ਬਠਿੰਡਾ: ਦਸਤਾਰ ਤੋਂ ਦੂਰ ਹੁੰਦੀ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਦਸਤਾਰ ਬੰਨਣ ਲਈ ਉਤਸ਼ਾਹਤ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼ੁਰੂ ਕੀਤਾ ਗਿਆ ਦਸਤਾਰ ਬੰਦੀ ਸਮਾਗਮ ਹੁਣ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ 5 ਫਰਵਰੀ ਨੂੰ ਕਰਾਇਆ ਜਾ ਰਿਹਾ ਹੈ। ਜਿਸ ਦੀਆਂ ਤਿਆਰੀਆਂ ਸਬੰਧੀ ਅੱਜ ਦਮਦਮਾ ਸਾਹਿਬ ਵਿਖੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਅਹਿਮ ਮੀਟਿੰਗ ਕੀਤੀ ਗਈ।
ਸਿੱਖ ਪ੍ਰਚਾਰਕਾਂ ਨੇ ਸ਼ਿਰਕਤ ਕੀਤੀ: ਮੀਟਿੰਗ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਤਖਤ ਸਾਹਿਬ ਇੰਚਾਰਜ ਗੁਰਪ੍ਰੀਤ ਸਿੰਘ ਝੱਬਰ ਤੋਂ ਇਲਾਵਾ ਵੱਡੀ ਗਿਣਤੀ ਸਿੱਖ ਪ੍ਰਚਾਰਕਾਂ ਨੇ ਸ਼ਿਰਕਤ ਕੀਤੀ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਵੱਡੀ ਗਿਣਤੀ ਵਿੱਚ ਸਮਾਗਮ ਵਿੱਚ ਭੇਜਣ ਦੀ ਅਪੀਲ ਕੀਤੀ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਦਸਤਾਰ ਵੱਲ ਮੋੜਨ ਲਈ ਇਹ ਵਿਸ਼ੇਸ਼ ਉਪਰਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਦਦ ਨਾਲ ਕਰਵਾਇਆ ਜਾ ਰਿਹਾ ਹੈ।
ਪੰਜਾਬ ਦੀ ਪਹਿਚਾਣ ਦਸਤਾਰ ਨਾਲ: ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਪੰਜਾਬ ਦੀ ਪਹਿਚਾਣ ਦਸਤਾਰ ਨਾਲ ਹੀ ਹੈ, ਪਰ ਨੌਜਵਾਨ ਪੀੜ੍ਹੀ ਦਸਤਾਰਾਂ ਨੂੰ ਆਪਣੇ ਸਿਰਾਂ ਤੋਂ ਦੂਰ ਕਰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡਾ ਸੁਪਨਾ ਹੈ ਪੰਜਾਬ ਤੇ ਹਰ ਸਿੱਖ ਦੇ ਸਿਰ ਉੱਤੇ ਦਸਤਾਰ ਹੋਵੇ ਅਤੇ ਸਾਡੀ ਪਹਿਚਾਣ ਗੁਆਚਣ ਦਾ ਡਰ ਨਾ ਰਹੇ। ਉਨ੍ਹਾਂ ਕਿਹਾ ਕਿ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦਸਤਾਰ ਬੰਦੀ ਸਮਾਗਮ ਕੀਤਾ ਗਿਆ ਸੀ ਅਤੇ ਹੁਣ ਦੂਜਾ ਦਸਤਾਰ-ਬੰਦੀ ਸਮਾਗਮ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਮੂਹ ਸੰਸਥਾਵਾਂ ਅਤੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ 5 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਲਈ ਪ੍ਰਚਾਰਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਸਮਾਗਮ ਵਿਚ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਮਾਗਮ ਵਿੱਚ ਭੇਜਿਆ ਜਾਵੇ।
ਇਹ ਵੀ ਪੜ੍ਹੋ: ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਵਿਆਹ ਪੂਰਬ, ਸੰਗਤ ਨੇ ਕੱਢਿਆ ਵਿਸ਼ਾਲ ਨਗਰ ਕੀਰਤਨ
ਜਥੇਦਾਰ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਇਹੀ ਸੁਪਨਾ ਜਨਮ ਦੀ ਸੋਝੀ ਆਉਣ ਤੋਂ ਲੈਕੇ ਮੌਤ ਤੱਕ ਸਿੱਖਾਂ ਦੇ ਸਿਰਾਂ ਦਾ ਤਾਜ ਬਣ ਕੇ ਦਸਤਾਰ ਹਮੇਸ਼ਾ ਸਜੀ ਰਹੇ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀਆਂ ਵਿਸ਼ੇਸ਼ ਤੌਰ ਉੱਤੇ ਡਿਊਟੀਆਂ ਪੰਜਾਬ ਦੇ ਸਕੂਲਾਂ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੂੰ ਦਸਤਾਰਬੰਦੀ ਲਈ ਪ੍ਰੇਰਿਤ ਕਰਨ ਲਈ ਲਗਾਈਆਂ ਜਾਣਗੀਆਂ।