ਬਠਿੰਡਾ : ਜ਼ਿਲ੍ਹੇ ਦੇ ਸੱਤ ਪਿੰਡਾਂ ਦੇ ਕਿਸਾਨ ਨਹਿਰੀ ਪਾਣੀ ਦੀ ਮੰਗ ਨੂੰ ਲੈ ਕੇ ਮਾਨਸਾ ਨਹਿਰੀ ਵਿਭਾਗ ਦਫ਼ਤਰ ਦੇ ਬਾਹਰ ਮਰਨ ਵਰਤ 'ਤੇ ਬੈਠ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰੀ ਵਿਭਾਗ ਵੱਲੋਂ ਉਨ੍ਹਾਂ ਦੀ ਪਿਛਲੇ 10 ਸਾਲਾਂ ਤੋਂ ਲਟਕਦੀ ਮੰਗ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਜਿਸ ਕਾਰਨ ਕਿਸਾਨ ਮਰਨ ਵਰਤ 'ਤੇ ਬੈਠਣ ਲਈ ਮਜਬੂਰ ਹੋਏ ਹਨ।
ਨਹਿਰੀ ਪਾਣੀ ਦੀ ਮੰਗ ਨੂੰ ਲੈ ਕੇ ਬਠਿੰਡਾ ਜ਼ਿਲ੍ਹੇ ਦੇ ਸੱਤ ਪਿੰਡਾਂ ਦੇ ਕਿਸਾਨ ਮਾਨਸਾ ਨਹਿਰੀ ਵਿਭਾਗ ਦਫ਼ਤਰ ਦੇ ਕਿਸਾਨ ਧਰਨੇ ਤੇ ਬੈਠੇ ਹੋਏ ਹਨ ਪਰ ਵਿਭਾਗ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਕਿਸਾਨਾਂ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ ਚਾਰ ਕਿਸਾਨ ਮਰਨ ਵਰਤ ਤੇ ਬੈਠ ਗਏ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਵੇਗਾ ਉਹ ਮਰਨ ਵਰਤ 'ਤੇ ਹੀ ਬੈਠੇ ਰਹਿਣਗੇ।
ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਕਰੀਬ 10 ਸਾਲਾਂ ਤੋਂ ਪਾਣੀ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਵਿਭਾਗ ਦੇ ਕੋਲ ਤਰਲੇ ਕੱਢ ਰਹੇ ਹਨ ਪਰ ਸਰਕਾਰ ਕਿਸਾਨਾਂ ਨੂੰ ਪਾਣੀ ਦੇਣ ਦੇ ਲਈ ਕੋਈ ਵੀ ਕੋਸ਼ਿਸ਼ ਨਹੀਂ ਕਰ ਰਹੀ ਜਿਸ ਕਾਰਨ ਸੱਤ ਪਿੰਡਾਂ ਦੀ ਕਰੀਬ 6000 ਹਜ਼ਾਰ ਏਕੜ ਫ਼ਸਲ ਖ਼ਰਾਬ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਹਰ ਸਾਲ 50 ਹਜ਼ਾਰ ਤੱਕ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ਤੇ ਲੈ ਕੇ ਵਾਹੀ ਕਰਦੇ ਹਨ ਜਿਸ ਵਿੱਚੋਂ ਮਹਿਜ਼ 40 ਮਣ ਦੇ ਕਰੀਬ ਫਸਲ ਨਿਕਲਦੀ ਹੈ ਜਿਸ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਧਾਰਾ 370 ਹਟਾਉਣ ਦਾ ਅਸਰ ਕਰਤਾਰਪੁਰ ਲਾਂਘੇ 'ਤੇ ਨਹੀਂ ਪਵੇਗਾ- ਲੌਂਗੋਵਾਲ
ਮਰਨ ਵਰਤ ਉੱਤੇ ਬੈਠੇ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਜਿੱਥੇ 15 ਅਗਸਤ ਨੂੰ ਪੂਰਾ ਦੇਸ਼ ਆਜ਼ਾਦੀ ਦਿਵਸ ਮਨਾਏਗਾ ਉਥੇ ਹੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਪੰਜਾਬ ਭਰ ਵਿੱਚ 12 ਵਜੇ ਤੋਂ 2 ਵਜੇ ਤੱਕ ਕਾਲੇ ਦਿਵਸ ਵਜੋਂ ਮਨਾਏਗਾ ਅਤੇ ਰੋਡ ਜਾਮ ਕਰਕੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਵੱਲ ਜਲਦ ਹੀ ਧਿਆਨ ਨਾ ਦਿੱਤਾ ਗਿਆ ਤਾਂ ਇਸ ਤੋਂ ਵੀ ਤੇਜ਼ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।