ਬਠਿੰਡਾ: ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਵੀਰ ਬਾਲ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ-ਨਾਲ ਸਿੱਖ ਜਗਤ ਦੀਆਂ ਵੱਖ-ਵੱਖ ਸਖਸ਼ੀਅਤਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਜੇਕਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੀਰ ਬਾਲ ਦਿਵਸ ਦਾ ਨਾਮ ਦਿੱਤਾ ਜਾਵੇਗਾ ਤਾਂ ਇਸ ਨਾਲ ਸਿੱਖ ਪ੍ਰੰਪਰਾਵਾਂ ਦਾ ਘਾਣ ਹੋਵੇਗਾ।
ਕੇਂਦਰ ਅਤੇ ਸੀਬੀਐਸਈ ਤੋਂ ਮੰਗਿਆ ਸਪੱਸ਼ਟੀਕਰਨ: ਉਧਰ ਪਿਛਲੇ ਸਾਲ ਦੀ ਤਰ੍ਹਾਂ ਹੀ ਇਸ ਸਾਲ ਵੀ ਕੇਂਦਰ ਸਰਕਾਰ ਵੱਲੋਂ ਵੀਰ ਬਾਲ ਦਿਵਸ 'ਤੇ ਜਿੱਥੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਉੱਥੇ ਹੀ ਕਈ ਸਿੱਖਿਆ ਸੰਸਥਾਵਾਂ ਵਿੱਚ ਸਾਹਿਬਜ਼ਾਦਿਆਂ ਦੇ ਰੂਪ ਵਿੱਚ ਪਾਤਰ ਬਣਾ ਕੇ ਨਾਟਕ ਕਰਵਾਏ ਗਏ। ਜਿਸ ਕਾਰਨ ਸਿੱਖ ਜਗਤ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸਬੰਧੀ ਕੇਂਦਰ ਸਰਕਾਰ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ। ਉਧਰ ਦੂਸਰੇ ਪਾਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੀਬੀਐਸਈ ਵੱਲੋਂ ਸਕੂਲਾਂ ਵਿੱਚ ਵੀਰ ਬਾਲ ਦਿਵਸ ਮੌਕੇ ਕਰਵਾਏ ਗਏ ਸਮਾਗਮਾਂ ਸਬੰਧੀ ਵੀ ਸਪੱਸ਼ਟੀਕਰਨ ਮੰਗਿਆ ਗਿਆ ਹੈ
ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਸਰਕਾਰ: ਕੇਂਦਰ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀਰ ਬਾਲ ਦਿਵਸ ਨੂੰ ਲੈ ਕੇ ਆਹਮੋ ਸਾਹਮਣੇ ਹੁੰਦੀਆਂ ਨਜ਼ਰ ਆ ਰਹੀਆਂ ਹਨ। ਉੱਥੇ ਹੀ ਦੂਸਰੇ ਪਾਸੇ ਸਿੱਖ ਚਿੰਤਕਾਂ ਵੱਲੋਂ ਵੀ ਚਿੰਤਾ ਜਾਹਰ ਕੀਤੀ ਹੈ ਕਿਉਂਕਿ ਸਿੱਖ ਪਰੰਪਰਾਵਾਂ ਦੇ ਉਲਟ ਵੀਰ ਬਾਲ ਦਿਵਸ ਸਾਹਿਬਜ਼ਾਦਿਆਂ ਦੇ ਪਾਤਰ ਬਣਾ ਕੇ ਕਰਵਾਏ ਜਾ ਰਹੇ ਨਾਟਕ ਨੂੰ ਅਤੀ ਮੰਦਭਾਗਾ ਦੱਸਿਆ ਜਾ ਰਿਹਾ ਹੈ। ਇਸ ਨੂੰ ਲੈਕੇ ਦਲ ਖਾਲਸਾ ਦੇ ਬਾਬਾ ਹਰਦੀਪ ਸਿੰਘ ਮਹਾਰਾਜ ਨੇ ਕਿਹਾ ਕਿ ਛੋਟੇ ਸਾਹਿਬਜ਼ਾਦੇ ਹੁਣ ਸਿੱਖ ਪੰਥ ਲਈ ਬਾਲ ਨਹੀਂ ਰਹੇ, ਉਹ ਸਿੱਖ ਜਗਤ ਦੇ ਬਾਬੇ ਬਣ ਚੁੱਕੇ ਹਨ। ਕੇਂਦਰ ਸਰਕਾਰ ਵੱਲੋਂ ਵੀਰ ਬਾਲ ਦਿਵਸ ਦੇ ਆੜ ਹੇਠ ਸਿੱਖ ਇਤਿਹਾਸ ਨੂੰ ਤੋੜ ਮਰੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦਾ ਉਹ ਪੁਰਜੋਰ ਵਿਰੋਧ ਕਰਦੇ ਹਨ। ਸਿੱਖ ਪਰੰਪਰਾਵਾਂ ਵਿੱਚ ਗੁਰੂਆਂ ਦੀਆਂ ਮੂਰਤੀਆਂ ਦੀ ਪੂਜਾ ਨਹੀਂ ਹੁੰਦੀ ਅਤੇ ਨਾ ਹੀ ਉਹਨਾਂ ਦੇ ਪਾਤਰ ਬਣਾ ਕੇ ਨਾਟਕ ਖੇਡੇ ਜਾਂਦੇ ਹਨ। ਅਜਿਹਾ ਕਰਕੇ ਕੇਂਦਰ ਸਰਕਾਰ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ। ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਕਿ ਵੀਰ ਬਾਲ ਦਿਵਸ ਦੇ ਨਾਮ ਹੇਠ ਕੇਂਦਰ ਸਰਕਾਰ ਨੂੰ ਸਿੱਖ ਜਗਤ ਦੀਆਂ ਪਰੰਪਰਾਵਾਂ ਨਾਲ ਖਿਲਵਾੜ ਕਰਨ ਤੋਂ ਰੋਕਿਆ ਜਾਵੇ।
ਸਿੱਖਾਂ ਨੂੰ ਸਾਵਰਕਰ ਨਾਲ ਜੋੜਨਾ ਚਾਹੁੰਦਾ ਕੇਂਦਰ: ਉਧਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂ ਵਾਲੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਭਾਜਪਾ ਅਤੇ ਆਰ.ਐੱਸ.ਐੱਸ ਦੇ ਮਨਸੂਬਿਆਂ ਨੂੰ ਕਾਮਯਾਬ ਕਰਨ ਲਈ ਵੀਰ ਬਾਲ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਹੈ, ਕਿਉਂਕਿ ਵੀਰ ਸ਼ਬਦ ਨਾਲ ਇਹ ਸਿੱਖ ਕੌਮ ਨੂੰ ਵੀਰ ਸਾਵਰਕਰ ਨਾਲ ਜੋੜਨਾ ਚਾਹੁੰਦੇ ਹਨ ਅਤੇ ਸਿੱਖਾਂ ਦੀ ਵੱਖਰੀ ਕੌਮ ਨੂੰ ਹਿੰਦੂ ਧਰਮ ਦਾ ਹਿੱਸਾ ਦੱਸਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਪਰ ਕੇਂਦਰ ਸਰਕਾਰ ਵੱਲੋਂ ਜੋ ਵੀਰ ਬਾਲ ਦਿਵਸ ਦੀ ਆੜ ਵਿੱਚ ਸਿੱਖਾਂ ਦੇ ਇਤਿਹਾਸ ਨੂੰ ਤੋੜ ਮਰੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ ਕਿ ਉਹ ਕੇਂਦਰ ਸਰਕਾਰ ਖਿਲਾਫ ਕੋਈ ਐਕਸ਼ਨ ਲਵੇ ਕਿਉਂਕਿ ਵੀਰ ਵਾਲ ਦਿਵਸ ਦੀ ਆੜ ਵਿੱਚ ਕੇਂਦਰ ਸਰਕਾਰ ਵੱਲੋਂ ਸਿੱਖ ਪਰੰਪਰਾਵਾਂ ਦਾ ਘਾਣ ਕੀਤਾ ਜਾ ਰਿਹਾ ਹੈ।
ਸਾਡੇ ਧਰਮ 'ਚ ਕਿਸੇ ਦਾ ਦਖ਼ਲ ਬਰਦਸ਼ਤ ਨਹੀਂ ਕਰਾਂਗੇ। ਦੁਨੀਆ 'ਚ ਕਿਤੇ ਵੀ ਬੈਠਾ ਸਿੱਖ ਸਰਕਾਰ ਦੇ ਇਸ ਵੀਰ ਬਾਲ ਦਿਵਸ ਨੂੰ ਸਵੀਕਾਰ ਨਹੀਂ ਕਰੇਗਾ, ਕਿਉਂਕਿ ਸਾਡੇ ਧਰਮ 'ਚ ਵੀਰ ਸ਼ਬਦ ਨਹੀਂ ਹੁੰਦਾ। ਉਹ ਸਾਡੇ ਸਾਹਿਬਜ਼ਾਦੇ ਹਨ ਅਤੇ ਸਾਡੇ ਬਾਬੇ ਹਨ। ਜੋ ਇੰਨ੍ਹਾਂ ਨੇ ਵੀਰ ਸ਼ਬਦ ਨਾਮ ਦਿੱਤਾ ਉਹ ਸਾਵਰਕਰ ਦੇ ਨਾਮ 'ਤੇ ਦਿੱਤਾ ਹੈ। ਸਰਕਾਰ ਨੂੰ ਚਾਹੀਦਾ ਕਿ ਇਸ ਵੀਰ ਸ਼ਬਦ ਨੂੰ ਵਾਪਸ ਲਿਆ ਜਾਵੇ ਤੇ ਜੇ ਕੇਂਦਰ ਨੇ ਸਿੱਖਾਂ ਦੇ ਕੋਈ ਧਾਰਮਿਕ ਦਿਨ ਮਨਾਉਣੇ ਹਨ ਤਾਂ ਉਸ ਨੂੰ ਸਾਡੀਆਂ ਰਹੁ ਰੀਤਾਂ ਅਨੁਸਾਰ ਹੀ ਮਨਾਇਆ ਜਾਵੇ।- ਪਰਮਿੰਦਰ ਸਿੰਘ ਬਾਲਿਆਂ ਵਾਲੀ, ਜ਼ਿਲ੍ਹਾ ਪ੍ਰਧਾਨ SAD ਅੰਮ੍ਰਿਤਸਰ
ਕੇਂਦਰ ਕੋਲ ਗੱਲ ਰੱਖੇ ਸ਼੍ਰੋਮਣੀ ਕਮੇਟੀ: ਉਥੇ ਹੀ ਵੀਰ ਬਾਲ ਦਿਵਸ ਦੀ ਪਰੋੜਤਾ ਕਰਦੇ ਹੋਏ ਕੇਂਦਰੀ ਕੈਬਨਿਟ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਦੁਨੀਆ ਦੇ ਇਤਿਹਾਸ ਵਿੱਚ ਅਜਿਹੇ ਕੋਈ ਪ੍ਰਣਾਮ ਨਹੀਂ ਮਿਲਦੇ ਜਿੱਥੇ ਇੰਨੀ ਛੋਟੀ ਉਮਰ ਵਿੱਚ ਕਿਸੇ ਨੇ ਸ਼ਹਾਦਤ ਦਿੱਤੀ ਹੋਵੇ। ਇਸ ਇਤਿਹਾਸ ਬਾਰੇ ਦੇਸ਼ ਨੂੰ ਦੱਸਣ ਲਈ ਕੇਂਦਰ ਸਰਕਾਰ ਵੱਲੋਂ ਵੀਰ ਬਾਲ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਇਸ ਦਿਨ ਨਾਟਕੀਆ ਰੂਪਾਂਤਰ ਕੀਤੇ ਜਾਣ ਲਈ ਕੇਂਦਰ ਸਰਕਾਰ ਜਿੰਮੇਵਾਰ ਨਹੀਂ ਹੈ ਅਤੇ ਨਾ ਹੀ ਉਸ ਨਾਲ ਜੋੜਿਆ ਜਾਣਾ ਚਾਹੀਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਮੁੱਦੇ ਨੂੰ ਲੈ ਕੇ ਆਪਣਾ ਪੱਖ ਕੇਂਦਰ ਸਰਕਾਰ ਕੋਲ ਰੱਖਣਾ ਚਾਹੀਦਾ ਹੈ।