ਬਠਿੰਡਾ: ਦੇਸ਼ ਦੀ ਮੋਦੀ ਸਰਕਾਰ ਖਿਲਾਫ ਅੱਜ ਕਾਂਗਰਸ ਪਾਰਟੀ ਸੜਕਾਂ 'ਤੇ ਉਤਰਦੀ ਹੋਈ ਨਜ਼ਰ ਆਈ। ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹਦਾਇਤ 'ਤੇ ਬਠਿੰਡਾ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਵੱਲੋਂ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਰਾਜਨ ਗਰਗ ਦੀ ਅਗਵਾਈ ਵਿੱਚ ਮੋਦੀ ਸਰਕਾਰ ਖਿਲਾਫ 142 ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਨੂੰ ਸਸਪੈਂਡ ਕਰਨ ਵਿਰੁੱਧ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ।
ਪ੍ਰਧਾਨ ਮੰਤਰੀ ਦਾ ਪੁਤਲਾ ਫੂਕ ਕੀਤਾ ਪ੍ਰਦਰਸ਼ਨ: ਇਸ ਪ੍ਰਦਰਸ਼ਨ ਦੌਰਾਨ ਕਾਂਗਰਸ ਭਵਨ ਤੋਂ ਚੱਲ ਕੇ ਰੇਲਵੇ ਸਟੇਸ਼ਨ ਤੱਕ ਮਾਰਚ ਕਰਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰਥੀ ਫੂਕ ਕੇ ਮੁਜ਼ਾਹਰਾ ਕੀਤਾ ਗਿਆ। ਪੰਜਾਬ ਪ੍ਰਧਾਨ ਦੀ ਹਦਾਇਤ ਤੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਮੋਦੀ ਸਰਕਾਰ ਖਿਲਾਫ ਹੋਏ ਇਸ ਪ੍ਰਦਰਸ਼ਨ ਵਿੱਚ ਸਮੁੱਚੀ ਕਾਂਗਰਸ ਲੀਡਰਸ਼ਿਪ ਮੌਜੂਦ ਰਹੀ, ਜਿਸ 'ਚ ਸਮੂਹ ਕੌਂਸਲਰ, ਵੱਖ ਵੱਖ ਵਿੰਗਾਂ ਦੇ ਅਹੁਦੇਦਾਰ ਸਾਹਿਬਾਨ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸ ਵਰਕਰ ਸ਼ਾਮਿਲ ਹੋਏ ਅਤੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ।
ਮੋਦੀ ਸਰਕਾਰ ਨੇ ਚੋਣ ਵਾਅਦੇ ਨਹੀਂ ਕੀਤੇ ਪੂਰੇ: ਰੇਲਵੇ ਸਟੇਸ਼ਨ ਨਜ਼ਦੀਕ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਸਮੇਤ ਹੋਰ ਅਹੁਦੇਦਾਰ ਅਰੁਣ ਵਧਾਵਣ, ਕੇ ਕੇ ਅਗਰਵਾਲ ਅਤੇ ਪਵਨ ਮਾਣੀ ਨੇ ਦੋਸ਼ ਲਾਏ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੋਣਾਂ ਵੇਲੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ। ਇਸ ਕਰਕੇ ਅੱਜ ਲੋਕ ਸਭਾ ਤੇ ਰਾਜ ਸਭਾ ਵਿੱਚ ਵਿਰੋਧੀ ਧਿਰਾਂ ਦੇ ਲੋਕ ਸਭਾ ਮੈਂਬਰ ਜਦੋਂ ਸਵਾਲ ਕਰਦੇ ਹਨ ਤਾਂ ਮੋਦੀ ਸਰਕਾਰ ਉਸ ਆਵਾਜ਼ ਨੂੰ ਦਬਾਉਣ ਲਈ ਉਹਨਾਂ ਨੂੰ ਮੁਅਤਲ ਕਰ ਰਹੀ ਹੈ। ਜਿਸ ਤੋਂ ਸਰਕਾਰ ਦੀ ਬੁਖਲਾਹਟ ਸਾਹਮਣੇ ਆਉਂਦੀ ਹੈ, ਜਿਸ ਦੀ ਕਾਂਗਰਸ ਪਾਰਟੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ।
ਸਾਂਸਦਾਂ ਦੀ ਆਵਾਜ਼ ਦਬਾਉਣ ਦੀ ਹੋ ਰਹੀ ਕੋਸ਼ਿਸ਼: ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਅਜਿਹੀਆਂ ਸਾਜਿਸ਼ਾਂ ਦਾ ਖਮਿਆਜ਼ਾ ਮੋਦੀ ਸਰਕਾਰ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ,ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ, ਟਹਿਲ ਸਿੰਘ ਸੰਧੂ, ਬਲਾਕ ਪ੍ਰਧਾਨ ਬਲਰਾਜ ਪੱਕਾ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਠੇਕੇਦਾਰ ਅਤੇ ਮੀਤ ਪ੍ਰਧਾਨ ਰੁਪਿੰਦਰ ਬਿੰਦਰਾ ਨੇ ਕਿਹਾ ਕਿ ਮੋਦੀ ਸਰਕਾਰ ਲੋਕ ਸਭਾ ਮੈਂਬਰਾਂ ਨੂੰ ਸਸਪੈਂਡ ਕਰਕੇ ਲੋਕਤੰਤਰ ਦਾ ਘਾਣ ਕਰ ਰਹੀ ਹੈ। ਜਿਸ ਤੋਂ ਸਾਬਤ ਹੁੰਦਾ ਹੈ ਕਿ ਮੋਦੀ ਸਰਕਾਰ ਵੱਲੋਂ ਚੋਣਾਂ ਵੇਲੇ ਲੱਖਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ,ਣ ਮਹਿੰਗਾਈ ਨੂੰ ਨੱਥ ਪਾਉਣ ਸਬੰਧੀ ਕਿਸੇ ਵਾਅਦੇ 'ਤੇ ਕੰਮ ਨਹੀਂ ਕੀਤਾ ਗਿਆ। ਜਿਸ ਕਰਕੇ ਹੁਣ ਵਿਰੋਧੀ ਧਿਰਾਂ ਦੀ ਆਵਾਜ਼ ਦਬਾਉਣ ਲਈ ਅਜਿਹੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ।
ਮੋਦੀ ਸਰਕਾਰ ਨੂੰ ਹਰ ਫਰੰਟ 'ਤੇ ਘੇਰਣ ਦੀ ਤਿਆਰੀ: ਇਸ ਮੌਕੇ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੀ ਅਗਵਾਈ ਵਿੱਚ ਮਹਿੰਗਾਈ ਇੰਨੀ ਵੱਧ ਚੁੱਕੀ ਹੈ ਕਿ ਹਰ ਵਿਅਕਤੀ 'ਤੇ ਆਰਥਿਕ ਬੋਝ ਦਿਨ ਪਰ ਦਿਨ ਵੱਧ ਰਿਹਾ ਹੈ। ਦੇਸ਼ ਵਿੱਚ ਅਰਾਜ਼ਕਤਾ ਦਾ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇਸ ਪਾਸੇ ਮੋਦੀ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਦੀ ਨਰਿੰਦਰ ਮੋਦੀ ਸਰਕਾਰ ਨੂੰ ਲੋਕ ਹਿੱਤ ਦੇ ਮੱਦਿਆਂ ਵਿੱਚ ਹਰ ਫਰੰਟ 'ਤੇ ਘੇਰਣ ਲਈ ਤਿਆਰ ਹੈ।