ਬਠਿੰਡਾ: ਖੇਤੀ ਆਰਡੀਨੈਂਸਾਂ ਨੂੰ ਲੈ ਕੇ ਕਿਸਾਨ ਸੜਕਾਂ 'ਤੇ ਰੁਲ ਰਿਹਾ ਹੈ, ਉੱਥੇ ਹੀ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਦਾ ਮੁੱਦਾ ਵੀ ਹੁਣ ਤੁੱਲ ਫੜਦਾ ਜਾ ਰਿਹਾ ਹੈ। ਇਸ ਸਬੰਧੀ ਬਠਿੰਡਾ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਕਿਹਾ ਕਿ ਜੋ ਹਰਸਿਮਰਤ ਕੌਰ ਬਾਦਲ ਨੇ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਅਸਤੀਫ਼ਾ ਦਿੱਤਾ ਹੈ ਉਸ ਨੂੰ ਲੈ ਕੇ ਇਹ ਕਿਸਾਨਾਂ ਦੀ ਇੱਕ ਵੱਡੀ ਕਾਮਯਾਬੀ ਵੀ ਹੈ, ਕਿ ਉਹ ਕਿਸਾਨਾਂ ਨੂੰ ਆਰਡੀਨੈਂਸ ਸਮਝਾਉਣ ਵਿੱਚ ਨਾਕਾਮਯਾਬ ਰਹੇ ਹਨ।
ਕਿਸਾਨਾਂ ਨੇ ਸਿੱਧ ਕਰ ਦਿੱਤਾ ਹੈ ਕਿ ਖੇਤੀ ਆਰਡੀਨੈਂਸ ਕਿਸਾਨਾਂ ਦੇ ਵਿਰੋਧ ਵਿੱਚ ਹੈ। ਸੰਦੋਹਾ ਨੇ ਕਿਹਾ ਕਿ ਹੁਣ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤੇ ਅਸਤੀਫ਼ੇ ਦਾ ਕੋਈ ਫਾਇਦਾ ਨਹੀਂ ਕਿਉਂਕਿ ਹੁਣ ਉਨ੍ਹਾਂ ਦੀ ਵੋਟ ਖੇਤੀ ਆਰਡੀਨੈਂਸ ਦੇ ਹੱਕ ਵਿੱਚ ਪੈ ਚੁੱਕੀ ਹੈ।
ਸੰਦੋਹਾ ਨੇ ਕਿਹਾ ਕਿ ਉਹ ਤਮਾਮ ਸਿਆਸੀ ਪਾਰਟੀਆਂ ਨੂੰ ਭਾਰਤੀ ਜਨਤਾ ਪਾਰਟੀ ਤੋਂ ਨਿਖੇੜ ਕੇ ਉਨ੍ਹਾਂ ਦੇ ਖਿਲਾਫ਼ ਆਵਾਜ਼ ਬੁਲੰਦ ਕਰਨਗੇ ਤੇ ਆਉਣ ਵਾਲੇ ਦਿਨਾਂ ਵਿੱਚ ਲਗਭਗ 21 ਜਥੇਬੰਦੀਆਂ ਨੂੰ ਨਾਲ ਲੈ ਕੇ ਸਾਂਝੇ ਤੌਰ 'ਤੇ ਵਿਰੋਧ ਵਿੱਚ ਉਤਰਨਗੇ। ਇਸ ਦੇ ਨਾਲ ਹੀ ਆੜ੍ਹਤੀਆਂ ਅਤੇ ਦੁਕਾਨਦਾਰਾਂ ਦੇ ਨਾਲ ਵੀ ਸਹਿਯੋਗ ਲੈਣ ਲਈ ਘਰ-ਘਰ ਦਰਵਾਜ਼ਾ ਖੜਕਾਉਣਗੇ।
ਭਾਰਤੀ ਕਿਸਾਨੀ ਨੇ ਸਿੱਧੂਪੁਰ ਦੇ ਆਗੂ ਰੇਸ਼ਮ ਸਿੰਘ ਯਾਤਰੀ ਵੱਲੋਂ ਬਾਦਲ ਪਰਿਵਾਰ ਨੂੰ ਕਿਹਾ ਕਿ ਬਾਦਲ ਪਰਿਵਾਰ ਨੂੰ ਨੱਕ ਡੁਬੋ ਕੇ ਮਰ ਜਾਣਾ ਚਾਹੀਦਾ ਹੈ ਕਿ ਜਿਨ੍ਹਾਂ ਦੇ ਦਰਵਾਜ਼ੇ ਸਾਹਮਣੇ ਦੇਸ਼ ਦਾ ਅੰਨਦਾਤਾ ਲੋਕਾਂ ਦਾ ਢਿੱਡ ਭਰਨ ਵਾਲਾ ਮਜ਼ਲੂਮ ਕਿਸਾਨ ਜ਼ਹਿਰ ਖਾ ਕੇ ਮਰ ਰਿਹਾ ਹੈ ਇਹ ਬੇਹੱਦ ਦੁੱਖਦਾਈ ਅਤੇ ਉਨ੍ਹਾਂ ਲਈ ਬੇਹੱਦ ਸ਼ਰਮਨਾਕ ਗੱਲ ਹੈ ਅਤੇ ਉਨ੍ਹਾਂ ਨੂੰ ਆਪਣੀ ਸਿਆਸਤ ਬਚਾਉਣ ਦੀ ਪਈ ਹੈ।
ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤੇ ਗਏ ਅਸਤੀਫ਼ੇ ਦੀ ਕੋਈ ਅਹਿਮਿਅਤ ਨਹੀਂ ਹੈ ਕਿਉਂਕਿ ਅਸਤੀਫ਼ਾ ਦੇਣ ਨਾਲ ਕਿਸਾਨਾਂ ਦਾ ਕੋਈ ਭਲਾ ਨਹੀਂ ਹੋਇਆ ਕਿਉਂਕਿ ਉਨ੍ਹਾਂ ਨੇ ਬੋਰਡ ਹੀ ਖੇਤੀ ਆਰਡੀਨੈਂਸ ਦੇ ਹੱਕ ਵਿੱਚ ਪਾ ਕੇ ਅਸਤੀਫ਼ਾ ਦਿੱਤਾ ਹੈ। ਹੁਣ ਅਸਤੀਫ਼ਾ ਦੇਣ ਦਾ ਮਕਸਦ ਸਿਰਫ਼ ਵੋਟ ਬੈਂਕ ਆਪਣੇ ਹੱਕ ਵਿੱਚ ਲੈਣਾ ਹੈ ਪਰ ਵੋਟ ਉਨ੍ਹਾਂ ਦੇ ਹੱਕ ਵਿੱਚ ਹੁਣ ਨਹੀਂ ਜਾਵੇਗੀ।