ਬਠਿੰਡਾ: ਜ਼ਿਲ੍ਹੇ ਵਿੱਚ ਡੇਂਗੂ ਦਾ ਕਹਿਰ ਜਾਰੀ ਹੈ। ਇਥੇ 61 ਮਾਮਲੇ ਸਾਹਮਣੇ ਆਏ ਹਨ। ਬਚਾਅ ਕਾਰਜਾਂ (Relief work) ਤਹਿਤ ਸਿਹਤ ਵਿਭਾਗ (Health Department) ਵੱਲੋਂ 12 ਟੀਮਾਂ ਵੀ ਬਣਾ ਦਿੱਤੀਆਂ ਗਈਆਂ ਹਨ ਪਰ ਇਸ ਦੇ ਬਾਵਜੂਦ ਬਠਿੰਡਾ ਵਿੱਚ ਡੇਂਗੂ ਨੇ ਆਪਣਾ ਕਹਿਰ ਲਗਾਤਾਰ ਢਾਹ ਰਿਹਾ ਹੈ।
ਹੁਣ ਤੱਕ 61 ਮਾਮਲੇ ਆਏ ਸਾਹਮਣੇ
ਹੁਣ ਤੱਕ ਸਿਹਤ ਵਿਭਾਗ ਅਨੁਸਾਰ 61 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਨੀਂਦ ਤੋਂ ਜਾਗਿਆ ਹੈ। ਵਿਭਾਗ ਵੱਲੋਂ 12 ਟੀਮਾਂ ਬਣਾ ਕੇ ਡੇਂਗੂ ਦੇ ਲਾਰਵੇ ਸਬੰਧੀ ਅੰਕੜੇ ਇਕੱਠੇ ਕਰਕੇ ਨਗਰ ਨਿਗਮ ਨੂੰ ਭੇਜੇ ਜਾ ਰਹੇ ਹਨ ਅਤੇ ਇਸ ਲਾਰਵੇ ਲਈ ਕਥਿਤ ਜ਼ਿੰਮੇਵਾਰ ਸੰਸਥਾ ਦੇ ਚਲਾਨ ਵੀ ਸਿਹਤ ਵਿਭਾਗ ਵੱਲੋਂ ਕੱਢੇ ਜਾ ਰਹੇ ਹਨ।
ਮੌਸਮੀ ਤਬਦੀਲੀ ਦੱਸਿਆ ਜਾਂਦਾ ਕਾਰਨ
ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਡੇਂਗੂ ਦੇ ਕਹਿਰ ਦਾ ਅਸਲ ਕਾਰਨ ਮੌਸਮ ਵਿਚ ਆਈ ਵੱਡੀ ਤਬਦੀਲੀ (Climate Change) ਹੈ, ਜਿਸ ਕਾਰਨ ਲਗਾਤਾਰ ਡੇਂਗੂ ਦੇ ਮਰੀਜ਼ ਵਧ ਰਹੇ ਹਨ। ਹੁਣ ਤਕ 327 ਲਾਰਵਾ (Larva) ਸਿਹਤ ਵਿਭਾਗ ਵੱਲੋਂ ਲੱਭੇ ਜਾ ਚੁੱਕੇ ਹਨ। ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਬਾਹਰ ਜਾਣ ਤੇ ਘਰ ਦੇ ਅੰਦਰ ਵੀ ਪੂਰੀਆਂ ਬਾਹਾਂ ਦੇ ਕੱਪੜੇ ਪਾ ਕੇ ਰੱਖਣ ਅਤੇ ਆਪਣੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦੇਣ।
ਪਿਛਲੇ ਸਾਲ 570 ਮਰੀਜ ਮਿਲੇ ਸੀ
ਇੱਥੇ ਦੱਸਣਯੋਗ ਹੈ ਕਿ ਬਠਿੰਡਾ ਵਿੱਚ ਪਿਛਲੇ ਸਾਲ 570 ਮਾਮਲੇ ਡੇਂਗੂ ਦੇ ਸਾਹਮਣੇ ਆਏ ਸੀ। ਜਿਕਰਯੋਗ ਹੈ ਕਿ ਇੱਕ ਹਫਤਾ ਪਹਿਲਾਂ ਦੇ ਹਾਲਾਤ ਇਹ ਸੀ ਕਿਸਿਵਲ ਹਸਪਤਾਲ ਵਿੱਚ ਮਰੀਜ ਵੀ ਵਾਸ਼ ਰੂਮ ਵਿੱਚ ਪਾਣੀ ਦੀ ਕਮੀ ਨੂੰ ਲੈ ਕੇ ਰੌਲਾ ਮਚਾ ਰਹੇ ਸਨ । ਸਿਵਲ ਹਸਪਤਾਲ ਵਿੱਚ ਮਰੀਜ ਅਕਸ਼ਯ ( ਬਦਲਾ ਹੋਇਆ ਨਾਮ ) ਦੇ ਇੱਕ ਰਿਸ਼ਤੇਦਾਰ ਦਾ ਕਹਿਣਾ ਸੀ ਕਿ ਇੱਥੇ ਵਾਸ਼ ਰੂਮ ਵਿੱਚ ਪਾਣੀ ਉਪਲੱਬਧ ਨਹੀਂ ਸੀ ਅਤੇ ਬਾਹਰੋਂ ਪਾਣੀ ਲਿਆਉਣਾ ਪੈਂਦਾ ਸੀ, ਜਿਹੜਾ ਕਿ ਮੁਸ਼ਕਲ ਕੰਮ ਹੈ।
