ਬਠਿੰਡਾ : ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋ ਰਹੇ ਜੀ 20 ਸੰਮੇਲਨ ਦਾ ਹੁਣ ਪੰਜਾਬ ਦੇ ਕਿਸਾਨਾਂ ਵੱਲੋਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸੰਮੇਲਨ ਦਾ ਵਿਰੋਧ ਕਰਨ ਲਈ ਪੰਜਾਬ ਭਰ 'ਚੋਂ ਵੱਡੀ ਗਿਣਤੀ ਵਿੱਚ ਕਿਸਾਨ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਰਵਾਨਾ ਹੋ ਰਹੇ ਹਨ। ਬਠਿੰਡਾ ਦੇ ਵੱਖ-ਵੱਖ ਪਿੰਡਾਂ ਵਿਚ ਇਕੱਠੇ ਹੋਏ ਕਿਸਾਨਾਂ ਵੱਲੋਂ ਅੱਜ ਜਿਥੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਵੱਖ-ਵੱਖ ਵਾਹਨਾਂ ਰਾਹੀਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜੀ-20 ਸੰਮੇਲਨ ਦਾ ਵਿਰੋਧ ਕਰਨ ਲਈ ਰਵਾਨਾ ਹੋਏ।
ਬਠਿੰਡਾ ਦੇ ਸੰਗਤ ਬਲਾਕ ਅਧੀਨ ਆਉਂਦੇ ਪਿੰਡ ਚੁੰਭਾ ਦੇ ਕਿਸਾਨ ਆਗੂ ਜਗਸੀਰ ਸਿੰਘ ਚੁੰਭਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ ਸੰਮੇਲਨ ਦਾ ਵਿਰੋਧ ਕਰਨ ਜਾ ਰਹੇ ਕਿਸਾਨਾਂ ਨੇ ਜਿਥੇ ਨਾਅਰੇਬਾਜ਼ੀ ਕੀਤੀ ਉੱਥੇ ਹੀ ਜਗਸੀਰ ਸਿੰਘ ਚੁੰਭਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਸੰਮੇਲਨ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਵੱਖ-ਵੱਖ ਦੇਸ਼ਾਂ ਦੇ ਨੁਮਾਇੰਦੇ ਹਿੱਸਾ ਲੈ ਰਹੇ ਹਨ, ਇਹ ਸਿਰਫ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਪੰਜਾਬ ਦੀ ਕੀਮਤੀ ਜ਼ਮੀਨ ਸੌਂਪਣ ਲਈ ਸੰਮੇਲਨ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਕਾਰਪਰੇਟ ਘਰਾਣਿਆਂ ਨੂੰ ਪੰਜਾਬ ਵਿਚ ਆਉਣ ਤੋਂ ਰੋਕਣ ਲਈ ਉਨ੍ਹਾਂ ਵੱਲੋਂ ਜੀ 20 ਸੰਮੇਲਨ ਦਾ ਵਿਰੋਧ ਕੀਤਾ ਜਾਵੇਗਾ। ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਮੇਟੀ ਵੱਲੋਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Rail Roko During G20 Summit: ਗੁਰਪਤਵੰਤ ਪੰਨੂੰ ਨੇ ਹੁਣ G20 ਸੰਮੇਲਨ ਨੂੰ ਲੈ ਕੇ ਕਹੀ ਵੱਡੀ ਗੱਲ, ਕਰਵਾਇਆ ਇਹ ਕਾਰਾ !
