ਬਠਿੰਡਾ: ਜ਼ਿਲ੍ਹਾ ਬਠਿੰਡਾ ਦੇ ਹਲਕਾ ਦਿਹਾਤੀ ਦੇ ਸਭ ਤੋਂ ਵੱਡੇ ਪਿੰਡ ਕੋਟਸ਼ਮੀਰ ਦੇ ਲੋਕਾਂ ਦਾ ਵਿਧਾਨ ਸਭਾ ਚੋਣਾਂ 2022 ਨੂੰ ਲੈਕੇ ਕੀ ਵਿਚਾਰ ਹਨ, ਇਹ ਜਾਣਨ ਲਈ ਈ.ਟੀ.ਵੀ ਭਾਰਤ ਦੀ ਟੀਮ ਹਲਕੇ ਦਾ ਹਾਲ ਜਨਤਾ ਦੇ ਨਾਲ ਪ੍ਰੋਗਰਾਮ ਤਹਿਤ ਪਿੰਡ ਵਿਚਕਾਰ ਬਣੀ ਸੱਥ ਵਿੱਚ ਪਹੁੰਚੀ।
ਨਗਰ ਪੰਚਾਇਤ ਦੇ 13 ਮੈਂਬਰ
ਕਰੀਬ 8500 ਦੀ ਆਬਾਦੀ ਵਾਲੇ ਇਸ ਪਿੰਡ ਕੋਟਸ਼ਮੀਰ ਵਿੱਚ ਚਾਰ ਪੱਤੀਆਂ ਹਨ। ਇਸ ਪਿੰਡ ਦੇ ਵਿਕਾਸ ਲਈ ਨਗਰ ਪੰਚਾਇਤ ਵੱਲੋਂ ਸਮੇਂ-ਸਮੇਂ ਸਿਰ ਵਿਕਾਸ ਕਾਰਜ ਕਰਵਾਏ ਜਾਂਦੇ ਰਹੇ ਹਨ। ਨਗਰ ਪੰਚਾਇਤ 'ਚ ਕੁੱਲ 13 ਮੈਂਬਰ ਹਨ, ਜਿਨ੍ਹਾਂ ਵਿੱਚੋਂ 12 ਕਾਂਗਰਸ ਅਤੇ 1 ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਹੈ।
ਕਿਸਾਨੀ ਅੰਦੋਲਨ ਕਾਰਨ ਸਿਆਸੀ ਰੁਝਾਨ ਘੱਟ
ਪਿੰਡ ਕੋਟਸ਼ਮੀਰ ਦੇ ਰਹਿਣ ਵਾਲੇ ਜਸਬੀਰ ਸਿੰਘ ਨੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਟਿੱਪਣੀ ਕਰਦਿਆਂ ਕਿਹਾ ਕਿ ਫਿਲਹਾਲ ਕਿਸਾਨ ਅੰਦੋਲਨ ਦੇ ਚੱਲਦਿਆਂ ਸਿਆਸੀ ਲੋਕਾਂ ਵੱਲ ਬਹੁਤਾ ਰੁਝਾਨ ਨਹੀਂ ਹੈ। ਪਰ ਚਰਨਜੀਤ ਸਿੰਘ ਚੰਨੀ ਵੱਲੋਂ ਪਿਛਲੇ ਦਿਨੀਂ ਗਰੀਬ ਲੋਕਾਂ ਨੂੰ ਲੈ ਕੇ ਕੀਤੇ ਗਏ ਫ਼ੈਸਲਿਆਂ ਤੋਂ ਉਹ ਕਾਫੀ ਹੱਦ ਤੱਕ ਪ੍ਰਭਾਵਿਤ ਨਜ਼ਰ ਆਏ।
ਰੁਪਿੰਦਰ ਰੂਬੀ ਨੂੰ ਮਿਲਿਆ ਸੀ ਬਹੁਮਤ
ਉਨ੍ਹਾਂ ਕਿਹਾ ਕਿ ਭਾਵੇਂ ਪਿੰਡ ਵਿੱਚ ਹਾਲੇ ਤੱਕ ਸਿਆਸੀ ਪ੍ਰੋਗਰਾਮ ਨਹੀਂ ਹੋਣ ਲੱਗੇ, ਪਰ ਉਨ੍ਹਾਂ ਦੇ ਹਲਕੇ ਵਿੱਚ ਪਿਛਲੀ ਵਾਰ ਆਮ ਆਦਮੀ ਪਾਰਟੀ ਦੀ ਰੁਪਿੰਦਰ ਕੌਰ ਰੂਬੀ ਨੂੰ ਬਹੁਮਤ ਮਿਲਿਆ ਸੀ। ਉਨ੍ਹਾਂ ਕਿਹਾ ਕਿ ਰੁਪਿੰਦਰ ਕੌਰ ਰੂਬੀ ਵੱਲੋਂ ਵਿਧਾਇਕ ਬਣਨ ਤੋਂ ਬਾਅਦ ਨਾ ਹੀ ਉਨ੍ਹਾਂ ਦੇ ਪਿੰਡ ਗੇੜਾ ਮਾਰਿਆ ਗਿਆ ਅਤੇ ਨਾ ਹੀ ਕਿਸੇ ਦੇ ਦੁੱਖ-ਸੁੱਖ ਵਿੱਚ ਲੋਕਾਂ ਦੇ ਸ਼ਰੀਕ ਹੋਏ, ਜਿਸ ਕਾਰਨ ਪਿੰਡ ਦੇ ਲੋਕਾਂ 'ਚ ਕਾਫੀ ਨਾਰਾਜ਼ਗੀ ਹੈ।
