ਬਠਿੰਡਾ: ਬਠਿੰਡਾ ਤੋਂ ਅੰਮ੍ਰਿਤਸਰ ਮੇਨ ਹਾਈਵੇ ਤੇ ਪਿੰਡ ਜੀਦਾ ਦੇ ਨੇੜੇ ਬਣੇ ਟੋਲ ਪਲਾਜ਼ਾ 'ਤੇ ਕੇਂਦਰ ਸਰਕਾਰ ਰਾਹੀਂ ਜਾਰੀ ਕੀਤੇ ਗਏ ਕਾਨੂੰਨ ਦੀਆਂ ਧੱਜੀਆਂ ਉੱਡ ਰਹੀਆਂ ਹਨ। ਪਿੰਡ ਜੀਦਾ ਦੇ ਨੇੜੇ ਬਣੇ ਟੋਲ ਪਲਾਜ਼ਾ 'ਤੇ ਸੀਆਰਪੀਐਫ ਦੇ ਜਵਾਨ ਵੱਲੋਂ ਪਰਚੀ ਕਟਾਉਣ ਅਤੇ ਕਰਮਚਾਰੀਆਂ ਵੱਲੋਂ ਮਾੜਾ ਵਰਤਾਅ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸੀਆਰਪੀਐਫ ਦੇ ਜਵਾਨ ਹਰਗੋਬਿੰਦ ਸਿੰਘ ਨੇ ਮਾਮਲੇ ਬਾਰੇ ਦੱਸਦਿਆਂ ਕਿਹਾ ਕਿ ਉਹ ਆਪਣੇ ਪਰੀਵਾਰਕ ਮੈਂਬਰਾਂ ਸਮੇਤ ਰਿਸ਼ਤੇਦਾਰਾਂ ਘਰ ਜਾ ਰਿਹਾ ਸੀ ਅਤੇ ਰਾਹ 'ਚ ਟੋਲ ਪਲਾਜ਼ਾ ਨੇ ਉਸ ਨੂੰ ਰੋਕਿਆ ਅਤੇ ਕਾਰਡ ਦਿਖਾਉਣ ਤੋਂ ਬਾਅਦ ਉਸ ਨੂੰ ਜਾਣ ਦਿੱਤਾ, ਪਰ ਵਾਪਸ ਆਉਂਦੇ ਹੋਏ ਟੋਲ ਪਲਾਜ਼ਾ ਦੇ ਕਰਮਚਾਰੀ ਨੇ ਉਸ ਨੂੰ ਰੋਕ ਲਿਆ ਅਤੇ ਪਰਚੀ ਕਟਾਉਣ ਲਈ ਕਿਹਾ। ਹਰਗੋਬਿੰਦ ਸਿੰਘ ਅਨੁਸਾਰ ਜਦੋਂ ਉਸ ਨੇ ਆਪਣਾ ਕਰਾਡ ਦਿਖਾਇਆ ਤਾਂ ਸਹਿਲਾ ਕਰਮਚਾਰੀ ਨੇ ਉਸ ਦਾ ਕਾਰਡ ਫੜਨ ਦੀ ਕੋਸ਼ਿਸ ਕੀਤੀ, ਪਰ ਉਸ ਵੱਲੋਂ ਕਾਰਡ ਨਾ ਫੜਾਉਣ ਤੇ ਕਈ ਕਰਮਚਾਰੀਆਂ ਨੇ ਉਸ ਦੀ ਗੱਡੀ ਨੂੰ ਘੇਰ ਲਿਆ ਅਤੇ ਬਹਿਸ ਸੁਰੂ ਹੋ ਗਈ। ਪਰਿਵਾਰਕ ਮੈਂਬਰਾਂ ਵੱਲੋਂ ਪਰਚੀ ਕਟਾਉਣ ਤੋਂ ਬਾਅਦ ਵੀ ਕਰੀਬ ਦਸ ਕੁ ਮਿੰਟਾਂ ਬਾਅਦ ਉਨ੍ਹਾਂ ਨੂੰ ਜਾਣ ਦਿੱਤਾ ਗਿਆ।
ਇਹ ਵੀ ਪੜ੍ਹੋ- ਭਾਰਤ ਅਤੇ ਦੱਖਣੀ ਅਫ਼ਰੀਕਾ ਵੂਮੈਨ ਟੀ20 ਦਾ ਦੂਸਰਾ ਮੁਕਾਬਲਾ ਚੜ੍ਹਿਆ ਮੀਂਹ ਦੀ ਭੇਟ
ਹਰਗੋਬਿੰਦ ਸਿੰਘ ਨੇ ਦੱਸਿਆ ਕਿ ਕਾਨੂੰਨ ਅਨੁਸਾਰ ਦੇਸ਼ ਦੀ ਸੁਰੱਖਿਆ ਲਈ ਸਮਰਪਿਤ ਕੋਈ ਵੀ ਜਵਾਨ ਆਪਣਾ ਆਈ ਕਾਰਡ ਸਕੈਨ ਨਹੀਂ ਕਰਵਾ ਸਕਦਾ ਕਿਉਂਕਿ ਉਸ ਦੀ ਦੁਰਵਰਤੋਂ ਕੀਤੀ ਜਾ ਸਕਦੀ ਹੈ। ਹਰਗੋਬਿੰਦ ਸਿੰਘ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਨੂੰ ਇਨ੍ਹਾਂ ਥਾਵਾਂ 'ਤੇ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ ਤਾਂ ਜੋ ਉਸ ਵਾਂਗ ਕਿਸੇ ਹੋਰ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਤਰ੍ਹਾਂ ਮਾਮਲੇ ਜਿੱਥੇ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਖੜੇ ਕਰਦੇ ਹਨ ਉੱਥੇ ਹੀ ਸਮਾਜ ਦੇ ਲੋਕਾਂ ਨੂੰ ਮਾਨਸਿਕ ਪੱਖੋਂ ਵੀ ਬਿਮਾਰ ਕਰਦੇ ਹਨ।