ਪੰਥਕ ਆਗੂਆਂ ਨੂੰ ਇਕਜੁੱਟ ਹੋ ਕੇ ਵਿਰੋਧ ਕਰਨਾ ਚਾਹੀਦਾ: ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਚੱਬਾ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ G-20 ਸਮੇਲਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ G20 ਸੰਮੇਲਨ ਵਿੱਚ ਮਲਿਕ ਭਾਗੋ ਜਿਹੇ ਇਨਸਾਨ ਹਿੱਸਾ ਲੈ ਰਹੇ ਹਨ ਜੋ ਸਾਡੇ ਪਾਣੀਆਂ ਉੱਤੇ ਡਾਕਾ ਪਾਉਣਾ ਚਾਹੁੰਦੇ ਹਨ ਅਤੇ ਸਿੱਖਿਆ ਨੂੰ ਇਸ ਹਿਸਾਬ ਨਾਲ ਕਰਵਾਉਣ ਚਾਹੁੰਦੇ ਹਨ ਕਿ ਆਉਣ ਵਾਲੀਆਂ ਪੀੜ੍ਹੀਆਂ ਸਿਰਫ ਅਤੇ ਸਿਰਫ ਪੂੰਜੀਵਾਦੀਆਂ ਦੇ ਮੁਤਾਬਕ ਸੋਚੋ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੀ-20 ਸੰਮੇਲਨ ਅੰਦਰ ਮਲਿਕ ਭਾਗੋ ਦੀ ਤਰ੍ਹਾਂ ਲੋਕਾਂ ਦਾ ਖੂਨ ਚੂਸਣ ਵਾਲੇ ਲੋਕ ਹਿੱਸਾ ਲੈਣ ਜਾ ਰਹੇ ਨੇ ਜੋ ਭਾਰਤ ਦੀ ਲੇਬਰ ਸਸਤੇ ਤਰੀਕੇ ਨਾਲ ਸਾਮਰਾਜੀ ਦੇਸ਼ਾਂ ਨੂੰ ਕਿਵੇਂ ਦਿੱਤੀ ਜਾ ਸਕੇ ਇਸ ਸਬੰਧੀ ਵਿਊਂਤਬੰਦੀ ਬਣਾਉਣਗੇ। ਪੰਧੇਰ ਨੇ ਕਿਹਾ ਕਿ ਅਜਿਹੇ ਲੋਕ ਮਲਕ ਭਾਗੋ ਦੀ ਸੋਚ ਵਾਲੇ ਲੋਕ ਹਨ ਅਤੇ ਪੰਥਕ ਆਗੂਆਂ ਨੂੰ ਇਕਜੁੱਟ ਹੋ ਕੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ।
ਸਿੱਖ ਫੌਰ ਜਸਟਿਸ ਵੱਲੋਂ ਵੀ ਧਮਕੀ : G20 ਸੰਮੇਲਨ ਤੋਂ ਪਹਿਲਾਂ ਫਿਰ ਸਿੱਖ ਫੌਰ ਜਸਟਿਸ ਵੱਲੋਂ ਵੀ ਇਕ ਵੀਡੀਓ ਸਾਹਮਣੇ ਆਈ ਹੈ। ਜਿਸ ਵਿਚ ਗੁਰਪਤਵੰਤ ਪੰਨੂੰ ਨੇ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਸਿੱਖਸ ਫੋਰ ਜਸਟਿਸ ਵੱਲੋਂ ਗੁਰੂ ਹਰਿਗੋਬਿੰਦ ਥਰਮਲ ਪਲਾਂਟ (ਲਹਿਰਾ ਮੁਹੱਬਤ) ਬੰਦ ਕਰਵਾਉਣ ਲਈ ਰੇਲ ਰੋਕੋ ਦਾ ਸੱਦਾ ਹੈ। ਵੀਡੀਓ ਜਾਰੀ ਕਰਦੇ ਹੋਏ ਗੁਰਪਤਵੰਤ ਪੰਨੂੰ ਨੇ ਕਿਹਾ ਕਿ ਖਾਲਿਸਤਾਨੀ ਪੱਖੀ ਨੌਜਵਾਨਾਂ ਨੇ ਥਰਮਲ ਪਲਾਂਟ ਲਈ ਜਿਹੜੀ ਰੇਲ ਗੱਡੀ ਕੋਲਾ ਲੈ ਕੇ ਆਉਂਦੀ ਹੈ, ਉਸ ਪਟੜੀ ਦੇ ਕੱਲਿਪ ਕੱਢ ਦਿੱਤੇ ਗਏ ਹਨ। ਉਸ ਨੇ ਕਿਹਾ ਕੰਧਾਂ ਉੱਤੇ ਛਾਪੇ ਵੀ ਲਾਏ ਗਏ ਹਨ। ਉਸ ਨੇ ਕਿਹਾ ਕਿ 20 ਦੇਸ਼ਾਂ ਦੇ ਨੁੰਮਾਇਦਿਆਂ ਨੂੰ ਦੱਸਣਾ ਚਾਹੁੰਦੇ ਹਾਂ ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈ।
ਇਹ ਵੀ ਪੜ੍ਹੋ : Punjab Summit in Amritsar: G20 ਸੰਮੇਲਨ ਮੌਕੇ ਦਲ ਖਾਲਸਾ ਅੰਮ੍ਰਿਤਸਰ 'ਚ ਕਰਵਾਏਗਾ ਪੰਜਾਬ ਸੰਮੇਲਨ, ਜਾਣੋ ਕਾਰਨ
G20 ਸੰਮੇਲਨ ਮੌਕੇ ਦਲ ਖਾਲਸਾ ਅੰਮ੍ਰਿਤਸਰ 'ਚ ਕਰਵਾਏਗਾ ਪੰਜਾਬ ਸੰਮੇਲਨ : ਇਸ ਸਬੰਧੀ ਦਲ ਖਾਲਸਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਪ੍ਰੈਸ ਕਾਨਫਰੰਸ ਕਰਦਿਆ ਦਲ ਖਾਲਸਾ ਦੇ ਬੁਲਾਰੇ ਕੰਵਰ ਪਾਲ ਬਿੱਟੂ ਨੇ ਕਿਹਾ ਕਿ ਉਨ੍ਹਾਂ ਵੱਲੋਂ G20 ਵਿੱਚ ਹਿੱਸਾ ਲੈਣ ਆ ਰਹੇ ਹੋਰ ਦੇਸ਼ਾਂ ਦੇ ਰਾਜਦੂਤਾਂ ਨੂੰ ਇੱਕ ਪੱਤਰ ਲਿਖਿਆ ਗਿਆ ਸੀ ਕਿ ਉਹ ਇਨ੍ਹਾਂ ਡੈਲੀਗੇਟ ਨਾਲ ਮੁਲਾਕਾਤ ਕਰਨਾ ਚਾਹੁੰਦੇ ਹਨ। ਪਰ, ਉਨ੍ਹਾਂ ਵੱਲੋਂ ਜਵਾਬ ਮਿਲਿਆ ਸੀ ਕਿ ਭਾਰਤ ਵੱਲੋਂ ਮਨਜ਼ੂਰੀ ਦੇਣ ਉੱਤੇ ਹੀ, ਦਲ ਖਾਲਸਾ G20 ਦੇ ਡੈਲੀਗੇਟ ਨਾਲ ਮੁਲਾਕਾਤ ਕਰ ਸਕਦਾ ਹੈ। ਇਸ ਤੋਂ ਬਾਅਦ ਹੁਣ ਦਲ ਖਾਲਸਾ ਵੱਲੋਂ ਆਪਣਾ ਹੀ ਪੰਜਾਬ ਸੰਮੇਲਨ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਕਿ ਅੰਮ੍ਰਿਤਸਰ ਦੇ ਸਹਿਯੋਗ ਹੋਟਲ ਵਿੱਚ 19 ਮਾਰਚ ਨੂੰ ਹੋਣ ਜਾ ਰਿਹਾ ਹੈ। ਇਸ ਵਿੱਚ ਵੱਖ ਵੱਖ 12 ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਜਾਵੇਗੀ ਅਤੇ ਇਸ ਪੰਜਾਬ ਸੰਮੇਲਨ ਪ੍ਰੋਗਰਾਮ ਵਿੱਚ ਸਾਮਾਜਿਕ, ਧਾਰਮਿਕ, ਸਿੱਖਿਆ ਤੇ ਮਨੁੱਖੀ ਅਧਿਕਾਰ ਦੇ ਮੁੱਦਿਆਂ 'ਤੇ ਹਰ ਵਰਗ ਦਾ ਵਿਅਕਤੀ ਆ ਕੇ ਆਪਣਾ ਵਿਚਾਰ ਰੱਖ ਸਕਦਾ ਹੈ।