ਬਰਨਾਲਾ: ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨ ਪਹਿਲੇ ਹੀ ਦਿਨ ਤੋਂ ਸੜਕਾਂ 'ਤੇ ਉਤਰੇ ਹੋਏ ਹਨ। ਹੁਣ ਕਿਸਾਨ ਜਥੇਬੰਦੀਆਂ ਵੱਲੋਂ ਇਨ੍ਹਾਂ ਆਰਡੀਨੈਂਸਾਂ ਦੇ ਖ਼ਿਲਾਫ਼ ਵੱਡਾ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਇਸ ਤਹਿਤ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਬਰਨਾਲਾ ਦੀ ਅਨਾਜ ਮੰਡੀ ਵਿੱਚ ਵੱਡੀ "ਲਲਕਾਰ ਰੈਲੀ" ਕਰਕੇ ਦੇਸ਼ ਦੀ ਸਰਕਾਰ ਨੂੰ ਲਲਕਾਰ ਮਾਰੀ ਗਈ ਹੈ। ਇਸ ਲਲਕਾਰ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਕਿਸਾਨ, ਔਰਤਾਂ, ਨੌਜਵਾਨ, ਮਜ਼ਦੂਰ ਅਤੇ ਬਜ਼ੁਰਗ ਸ਼ਾਮਲ ਹੋਏ। ਕਿਸਾਨਾਂ ਨੇ ਕਿਹਾ ਕਿ ਜੇਕਰ ਭਾਰਤ ਦੀ ਸੰਸਦ ਵਿੱਚ ਇਹ ਆਰਡੀਨੈਂਸ ਪਾਸ ਹੁੰਦੇ ਹਨ ਤਾਂ ਕਿਸਾਨ ਕਦੇ ਵੀ ਟਿਕ ਕੇ ਨਹੀਂ ਬੈਠਣਗੇ। ਕਿਸਾਨ ਆਰ -ਪਾਰ ਦੀ ਲੜਾਈ ਲੜਨ ਲਈ ਘਰਾਂ ਤੋਂ ਬਾਹਰ ਨਿਕਲਣਗੇ।
ਇਸ ਸਬੰਧੀ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾ ਆਗੂ ਮਨਜੀਤ ਸਿੰਘ ਧਨੇਰ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਕਿਹਾ ਕਿ ਅੱਜ ਦੀ ਲਲਕਾਰ ਰੈਲੀ ਕੇਂਦਰ ਸਰਕਾਰ ਨੂੰ ਲਲਕਾਰਨ ਲਈ ਕੀਤੀ ਗਈ ਹੈ, ਜਿਸ ਦਾ ਮੁੱਖ ਮਕਸਦ ਤਿੰਨ ਖੇਤੀ ਆਰਡੀਨੈਂਸਾਂ ਅਤੇ ਬਿਜਲੀ ਸੋਧ ਐਕਟ-2020 ਨੂੰ ਰੱਦ ਕਰਵਾਉਣਾ ਹੈ।
ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ 'ਤੇ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣਾ ਚਾਹੁੰਦੀ ਹੈ। ਇਸੇ ਨੀਤੀ ਤਹਿਤ ਇਹ ਆਰਡੀਨੈਂਸ ਲਿਆਂਦੇ ਗਏ ਹਨ। ਕਿਸਾਨਾਂ ਦੇ ਨਾਲ ਨਾਲ ਹੁਣ ਘਰਾਂ ਦੀਆਂ ਔਰਤਾਂ, ਨੌਜਵਾਨ ਅਤੇ ਬਜ਼ੁਰਗ ਸੰਘਰਸ਼ ਦੇ ਮੈਦਾਨ ਵਿੱਚ ਆ ਚੁੱਕੇ ਹਨ ਅਤੇ ਇਨ੍ਹਾਂ ਆਰਡੀਨੈਂਸਾਂ ਨੂੰ ਕਿਸੇ ਵੀ ਹਾਲਤ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਕਿਸੇ ਵੀ ਸੰਸਦ ਮੈਂਬਰ ਨੇ ਇਨ੍ਹਾਂ ਖੇਤੀ ਆਰਡੀਨੈਂਸਾਂ ਦੇ ਹੱਕ ਵਿੱਚ ਵੋਟ ਪਾਈ ਤਾਂ ਉਨ੍ਹਾਂ ਦਾ ਹਸ਼ਰ ਬਹੁਤ ਭਿਆਨਕ ਹੋਵੇਗਾ। ਇਸ ਦੇ ਹੱਕ ਵਿੱਚ ਵੋਟ ਪਾਉਣ ਵਾਲੇ ਕਿਸੇ ਵੀ ਆਗੂ ਨੂੰ ਪਿੰਡਾਂ ਵਿੱਚ ਵੜਨ ਤੱਕ ਨਹੀਂ ਦਿੱਤਾ ਜਾਵੇਗਾ।
ਆਗੂਆਂ ਨੇ ਕਿਹਾ ਕਿ ਇਹ ਦਿਨ ਕਿਸਾਨਾਂ ਲਈ ਜਿਊਣ ਅਤੇ ਮਰਨ ਦਾ ਸਵਾਲ ਬਣੇ ਹੋਏ ਹਨ ਅਤੇ ਕਿਸਾਨ ਆਰ-ਪਾਰ ਦੀ ਲੜਾਈ ਲੜਨ ਲਈ ਘਰਾਂ ਤੋਂ ਬਾਹਰ ਨਿਕਲ ਚੁੱਕੇ ਹਨ। ਘਰਾਂ ਵਿੱਚ ਬੈਠ ਕੇ ਮਰਨ ਨਾਲੋਂ ਸੰਘਰਸ਼ ਕਰਕੇ ਮਰਨਾ ਚੰਗਾ ਹੈ ਇਸ ਲਈ ਜਿੰਨ੍ਹਾ ਸਮਾਂ ਇਹ ਆਰਡੀਨੈਂਸ ਰੱਦ ਨਹੀਂ ਹੁੰਦੇ, ਉਹ ਟਿਕ ਕੇ ਘਰੇ ਨਹੀਂ ਬੈਠਣਗੇ। ਆਗੂਆਂ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਪੰਜ ਲਲਕਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਆਉਣ ਵਾਲੀ 16 ਸਤੰਬਰ ਨੂੰ 10 ਕਿਸਾਨ ਜਥੇਬੰਦੀਆਂ ਵੱਲੋਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।