ਬਠਿੰਡਾ: ਬੀਤੇ ਦਿਨੀ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕਰੀਬੀ ਅਤੇ ਬਠਿੰਡਾ ਨਗਰ ਨਿਗਮ ਦੀ ਮੇਅਰ ਰਮਨ ਗੋਇਲ ਖਿਲਾਫ਼ ਬੇਭਰੋਸਗੀ ਮਤੇ ਪਾਸ ਕਰਨ ਵਿਚ ਕਾਮਯਾਬ ਰਹੀ ਕਾਂਗਰਸ ਲਈ ਹੁਣ ਨਵੀ ਚੁਣੌਤੀ ਬਣਦੀ ਹੋਈ ਨਜ਼ਰ ਆ ਰਹੀ ਹੈ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕਰੀਬੀ ਮੇਅਰ ਰਮਨ ਗੋਇਲ ਖਿਲਾਫ ਬੇਭਰੋਸਗੀ ਦੇ ਮਤੇ ਵਿੱਚ ਕਾਮਯਾਬ ਰਹਿਣ ਤੋਂ ਬਾਅਦ ਕਾਂਗਰਸੀਆਂ ਵੱਲੋਂ ਜਿੱਥੇ ਅੱਜ ਲੱਡੂ ਵੰਡੇ ਗਏ, ਉੱਥੇ ਹੀ ਨਵੇਂ ਪ੍ਰਧਾਨ ਦੀ ਚੋਣ ਲਈ ਮੀਟਿੰਗਾਂ ਦਾ ਦੌਰ ਵੀ ਲਗਾਤਾਰ ਜਾਰੀ ਹੈ। ਇਸ ਦੇ ਨਾਲ ਹੀ ਮੇਅਰ ਦੀ ਚੋਣ ਲਈ ਫੈਸਲਾ ਹਾਈਕਮਾਂਡ ਦੇ ਹੱਥ ਦੇ ਦਿੱਤਾ ਗਿਆ ਹੈ।
ਨਵਾਂ ਮੇਅਰ ਬਣਾਉਣ ਦੀਆਂ ਤਿਆਰੀਆਂ: ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਮੇਅਰ ਦੀ ਚੋਣ ਕਰਨਾ ਉਨਾਂ ਲਈ ਕੋਈ ਚੁਣੌਤੀ ਨਹੀਂ ਪਰ ਇਸ ਬਾਰੇ ਫੈਸਲਾ ਪਾਰਟੀ ਹਾਈ ਕਮਾਂਡ ਵੱਲੋਂ ਕੀਤਾ ਜਾਣਾ ਹੈ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੁਝ ਕੌਂਸਲਰਾਂ ਵੱਲੋਂ ਗੁਪਤ ਤੌਰ 'ਤੇ ਬੈਠਕਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤਾਂ ਉਹਨਾਂ ਗੋਲ ਮੋਲ ਜਵਾਬ ਦਿੰਦੇ ਹੋਏ ਕਿਹਾ ਕਿ ਇੱਥੇ ਹਰ ਇੱਕ ਹੀ ਕੌਂਸਲਰ ਮੇਅਰ ਹੈ ਅਤੇ ਮੇਅਰ ਬਣਾਉਣ ਸਮੇਂ ਇਕੱਲੇ- ਇਕੱਲੇ ਕੌਂਸਲਰ ਨਾਲ ਬੈਠਕ ਕੀਤੀ ਜਾਵੇਗੀ ਅਤੇ ਨਗਰ ਨਿਗਮ ਦੀਆਂ ਬਣਨ ਵਾਲੀਆਂ ਕਮੇਟੀਆਂ ਵਿੱਚ ਵੀ ਕੌਂਸਲਰਾਂ ਨੂੰ ਬਣਦਾ ਮਾਣ ਦਿੱਤਾ ਜਾਵੇਗਾ।
ਕੌਂਸਲਰਾਂ ਨੇ ਡੀਸੀ ਨੂੰ ਦਿੱਤੀ ਦਰਖ਼ਾਸਤ: ਮੇਅਰ ਰਮਨ ਗੋਇਲ ਖਿਲਾਫ ਬੇਭਰੋਸਗੀ ਦੇ ਏਜੰਡੇ ਵਿੱਚ ਕਾਂਗਰਸ ਦਾ ਸਾਥ ਦੇਣ ਵਾਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਂਸਲਰਾਂ ਸਬੰਧੀ ਸਵਾਲ ਪੁੱਛੇ ਜਾਣ 'ਤੇ ਉਹਨਾਂ ਕਿਹਾ ਕਿ ਉਹ ਆਪਣੀ ਪਾਰਟੀ ਹਾਈਕਮਾਂਡ ਤੋਂ ਨਾਰਾਜ਼ ਸਨ, ਇਸ ਲਈ ਉਹਨਾਂ ਵੱਲੋਂ ਕਾਂਗਰਸ ਦੇ ਕੌਂਸਲਰਾਂ ਦਾ ਸਾਥ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਭਰੇ ਨੂੰ ਕੌਂਸਲਰਾਂ ਵੱਲੋਂ ਮਿਲ ਕੇ ਮੇਅਰ ਨਗਰ ਨਿਗਮ ਰਮਨ ਗੋਇਲ ਵੱਲੋਂ ਸਰਕਾਰੀ ਗੱਡੀ ਅਤੇ ਦਫਤਰ ਦੀ ਸਹੂਲਤ ਨੂੰ ਵਾਪਸ ਲੈਣ ਦੀ ਬੇਨਤੀ ਕੀਤੀ ਗਈ ਸੀ, ਜਿਸ ਸਬੰਧੀ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਇੱਕ ਪੱਤਰ ਜਾਰੀ ਕਰ ਇਹ ਸਹੂਲਤਾਂ ਵਾਪਸ ਲੈਣ ਦੀ ਗੱਲ ਆਖੀ ਗਈ। ਉਹਨਾਂ ਕਿਹਾ ਕਿ ਬਠਿੰਡਾ ਨਗਰ ਨਿਗਮ ਦੇ ਮੇਅਰ ਦੀ ਚੋਣ ਜਲਦ ਹੀ ਹੋਵੇਗੀ ਅਤੇ ਜਲਦ ਹੀ ਬਠਿੰਡਾ ਵਾਸੀਆਂ ਨੂੰ ਇੱਕ ਨਵਾਂ ਮੇਅਰ ਮਿਲੇਗਾ ਜੋ ਕਿ ਸ਼ਹਿਰ ਨੂੰ ਵਿਕਾਸ ਦੀ ਦਿਸ਼ਾ ਵੱਲ ਲੈ ਕੇ ਜਾਵੇਗਾ।