ਬਠਿੰਡਾ: ਭਾਰਤੀ ਕਿਸਾਨ ਏਕਤਾ ਉਗਰਾਹਾਂ ਨੇ ਮੰਗਲਵਾਰ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਰੋਡ ਜਾਮ ਕਰਕੇ ਦੂਜੇ ਦਿਨ ਡੀਸੀ ਦਫ਼ਤਰ ਅੱਗੇ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਪਰਾਲੀ ਦਾ ਕੋਈ ਪੂਰਾ ਹੱਲ ਨਹੀਂ ਕੱਢਦੀ, ਉਦੋਂ ਤੱਕ ਕਿਸਾਨ ਪਰਾਲੀ ਸਾੜਦੇ ਰਹਿਣਗੇ।
ਕਿਸਾਨ ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪਖਾਨੇ ਬੰਦ ਕਰ ਦਿੱਤੇ ਹਨ, ਤਾਂ ਕਿ ਕੋਈ ਇਸ ਦਾ ਇਸਤੇਮਾਲ ਨਾ ਕਰ ਸਕੇ ਤੇ ਕਿਸਾਨ ਖੱਜਲ ਖੁਆਰ ਹੋਣ। ਨੇਤਾਵਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟੀਆ ਹਰਕਤਾਂ ਤੋਂ ਕਿਸਾਨ ਡਰਨ ਵਾਲੇ ਨਹੀਂ ਹਨ। ਉਨ੍ਹਾਂ ਦੇ ਸੰਘਰਸ਼ ਨੂੰ ਦੋ ਦਿਨ ਹੋ ਗਏ ਹਨ, ਪਰ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ।
ਇਸ ਤੋਂ ਇਕ ਗੱਲ ਸਾਫ਼ ਹੈ ਕਿ ਸਰਕਾਰ ਨੂੰ ਕਿਸਾਨਾਂ ਦੀ ਚਿੰਤਾ ਨਹੀਂ ਹੈ, ਪਰ ਫਿਰ ਵੀ ਕਿਸਾਨਾਂ ਵੱਲੋਂ ਤਿੰਨ ਦਿਨ ਤੱਕ ਸਰਕਾਰ ਦੇ ਖ਼ਿਲਾਫ਼ ਅੰਦੋਲਨ ਜਾਰੀ ਰਹੇਗਾ। ਇਸ ਦੇ ਨਾਲ ਹੀ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਕਿਸਾਨ ਯੂਨੀਅਨ ਨੇ ਸਰਕਾਰ ਤੋਂ ਮੰਗ ਕਰਦੀ ਹੈ ਕੀ ਸਮੇਂ ਰਹਿੰਦਿਆਂ ਸਰਕਾਰ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੱਢੇ। ਕੀ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਦਾ ਹੈ ਜਾਂ ਨਹੀਂ, ਇਹ ਤਾਂ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ?