ਬਠਿੰਡਾ: ਸ਼ਹਿਰ ਦੇ ਸੁੰਦਰੀਕਰਨ ਅਤੇ ਮੁੱਢਲੀਆਂ ਸਹੂਲਤਾਂ ਨੂੰ ਲੈ ਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਜਿੱਥੇ ਚੱਲ ਰਹੇ ਕੰਮਾਂ ਬਾਰੇ ਜਾਣਕਾਰੀ ਲਈ ਉਥੇ ਨਾਲ ਹੀ ਹੋਰ ਨਵੇ ਕੰਮਾਂ ਦੀ ਸ਼ੁਰੂਆਤ ਵੀ ਕੀਤੀ।
ਉਨ੍ਹਾਂ ਵੱਖ-ਵੱਖ ਮਹਿਕਮਿਆਂ ਦੇ ਸਬੰਧਤ ਅਧਿਕਾਰੀਆਂ ਨੂੰ ਲੋਕਾਂ ਲਈ ਸ਼ੁਰੂ ਕੰਮਾਂ ਨੂੰ ਗੰਭੀਰਤਾ ਨਾਲ ਨਿੱਜੀ ਦਿਲਚਸਪੀ ਲੈ ਕੇ ਜਲਦ ਤੋਂ ਜਲਦ ਨੇਪਰੇ ਚਾੜਨ ਲਈ ਕਿਹਾ।
ਵਿੱਤ ਮੰਤਰੀ ਨੇ ਸਭ ਤੋਂ ਪਹਿਲਾਂ ਇੰਡਸਟ੍ਰੀਅਲ ਗਰੋਥ ਸੈਂਟਰ ਵਿਖੇ ਬਣੇ ਪਾਣੀ ਦੇ ਸਟੋਰੇਜ਼ ਟੈਂਕਾਂ ਦੀ ਸਫ਼ਾਈ ਦੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਤਕਰੀਬਨ 20 ਫੀਸਦੀ ਇਲਾਕੇ ਨੂੰ ਪੀਣ ਵਾਲਾ ਪਾਣੀ ਇਥੇ ਬਣੇ ਵਾਟਰ ਵਰਕਸ ਰਾਹੀਂ ਦਿੱਤਾ ਜਾਂਦਾ ਹੈ ਅਤੇ ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ ਪਾਣੀ ਦੇ ਰਿਜ਼ਰਵਾਇਰਾਂ ਨੂੰ ਸਾਫ਼ ਕਰਨਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ 10 ਲੱਖ ਰੁਪਏ ਦੀ ਲਾਗਤ ਨਾਲ ਇਨ੍ਹਾਂ ਪਾਣੀ ਦੇ ਟੈਂਕਾਂ ਦੀ ਸਫ਼ਾਈ ਕਰਵਾਈ ਜਾਵੇਗੀ ਤਾਂ ਜੋ ਪਾਣੀ ਨੂੰ ਵੱਧ ਮਾਤਰਾ ਵਿੱਚ ਇਕੱਠਾ ਕਰਨ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ।
ਇਸ ਉਪਰੰਤ ਬਾਦਲ ਨੇ ਬੀਬੀਵਾਲਾ ਚੌਕ ਵਿਖੇ ਖ਼ੂਨ ਦਾਨ ਕੈਂਪ ਵਿੱਚ ਜਾ ਕੇ ਆਯੋਜਕਾਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਲੋੜਵੰਦਾਂ ਦੀ ਸਹਾਇਤਾ ਕਰਕੇ ਸਮਾਜ ਨੂੰ ਚੰਗੀ ਸੇਧ ਦਿੱਤੀ ਜਾ ਸਕਦੀ ਹੈ।
ਵਿੱਤ ਮੰਤਰੀ ਨੇ ਇਸ ਉਪਰੰਤ ਕਨਾਲ ਕਲੋਨੀ ਵਿਖੇ ਬਣੇ ਆਦਰਸ਼ ਸਕੂਲ ਦੀ ਬਿਲਡਿੰਗ ਅਤੇ ਹੋਰ ਸਹੂਲਤਾਂ ਲਈ 40 ਲੱਖ ਰੁਪਏ ਦੀ ਗ੍ਰਾਂਟ ਵੀ ਤਕਸੀਮ ਕੀਤੀ । ਇਸੇ ਤਰ੍ਹਾਂ ਸੰਗੂਆਣਾ ਬਸਤੀ ਵਿਖੇ ਬਣੇ ਸਰਕਾਰੀ ਸਕੂਲ ਨੂੰ ਵੀ ਉਨਾਂ 20 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਵੱਲ ਸਰਕਾਰ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਜਾ ਸਕੇ।
ਇਸ ਤੋਂ ਇਲਾਵਾ ਵਿੱਤ ਮੰਤਰੀ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ, ਆਰੀਆ ਗਰਲਜ਼ ਸਕੂਲ, ਗੰਨ ਟ੍ਰੇਨਿੰਗ ਰੇਂਜ ਗੋਨਿਆਣਾ ਰੋਡ, ਐਨ ਐਫ ਐਲ ਸਕੂਲ, ਐਸ.ਐਸ.ਡੀ. ਸਕੂਲ, ਮਾਲਵਾ ਹੈਰੀਟੇਜ, ਡਿਊਨਜ ਕਲੱਬ ਗਏ ਅਤੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ।