ਬਠਿੰਡਾ: ਵੀਰਵਾਰ ਨੂੰ ਕੌਂਟਰੀਬਿਊਟਰੀ ਪ੍ਰੋਵੀਡੈਂਟ ਫੰਡ (ਸੀਪੀਐੱਫ਼) ਕਰਮਚਾਰੀ ਯੂਨੀਅਨ ਦੇ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਲੈ ਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਦਫ਼ਤਰ ਤੱਕ ਸੂਬਾ ਪੱਧਰ 'ਤੇ ਇਕੱਠੇ ਹੋ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਵਿੱਤ ਮੰਤਰੀ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਕਰਮਚਾਰੀਆਂ ਨੇ ਸੜਕ 'ਤੇ ਲਿਟ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ।
ਸੀਪੀਐੱਫ਼ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਲ 2004 'ਚ ਸਰਕਾਰ ਦੇ ਅਧੀਨ ਆਉਂਦੇ ਕਰਮਚਾਰੀਆਂ ਦੀ ਪੈਨਸ਼ਨ ਸਕੀਮ ਅਤੇ ਰਿਟਾਇਰਮੈਂਟ ਤੋਂ ਬਾਅਦ ਮਿਲਣ ਵਾਲੀਆਂ ਹੋਰ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ ਜਿਸ ਨੂੰ ਬਹਾਲ ਕਰਵਾਉਣ ਲਈ ਸੀਪੀਐੱਫ਼ ਕਰਮਚਾਰੀ ਯੂਨੀਅਨ ਦੇ ਮੈਂਬਰ ਸੜਕਾਂ 'ਤੇ ਉੱਤਰੇ ਹਨ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਮੀਟਿੰਗਾਂ ਵੀ ਕੀਤੀਆਂ ਗਈਆਂ ਸਨ ਪਰ ਉਸ ਦਾ ਕੋਈ ਖ਼ਾਸ ਨਤੀਜਾ ਨਹੀਂ ਨਿਕਲਿਆ। ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਜੇਕਰ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਦਫ਼ਤਰ ਸਾਹਮਣੇ ਅਣਮਿਥੇ ਸਮੇਂ ਦੇ ਲਈ ਧਰਨਾ ਲਗਾਵਾਂਗੇ।
ਸੀਪੀਐੱਫ਼ ਕਰਮਚਾਰੀ ਯੂਨੀਅਨ ਦੀ ਮਹਿਲਾ ਮੈਂਬਰ ਅਮਰਦੀਪ ਕੌਰ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਸੱਤਾ 'ਚ ਆਉਣ ਤੋਂ ਪਹਿਲਾਂ ਆਪਣੇ ਚੋਣ ਮੈਨੀਫੈਸਟੋ 'ਚ ਸੀਪੀਐੱਫ਼ ਕਰਮਚਾਰੀਆਂ ਦੀ ਮੁੜ ਤੋਂ ਪੈਨਸ਼ਨ ਬਹਾਲ ਕਰਨ ਦੀ ਗੱਲ ਕਹੀ ਸੀ ਪਰ ਸੱਤਾ 'ਚ ਆਉਣ ਤੋਂ ਬਾਅਦ ਕਾਂਗਰਸ ਸਰਕਾਰ ਮੁੜ ਤੋਂ ਕੀਤੇ ਗਏ ਵਾਅਦੇ ਤੋਂ ਭੱਜਦੀ ਨਜ਼ਰ ਆ ਰਹੀ ਹੈ। ਇਸੇ ਤਹਿਤ ਅੱਜ ਬਠਿੰਡਾ 'ਚ ਸੂਬੇ ਭਰ ਦੇ ਸੀਪੀਐੱਫ਼ ਕਰਮਚਾਰੀ ਧਰਨੇ 'ਤੇ ਉਤਰੇ ਹਨ ਅਤੇ ਇਹ ਧਰਨਾ ਚੋਣ ਜ਼ਾਬਤਾ ਤੱਕ ਜਾਰੀ ਰਹੇਗਾ।
![undefined](https://s3.amazonaws.com/saranyu-test/etv-bharath-assests/images/ad.png)