ਬੇਅਦਬੀ ਕਾਰਨ ਅਕਾਲੀ ਦਲ ਪ੍ਰਤੀ ਰੋਸ
ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਹਾਲੇ ਵੀ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਬੇਅਦਬੀ ਨੂੰ ਲੈ ਕੇ ਕਾਫ਼ੀ ਰੋਸ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਜਪਾ ਨਾਲ ਗੱਠਜੋੜ ਕਰਕੇ ਚੋਣਾਂ ਲੜਨ ਦੇ ਕੀਤੇ ਐਲਾਨ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੁਝ ਵੀ ਹੋ ਜਾਵੇ ਪਰ ਭਾਜਪਾ ਨੂੰ ਹਲਕਾ ਦਿਹਾਤੀ ਵਿੱਚ ਬਹੁਤਾ ਸਮਰਥਨ ਨਹੀਂ ਮਿਲਣਾ।
ਇਹ ਵੀ ਪੜ੍ਹੋ : ਖੇਤੀ ਕਾਨੂੰਨ ਵਾਪਸੀ ਦੀ ਖੁਸ਼ੀ 'ਚ ਚੰਡੀਗੜ੍ਹ ਦਾ ਇਹ ਆਟੋ ਚਾਲਕ 10 ਦਿਨਾਂ ਲਈ ਮੁਫ਼ਤ ਕਰਵਾਏਗਾ ਸਫ਼ਰ
ਕੈਪਟਨ ਦੀ ਸਹੁੰਆਂ ਤੋਂ ਨਾਰਾਜ਼
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾ ਕੇ ਕੋਈ ਵੀ ਕੰਮ ਨਹੀਂ ਕੀਤਾ। ਕੈਪਟਨ ਵਲੋਂ ਮੁਲਾਜ਼ਮਾਂ ਅਤੇ ਕਿਸਾਨਾਂ ਦੀ ਸਾਰ ਨਹੀਂ ਲਈ ਗਈ ਅਤੇ ਨਾ ਹੀ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਗਏ। ਚਾਰ ਹਫ਼ਤਿਆਂ 'ਚ ਨਸ਼ੇ ਨੂੰ ਖਤਮ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਨਸ਼ਾ ਉਨਾਂ ਹੀ ਭਾਰੂ ਰਿਹਾ, ਜਿੰਨਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਵੇਲੇ ਰਿਹਾ ਸੀ।
'ਕੈਪਟਨ ਨਾਲੋਂ ਚੰਨੀ ਦੇ ਕੰਮ ਵਧੀਆ'
ਪਿੰਡ ਦੇ ਹੀ ਰਹਿਣ ਵਾਲੇ ਹਰਿਮੰਦਰ ਸਿੰਘ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਾਅਦੇ ਬੜੇ ਕੀਤੇ ਸਨ। ਗੁਟਕਾ ਸਾਹਿਬ ਦੀਆਂ ਸਹੁੰਆਂ ਵੀ ਖਾਧੀਆਂ ਸਨ ਪਰ ਨਾ ਹੀ ਨਸ਼ਾ ਖ਼ਤਮ ਹੋਇਆ ਨਾ ਹੀ ਕੋਈ ਵਾਅਦਾ ਪੂਰਾ ਕੀਤਾ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਦੀ ਕੁਰਸੀ ਸਾਂਭਦਿਆਂ ਹੀ ਧੜਾ ਧੜ ਗਰੀਬਾਂ ਸਬੰਧੀ ਫ਼ੈਸਲੇ ਲਏ ਗਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਨਾਲੋਂ ਚਰਨਜੀਤ ਸਿੰਘ ਚੰਨੀ ਵਧੀਆ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੂੰ ਜਿਤਾਉਣ ਲਈ ਪਿੰਡ ਦੇ ਲੋਕਾਂ ਨੇ ਦਿਨ ਰਾਤ ਇੱਕ ਕੀਤਾ ਪਰ ਉਨ੍ਹਾਂ ਵੱਲੋਂ ਮੁੜ ਪਿੰਡ ਵਿੱਚ ਗੇੜਾ ਵੀ ਨਹੀਂ ਮਾਰਿਆ ਗਿਆ।
'ਕਿਸੇ ਵੀ ਪਾਰਟੀ ਨੂੰ ਨਹੀਂ ਬਹੁਮਤ'
ਇਸੇ ਤਰ੍ਹਾਂ ਪਿੰਡ ਦੇ ਵਸਨੀਕ ਹਰਨੇਕ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ 'ਚ ਕਿਸੇ ਵੀ ਪਾਰਟੀ ਨੂੰ ਬਹੁਮਤ ਮਿਲਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਜੇਕਰ ਕੇਜਰੀਵਾਲ ਵੱਲੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਭਗਵੰਤ ਮਾਨ ਦਾ ਨਾਮ ਨਾ ਐਲਾਨਿਆ ਤਾਂ 'ਆਪ' ਨੂੰ ਬਹੁਤਾ ਕੋਈ ਬਹੁਮਤ ਨਹੀਂ ਮਿਲ ਸਕਦਾ। ਸ਼੍ਰੋਮਣੀ ਅਕਾਲੀ ਦਲ ਨੂੰ ਬੇਅਦਬੀ ਦੇ ਮੁੱਦੇ ਉਪਰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਵਾਅਦੇ ਜ਼ਰੂਰ ਕੀਤੇ ਪਰ ਵਾਅਦੇ ਪੂਰੇ ਨਹੀਂ ਕੀਤੇ। ਇਸ ਦੇ ਨਾਲ ਹੀ ਚਰਨਜੀਤ ਸਿੰਘ ਚੰਨੀ ਵੱਲੋਂ ਪਿਛੜੇ ਵਰਗਾਂ ਲਈ ਲਏ ਗਏ ਫ਼ੈਸਲਿਆਂ ਦਾ ਕਾਫ਼ੀ ਹੱਦ ਤੱਕ ਪ੍ਰਭਾਵ ਪਿੰਡਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਲੰਬੇ ਸਮੇਂ ਤੋਂ ਲਟਕ ਰਿਹਾ ਰੇਲਵੇ ਓਵਰਬ੍ਰਿਜ ਅਤੇ ਅੰਡਰਪਾਸ ਦਾ ਕੰਮ, ਮੰਤਰੀ ਦਾ ਹੈ ਡਰੀਮ ਪ੍ਰੋਜੈਕਟ