ਬਠਿੰਡਾ: ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਦੌਰਾਨ ਭਾਵੇਂ ਬਹੁਮਤ ਹਾਸਲ ਕਰ ਲਿਆ ਹੈ ਪਰ ਹਲਕਾ ਵਿਧਾਇਕ ਦਲ ਦੀ ਬੈਠਕ ਹੋਣ ਤੋਂ ਬਾਅਦ ਪੰਜਾਬ ਵਿੱਚ ਸਰਕਾਰ ਬਣਾਉਣ ਬਾਕੀ ਹੈ ਪਰ ਇਸ ਦੌਰਾਨ ਹੀ ਆਮ ਆਦਮੀ ਪਾਰਟੀ ਵਿਵਾਦਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਬਠਿੰਡਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਗਰ ਕੌਂਸਲ ਗੋਨਿਆਣਾ ਦੇ ਪ੍ਰਧਾਨ ਮਨਮੋਹਨ ਸਿੰਘ ਧੀਂਗੜਾ ਨੇ ਕਿਹਾ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਭੁੱਚੋ ਮੰਡੀ ਤੋਂ ਚੁਣੇ ਗਏ ਵਿਧਾਇਕ ਮਾਸਟਰ ਜਗਸੀਰ ਸਿੰਘ ਦੇ ਜਵਾਈ ਗੁਰਪਾਲ ਸਿੰਘ ਵੱਲੋਂ ਨਗਰ ਕੌਂਸਲ ਗੋਨਿਆਣਾ ਦੇ ਦਫ਼ਤਰ ਵਿੱਚ ਧੱਕੇ ਨਾਲ ਦਾਖਲ ਹੋ ਕੇ ਉਨ੍ਹਾਂ ਦੇ ਨਾਮ ਦੀਆਂ ਪਲੇਟਾਂ ਤੋੜੀਆਂ ਗਈਆਂ ਅਤੇ ਧੱਕੇ ਨਾਲ ਇੱਕ ਹੋਰ ਕੌਂਸਲਰ ਨੂੰ ਨਗਰ ਕੌਂਸਲ ਦੇ ਵਿੱਚ ਪ੍ਰਧਾਨ ਦੀ ਕੁਰਸੀ ’ਤੇ ਬਿਠਾਇਆ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਪੰਜਾਬ ਵਿੱਚ ਪਰਚੇ, ਕਬਜ਼ਾ ਕਲਚਰ ਬੰਦ ਕਰਨ ਦੀ ਗੱਲ ਆਖੀ ਗਈ ਸੀ ਉਥੇ ਹੀ ਹੁਣ ਪੰਜਾਬ ਵਿੱਚ ਜੀਜੇ ਸਾਲੇ ਦੀ ਸਿਆਸਤ ਤੋਂ ਬਾਅਦ ਸਹੁਰਾ ਜਵਾਈ ਦੀ ਸਿਆਸਤ ਸ਼ੁਰੂ ਹੋ ਗਈ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਪ ਵਿਧਾਇਕ ਦੇ ਜਵਾਈ ਗੁਰਪਾਲ ਸਿੰਘ ਵੱਲੋਂ ਸ਼ਰ੍ਹੇਆਮ ਨਗਰ ਕੌਂਸਲ ਪਹੁੰਚ ਕੇ ਉੱਥੋਂ ਦੇ ਕਰਮਚਾਰੀਆਂ ਨੂੰ ਡਰਾਇਆ ਧਮਕਾਇਆ ਗਿਆ ਅਤੇ ਪ੍ਰਧਾਨ ਦੀ ਕੁਰਸੀ ’ਤੇ ਧੱਕੇ ਨਾਲ ਕਿਸੇ ਹੋਰ ਕੌਂਸਲਰ ਨੂੰ ਬਿਠਾ ਕੇ ਪ੍ਰਧਾਨ ਬਣਾਉਣ ਦੀ ਗੱਲ ਆਖੀ ਗਈ।
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ 13 ਮਾਰਚ ਤੱਕ ਤਾਂ ਚੋਣ ਜ਼ਾਬਤਾ ਹੀ ਲੱਗਿਆ ਹੋਇਆ ਹੈ ਪਰ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਦੇ ਜਵਾਈ ਵੱਲੋਂ ਜੋ ਕਿ ਸਰਕਾਰੀ ਮੁਲਾਜ਼ਮ ਹੈ ਧੱਕੇਸ਼ਾਹੀ ਕਰਦਿਆਂ ਸੰਵਿਧਾਨ ਦੀਆਂ ਧੱਜੀਆਂ ਉਡਾਉਂਦੇ ਹੋਏ ਧੱਕੇ ਨਾਲ ਕਿਸੇ ਹੋਰ ਨੂੰ ਪ੍ਰਧਾਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਭਗਵੰਤ ਮਾਨ ਨੂੰ ਬੇਨਤੀ ਕੀਤੀ ਕਿ ਅਜਿਹੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਜੋ ਕਿ ਆਪ ਵਿੱਚ ਗੁੰਡਾਗਰਦੀ ਨੂੰ ਉਤਸ਼ਾਹਤ ਕਰ ਰਹੇ ਹਨ।
ਇਹ ਵੀ ਪੜ੍ਹੋ:ਲੁਧਿਆਣਾ ਤੋਂ ਕਿਹੜਾ ਵਿਧਾਇਕ ਹੋ ਸਕਦਾ ਹੈ ਆਪ ਦੇ ਮੰਤਰੀ ਮੰਡਲ ’ਚ ਸ਼ਾਮਿਲ ? ਵੇਖੋ ਖਾਸ ਰਿਪੋਰਟ...