ਕਈ ਬਸਤੀਆਂ ‘ਚ ਫੈਲਿਆ ਡੇਂਗੂ
ਇਥੇ ਇਹ ਵੀ ਜਿਕਰਯੋਗ ਹੈ ਕਿ ਨਿਜੀ ਹਸਪਤਾਲਾਂ ਵਿੱਚ ਵੀ ਡੇਂਗੂ ਦੇ ਮਰੀਜ (Patient) ਦਾਖ਼ਲ ਹਨ ਤੇ ਉਥੇ ਵੀ ਡੇਂਗੂ ਦੀ ਜਾਂਚ ਜਾਰੀ ਹੈ। ਡੇਂਗੂ ਦੇ ਮਰੀਜ ਜਿਆਦਾਤਰ ਮਾਡਲ ਟਾਉਨ, ਚਾਂਸਰ ਬਸਤੀ , ਪਰਸਰਾਮ ਨਗਰ , ਸੰਜੈ ਨਗਰ ਅਤੇ ਸ਼ਹਿਰ ਦੇ ਹੋਰ ਇਲਾਕੀਆਂ ਦੇ ਹਨ। ਹਾਲਾਂਕਿ ਸਿਹਤ ਅਧਿਕਾਰੀਆਂ ਨੇ ਨਿਜੀ ਹਸਪਤਾਲਾਂ ਕੋਲੋਂ ਡੇਂਗੂ ਦੇ ਮਾਮਲਿਆਂ ਦੀ ਰਿਪੋਰਟਿੰਗ ਨੂੰ ਇੱਕ ਸਕਾਰਾਤਮਕ ਸੰਕੇਤ ਦੇ ਰੂਪ ਵਿੱਚ ਵੇਖਿਆ ਹੈ, ਕਿਉਂਕਿ ਇਸ ਤੋਂ ਸਿਹਤ ਟੀਮਾਂ ਲਈ ਬਠਿੰਡਾ ਵਿੱਚ ਡੇਂਗੂ ਰੋਗੀਆਂ ਦੇ ਅਨੁਵਰਤੀ ਮਾਮਲਿਆਂ ਵਿੱਚ ਲਾਰਵਾ ਦਾ ਪਤਾ ਲਗਾਉਣਾ ਅਤੇ ਉਸ ਉੱਤੇ ਦਵਾਈਆਂ ਦਾ ਛਿੜਕਾਅ ਕਰਨਾ ਆਸਾਨ ਹੋਵੇਗਾ।
ਸਿਵਲ ਹਸਪਤਾਲ ‘ਚ ਪਾਣੀ ਦੀ ਘਾਟ
ਧਿਆਨਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਬਠਿੰਡਾ ਸਿਵਲ ਸਰਜਨ (Civil Surgeon) ਨੇ ਡੇਂਗੂ ਦੇ ਮਰੀਜਾਂ ਦਾ ਇਲਾਜ ਕਰ ਰਹੇ ਨਿਜੀ ਹਸਪਤਾਲਾਂ ਵਿੱਚ ਛਾਪੇਮਾਰੀ ਕੀਤੀ ਗਈ ਸੀ ਅਤੇ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇਸ ਦੀ ਸੂਚਨਾ ਨਹੀਂ ਦਿੱਤੀ ਸੀ। ਜਿਸ ਤੋਂ ਬਾਅਦ ਡੇਂਗੂ ਦੇ ਕਈ ਮਰੀਜਾਂ ਦੇ ਸੈਂਪਲ ਲਈ ਗਏ ਅਤੇ ਕਈ ਦੀ ਰਿਪੋਰਟ ਪਾਜਿਟਿਵ (Positive) ਆਈਆਂ ਸੀ । ਸਿਹਤ ਅਧਿਕਾਰੀਆਂ ਨੇ ਬਠਿੰਡਾ ਦੇ ਗੋਨਿਆਨਾ ਸ਼ਹਿਰ ਵਿੱਚ ਡੇਂਗੂ ਦੇ ਖਤਰੇ ਦਾ ਮੁਕਾਬਲਾ ਕਰਨ ਦਾ ਦਾਅਵਾ ਕੀਤਾ ਸੀ। ਇਥੇ ਦੋ-ਤਿੰਨ ਹਫ਼ਤੇ ਪਹਿਲਾਂ ਵੱਡੀ ਗਿਣਤੀ ਵਿੱਚ ਮਾਮਲੇ ਸਾਹਮਣੇ ਆ ਰਹੇ ਸਨ। ਇਸ ਸਾਲ ਜੂਨ ਤੋਂ ਬਾਅਦ ਤੋਂ ਗੋਨਿਆਨਾ ਸ਼ਹਿਰ ਵਿੱਚ ਡੇਂਗੂ ਦਾ ਕਹਿਰ ਸਾਹਮਣੇ ਆਇਆ ਸੀ, ਜਿਸ ਨਾਲ ਜਿਲ੍ਹੇ ਵਿੱਚ ਮਰੀਜ ਵਧਦੇ ਗਏ।