ਬਠਿੰਡਾ : ਜ਼ਿੰਦਗੀ ਇਕ ਸੰਘਰਸ਼ ਹੈ ਤੇ ਸੰਘਰਸ਼ ਜਿੱਤਣ ਲਈ ਮਨੁੱਖ ਵੱਲੋਂ ਹਰ ਤਰ੍ਹਾਂ ਦੇ ਹੀਲੇ-ਵਸੀਲੇ ਵਰਤੇ ਜਾਂਦੇ ਹਨ। ਬਠਿੰਡਾ ਵਿੱਚ ਆਟੋ ਚਲਾਉਣ ਵਾਲਾ ਗੁਰਤੇਜ ਸਿੰਘ, ਜੋ ਕਿ ਸਮਾਜ ਸੇਵਾ ਵਿੱਚ ਬਹੁਤ ਯਕੀਨ ਰੱਖਦਾ ਹੈ ਅਤੇ ਗਰਭਵਤੀ ਮਹਿਲਾਵਾਂ ਨੂੰ ਹਸਪਤਾਲ ਤੱਕ ਮੁਫ਼ਤ ਛੱਡ ਕੇ ਆਉਣ ਅਤੇ ਲੈ ਕੇ ਆਉਣ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ, ਨੂੰ ਆਪਣੀ ਬੱਚੀ ਦੇ ਇਲਾਜ ਲਈ ਪਤਨੀ ਪ੍ਰੀਤ ਨਾਲ ਮਿਲਕੇ ਕੁੱਲ੍ਹੜ ਪੀਜ਼ਾ ਵੇਚਣ ਦਾ ਕਾਰੋਬਾਰ ਕਰ ਰਿਆ ਹੈ।
"ਬੱਚੀ ਦੇ ਇਲਾਜ ਲਈ ਦੋਹਰੀ ਮਿਹਨਤ ਦੀ ਸੀ ਲੋੜ" : ਗੱਲਬਾਤ ਦੌਰਾਨ ਗੁਰਤੇਜ ਸਿੰਘ ਨੇ ਦੱਸਿਆ ਕਿ ਉਸ ਦੀ ਬੇਟੀ ਦਾ ਨਾਮ ਗੁਰਨੂਰ ਹੈ ਅਤੇ ਉਹ ਬਚਪਨ ਤੋਂ ਹੀ ਹਾਣ ਦੇ ਬੱਚਿਆਂ ਤੋਂ ਥੋੜ੍ਹੀ ਹੌਲੀ ਹੈ, ਭਾਵੇਂ ਉਸ ਦਾ ਆਟੋ ਚਲਾਉਣ ਨਾਲ ਘਰ ਦਾ ਗੁਜ਼ਾਰਾ ਵਧੀਆ ਹੁੰਦਾ ਸੀ ਪਰ ਬੇਟੀ ਦਾ ਇਲਾਜ ਵਧੀਆ ਹਸਪਤਾਲ ਵਿਚ ਕਰਵਾਉਣ ਲਈ ਉਸ ਨੂੰ ਵਧੇਰੇ ਮਿਹਨਤ ਕਰਨ ਦੀ ਲੋੜ ਸੀ, ਇਸ ਲਈ ਉਸ ਨੇ ਆਪਣੀ ਪਤਨੀ ਨਾਲ ਗੱਲਬਾਤ ਕਰ ਕੇ ਕੁੱਲ੍ਹੜ ਪੀਜ਼ਾ ਤਿਆਰ ਕਰ ਕੇ ਵੇਚਿਆ ਜਾ ਰਿਹਾ ਹੈ। ਗੁਰਤੇਜ ਸਿੰਘ ਨੇ ਦੱਸਿਆ ਕਿ ਉਸ ਦੀਆਂ ਜ਼ਰੂਰਤਾਂ ਥੋੜ੍ਹੀਆਂ ਹਨ ਅਤੇ ਨਾ ਹੀ ਉਸ ਨੂੰ ਕੋਠੀਆਂ ਕਾਰਾਂ ਲੈਣ ਦੀ ਲਾਲਸਾ ਹੈ। ਉਹ ਸਿਰਫ਼ ਆਪਣੀ ਬੱਚੀ ਦੇ ਇਲਾਜ ਲਈ ਆਟੋ ਚਲਾਉਣ ਦੇ ਨਾਲ-ਨਾਲ ਆਪਣੀ ਪਤਨੀ ਨਾਲ ਇਹ ਕੁੱਲ੍ਹੜ ਪੀਜ਼ਾ ਵੇਚ ਰਿਹਾ ਹੈ। ਆਪਣੇ ਇਸ ਕਾਰੋਬਾਰ ਦਾ ਨਾਮ ਵੀ ਉਸਨੇ ਆਪਣੀ ਬੇਟੀ ਗੁਰਨੂਰ ਦੇ ਨਾਮ ਉਪਰ ਰੱਖਿਆ ਹੈ।
ਇਹ ਵੀ ਪੜ੍ਹੋ : Construction of flyover: 73 ਦਿਨਾਂ ਤੋਂ ਫਲਾਈਓਵਰ ਦੇ ਵਿਰੋਧ ਵਿੱਚ ਚੱਲ ਰਿਹਾ ਧਰਨਾ, ਹੁਣ ਇਸ ਸਾਂਸਦ ਨੇ ਦਿੱਤਾ ਹੱਲ ਦਾ ਭਰੋਸਾ
ਲੋਕ ਗੱਲਾਂ ਕਰਦੇ ਨੇ ਪਰ ਅਸੀਂ ਆਪਣੇ ਕੰਮ ਤੋਂ ਸੰਤੁਸ਼ਟ ਹਾਂ : ਗੁਰਤੇਜ ਸਿੰਘ ਦੀ ਪਤਨੀ ਪ੍ਰੀਤ ਨੇ ਦੱਸਿਆ ਕਿ ਭਾਵੇਂ ਉਹ ਗ੍ਰੈਜੂਏਟ ਹੈ ਪਰ ਕੰਮ ਕਰਨ ਵਿਚ ਕਿਸੇ ਤਰ੍ਹਾਂ ਦੀ ਕੋਈ ਸ਼ਰਮ ਨਹੀਂ ਭਾਵੇਂ ਲੋਕਾਂ ਵੱਲੋਂ ਉਸ ਨੂੰ ਕਈ ਤਰ੍ਹਾਂ ਦੀਆਂ ਗੱਲਾਂ ਵੀ ਸੁਣਾਈਆਂ ਗਈਆਂ ਪਰ ਉਹ ਆਪਣੇ ਕੰਮ-ਕਾਜ ਤੋਂ ਸੰਤੁਸ਼ਟ ਹੈ ਅਤੇ ਆਪਣੇ ਪਤੀ ਦੀ ਹਰ ਪੱਖੋਂ ਮਦਦ ਕਰਨਾ ਚਾਹੁੰਦੀ ਹੈ ਤਾਂ ਜੋ ਅਸੀਂ ਆਪਣੀ ਬੱਚੀ ਦਾ ਇਲਾਜ ਕਰ ਸਕੀਏ। ਇਸ ਸਮੇਂ ਉਨ੍ਹਾਂ ਦੀ ਬੱਚੀ ਦੀ ਉਸ ਦੇ ਸਹੁਰਾ ਵੱਲੋਂ ਦੇਖ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਔਰਤਾਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਪਤੀ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰੋ ਅਤੇ ਜਿੰਦਗੀ ਦੇ ਸੰਘਰਸ਼ ਨੂੰ ਜਿੱਤੋ।