ਬਠਿੰਡਾ: ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਮਹਾਂਮਾਰੀ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੋਰੋਨਾ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ ਜਿਸ ਮੁਤਾਬਿਕ ਰਾਤ ਦੇ 8 ਵਜੇ ਤੋਂ ਸਵੇਰ 5 ਵਜੇ ਤੱਕ ਨਾਈਟ ਕਰਫਿਊ ਲੱਗ ਜਾਂਦਾ ਹੈ। ਇਨ੍ਹਾਂ ਹੁਕਮਾਂ ਦੀ ਪ੍ਰਸ਼ਾਸ਼ਨ ਵੱਲੋਂ ਸਖਤੀ ਨਾਲ ਪਾਲਣਾ ਕਰਵਾਈ ਜਾ ਰਹੀ ਹੈ। ਪਰ ਬਠਿੰਡਾ ’ਚ ਕਾਂਗਰਸੀਆਂ ਵੱਲੋਂ ਕੋਰੋਨਾ ਗਾਈਡਲਾਈਨਜ਼ ਦੀ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ।
ਦੱਸ ਦਈਏ ਕਿ ਮੇਅਰ ਤਾਜਪੋਸ਼ੀ ਦੌਰਾਨ ਸ਼ਹਿਰ ਦੇ ਗੋਨਿਆਣਾ ਰੋਡ ਸਥਿਤ ਇਕ ਪੈਲੇਸ ਚ ਦੇਰ ਰਾਤ ਕਾਂਗਰਸੀਆਂ ਵੱਲੋਂ ਪਾਰਟੀ ਕੀਤੀ ਗਈ। ਜਿਸ ਚ ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਜਾਰੀ ਗਾਈਡਲਾਈਨਜ਼ ਦੀਆਂ ਧੱਜੀਆਂ ਉਡਾਈਆਂ ਗਈਆਂ। ਰਾਤ 8 ਵਜੇ ਤੋਂ ਬਾਅਦ ਇਹ ਪਾਰਟੀ ਕੀਤੀ ਗਈ ਨਾਲ ਹੀ ਇੱਕਠ ’ਤੇ ਲਾਈ ਪਾਬੰਦੀ ਦੇ ਹੁਕਮਾਂ ਦੀ ਵੀ ਉਲੰਘਣਾ ਕੀਤੀ ਗਈ। ਇਸ ਸਬੰਧ ਚ ਜਦੋ ਮੀਡੀਆ ਨੂੰ ਪਤਾ ਲੱਗਾ ਤਾਂ ਜਸ਼ਨ ਮਨਾ ਰਹੇ ਲੋਕ ਇੱਕ ਇੱਕ ਕਰਕੇ ਪੈਲੇਸ ਚੋਂ ਚੱਲੇ ਗਏ। ਇਸ ਦੌਰਾਨ ਕਾਰਵਾਈ ਲਈ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਮੌਜੂਦ ਨਹੀਂ ਸੀ।
ਕਾਬਿਲੇਗੌਰ ਹੈ ਕਿ ਕੁਝ ਦਿਨ ਪਹਿਲਾਂ ਇੱਕ ਕਲੱਬ ਵਿੱਚ ਰਿੰਗ ਸੈਰੇਮਨੀ ਦੌਰਾਨ ਜ਼ਿਆਦਾ ਇਕੱਠ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਅੱਠ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ ਪਰ ਇੰਨੀ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਾਂਗਰਸੀਆਂ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਇਹ ਵੀ ਪੜੋ: ਦੀਪ ਸਿੱਧੂ ਜ਼ਮਾਨਤ ਮਾਮਲੇ 'ਚ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