ਬਠਿੰਡਾ: ਬਠਿੰਡਾ ਸ਼ਹਿਰ ਵਿੱਚ ਸੁੰਦਰ ਲੜਕੀਆਂ ਦੇ ਮੁਕਾਬਲੇ ਕਰਵਾ ਕੇ ਵਿਦੇਸ਼ ਭੇਜਣ ਦੇ ਲੱਗੇ ਪੋਸਟਰਾਂ ਦਾ ਮਾਮਲਾ ਦਿਨੋਂ ਦਿਨ ਭਖਦਾ ਜਾ ਰਿਹਾ ਹੈ। ਭਾਵੇਂ ਪੁਲਿਸ ਵੱਲੋਂ ਇਸ ਮਾਮਲੇ ਵਿਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਇਸ ਦੌਰਾਨ ਹੀ ਸਾਬਕਾ ਕੌਂਸਲਰ ਵਿਜੇ ਕੁਮਾਰ ਵੱਲੋਂ ਅੱਜ ਹੋਟਲ ਦੇ ਬਾਹਰ ਅਲਫ਼ ਨੰਗਾ ਹੋ ਕੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਵਿਜੈ ਕੁਮਾਰ ਐੱਮਸੀ ਦਾ ਕਹਿਣਾ ਸੀ ਕਿ ਇਹ ਜੋ ਘਟਨਾਕ੍ਰਮ ਵਾਪਰਿਆ ਹੈ ਇਸ ਨਾਲ ਸ਼ਹਿਰ ਦੀ ਬਹੁਤ ਜ਼ਿਆਦਾ ਬਦਨਾਮੀ ਹੋਈ ਹੈ ਅਤੇ ਕਿਸੇ ਵੀ ਹਾਲਾਤ ਵਿੱਚ ਇਹ ਨਹੀਂ ਹੋ ਸਕਦਾ ਕਿ ਹੋਟਲ ਮਾਲਕ ਨੂੰ ਇਸ ਪ੍ਰੋਗਰਾਮ ਦਾ ਨਾਂ ਪਤਾ ਹੋਵੇ।
ਸਾਬਕਾ ਕੌਸਲਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸਾਰੇ ਘਟਨਾ ਕ੍ਰਮ ਵਿੱਚ ਹੋਟਲ ਮਾਲਕ ਦੀ ਭੂਮਿਕਾ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ ਕਿਉਂਕਿ ਇਹ ਸੱਭਿਅਕ ਸਮਾਜ ਵਿੱਚ ਅਜਿਹੀਆਂ ਘਟਨਾਵਾਂ ਵਾਪਰਨੀਆਂ ਬਹੁਤ ਹੀ ਮੰਦਭਾਗੀਆਂ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਇਕ ਹਫ਼ਤੇ ਦਾ ਸਮਾਂ ਦਿੱਤਾ ਕਿ ਜੇਕਰ ਇਸ ਮਾਮਲੇ ਦੀ ਨਿਰਪੱਖ ਜਾਂਚ ਨਾ ਹੋਈ ਤਾਂ ਉਹ ਫਿਰ ਤੋਂ ਪ੍ਰਦਰਸ਼ਨ ਕਰਨਗੇ।
ਦੂਜੇ ਪਾਸੇ ਹੋਟਲ ਮਾਲਕ ਜਗਦੀਸ਼ ਗਰੋਵਰ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਇਸ ਸਾਰੇ ਘਟਨਾਕ੍ਰਮ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਵੱਲੋਂ ਤੁਰੰਤ ਕੋਤਵਾਲੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਜਿਸ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ 2 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਹੋਟਲ ਦਾ ਰਿਕਾਰਡ ਪੁਲਿਸ ਨੂੰ ਸਾਂਭ ਦਿੱਤਾ ਗਿਆ ਸੀ। ਹੋਟਲ ਦਾ ਬਿਨ੍ਹਾਂ ਬੁਕਿੰਗ ਤੋਂ ਨਾਮ ਇਨ੍ਹਾਂ ਪ੍ਰੋਗਰਾਮ ਕਰਾਉਣ ਵਾਲੇ ਲੋਕਾਂ ਵੱਲੋਂ ਛਾਪਿਆ ਗਿਆ ਹੈ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਪੁਲਿਸ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਸਕਦੀ ਹੈ।
ਇਸੇ ਦੌਰਾਨ ਹੋਟਲ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸਤੀਸ਼ ਕੁਮਾਰ ਅਰੋੜਾ ਨੇ ਕਿਹਾ ਕਿ ਇਹ ਜੋ ਘਟਨਾਕ੍ਰਮ ਵਾਪਰਿਆ ਹੈ ਬਹੁਤ ਹੀ ਮੰਦਭਾਗਾ ਹੈ। ਹੋਟਲ ਐਸੋਸੀਏਸ਼ਨ ਵੱਲੋਂ ਪਹਿਲਾਂ ਹੀ ਇਸ ਮਾਮਲੇ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਸੀ। ਜੇਕਰ ਹੋਟਲ ਮਾਰਕ ਦੀ ਇਸ ਸਾਰੇ ਘਟਨਾਕ੍ਰਮ ਵਿੱਚ ਇੱਕ ਪ੍ਰਤੀਸ਼ਤ ਵੀ ਭੂਮਿਕਾ ਪਾਈ ਜਾਂਦੀ ਹੈ ਤਾਂ ਉਹ ਖੁਦ ਹੋਟਲ ਮਾਲਕ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਉਣਗੇ।
ਮੌਕੇ ਉੱਤੇ ਪਹੁੰਚੇ ਥਾਣਾ ਕੋਤਵਾਲੀ ਦੇ ਇੰਚਾਰਜ ਪਰਮਿੰਦਰ ਸਿੰਘ ਨੇ ਦੱਸਿਆ ਕਿ ਸੁੰਦਰ ