ਬਠਿੰਡਾ: ਕਿਸਾਨ ਜਿੱਥੇ ਤਿੰਨ ਖੇਤੀਬਾੜੀ ਬਿਲਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹਨ। ਉਥੇ ਹੀ ਪੰਜਾਬ ਵਿੱਚ ਪਸ਼ੂ ਧਨ 'ਤੇ ਮੂੰਹ ਖੁਰ ਬਿਮਾਰੀ ਦੇ ਹਮਲੇ ਨੇ ਕਿਸਾਨ ਪਰਿਵਾਰਾਂ ਨੂੰ ਹਿਲਾ ਕੇ ਰੱਖ ਦਿੱਤਾ। ਪੰਜਾਬ ਦੇ ਵੱਖ ਵੱਖ ਪਿੰਡਾਂ ਵਿੱਚ ਡੇਅਰੀ ਫਾਰਮਿੰਗ ਅਤੇ ਘਰੇਲੂ ਦੁੱਧ ਦਾ ਕੰਮ ਕਰਨ ਵਾਲੇ ਲੋਕ ਮੂੰਹ ਖੁਰ ਦੀ ਬਿਮਾਰੀ ਨਾਲ ਪਰੇਸ਼ਾਨ ਹੋ ਰਹੇ ਹਨ। ਕਿਉਂਕਿ ਹਰ ਸਾਲ ਕੇਂਦਰ ਸਰਕਾਰ ਵੱਲੋਂ ਮੂੰਹ ਖੁਰ ਬਿਮਾਰੀ ਦੀ ਵੈਕਸੀਨੇਸ਼ਨ ਭੇਜੀ ਜਾਂਦੀ ਸੀ।
ਪਰ ਪਿਛਲੇ 2 ਸਾਲਾਂ ਤੋਂ ਇਹ ਵੈਕਸੀਨੇਸ਼ਨ ਪੰਜਾਬ ਦੇ ਪਿੰਡਾਂ ਵਿੱਚ ਨਹੀਂ ਪਹੁੰਚੀ। ਜਿਸ ਕਾਰਨ ਵੱਡੀ ਪੱਧਰ 'ਤੇ ਦੁਧਾਰੂ ਪਸ਼ੂਆਂ ਵਿੱਚ ਮੂੰਹ ਖੁਰ ਦੀ ਬੀਮਾਰੀ ਫੈਲ ਰਹੀ ਹੈ ਅਤੇ ਦੁੱਧ ਦੇਣ ਵਾਲੇ ਪਸ਼ੂ ਬਿਮਾਰ ਹੋਣ ਤੋਂ ਬਾਅਦ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਜਿਸ ਕਾਰਨ ਡੇਅਰੀ ਫਾਰਮਿੰਗ ਦਾ ਧੰਦਾ ਕਰਨ ਵਾਲੇ ਜ਼ਿਆਦਾਤਰ ਲੋਕ ਇਸ ਦੀ ਚਪੇਟ ਵਿੱਚ ਆ ਗਏ ਹਨ ਅਤੇ ਆਰਥਿਕ ਪੱਖੋਂ ਕੰਗਾਲ ਹੋ ਰਹੇ ਹਨ।
ਕਿਸਾਨਾਂ ਦਾ ਕਹਿਣਾ ਹੈ, ਕਿ ਉਹ ਆਪਣੇ ਪੱਧਰ 'ਤੇ ਪਸ਼ੂਆਂ ਨੂੰ ਬਚਾਉਣ ਲਈ ਰੋਜ਼ਾਨਾ 1000 ਤੋਂ 1500 ਰੁਪਿਆ ਦੀ ਮੈਡੀਸਨ ਲਗਾ ਰਹੇ ਹਨ। ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਕੋਈ ਵੀ ਸਾਰ ਨਹੀਂ ਲਈ ਜਾ ਰਹੀ। ਜਿਸ ਕਾਰਨ ਉਹ ਆਰਥਿਕ ਤੌਰ 'ਤੇ ਕਮਜ਼ੋਰ ਹੋਏ ਹਨ ਅਤੇ ਵੱਡੀ ਪੱਧਰ 'ਤੇ ਉਨ੍ਹਾਂ ਨੂੰ ਰੋਜ਼ਾਨਾ ਹਜ਼ਾਰਾਂ ਰੁਪਏ ਇਨ੍ਹਾਂ ਪਸ਼ੂਆਂ ਨੂੰ ਬਚਾਉਣ ਲਈ ਖਰਚ ਕਰਨੇ ਪੈ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ, ਕਿ ਜੇਕਰ ਕੋਈ ਆਰਥਿਕ ਮਦਦ ਨਹੀਂ ਕਰ ਸਕਦੇ ਤਾਂ ਵੈਕਸੀਨੇਸ਼ਨ ਹੀ ਉਪਲੱਬਧ ਕਰਾਈ ਜਾਵੇ ਤਾਂ ਜੋ ਉਹ ਪਸ਼ੂਧਨ ਨੂੰ ਬਚਾ ਸਕਣ।
ਇਹ ਵੀ ਪੜ੍ਹੋ:- ਕੇਂਦਰ ਦਾ ਵਿਰੋਧ ਕਰਦਿਆਂ ਵਿਰੋਧੀ ਪਾਰਟੀਆਂ ਨੇ ਸੰਸਦ ਦੇ ਬਾਹਰ ਕੀਤਾ ਇਹ ਕੰਮ