀ ਘਟਾ ਦਿੱਤਾ ਹੈ ਪਰ ਇਸਦੇ ਬਾਵਜੂਦ ਵੀ ਓਨੀਆਂ ਸਵਾਰਿਆ ਨਹੀਂ ਆ ਰਹੀਆਂ ਹਨ, ਜਿੰਨੀ ਸਵਾਰੀ ਦੀ ਜ਼ਰੂਰਤ ਹੈ। ਰੇਲ ਗੱਡੀਆਂ ਕਦੋਂ ਚੱਲਣਗੀਆਂ ਇਸ ਦਾ ਜਵਾਬ ਕੋਈ ਰੇਲ ਅਧਿਕਾਰੀ ਨਹੀਂ ਦੇ ਰਿਹਾ ਹੈ।
ਉਸ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਟੋ ਚਾਲਕਾਂ ਦੀ ਇਸ ਮੁਸ਼ਕਿਲ ਸਥਿਤੀ ਵਿੱਚ ਮਦਦ ਕੀਤੀ ਜਾਵੇ ਅਤੇ ਰਾਹਤ ਦਿੰਦੇ ਹੋਏ, ਜਿਨ੍ਹਾਂ ਆਟੋ ਚਾਲਕਾਂ ਨੇ ਕਿਸ਼ਤਾਂ ਉੱਤੇ ਆਟੋ ਲਏ ਹੋਏ ਹਨ, ਉਨ੍ਹਾਂ ਨੂੰ ਕੁਝ ਹੋਰ ਸਮਾਂ ਦਿੱਤਾ ਜਾਵੇ।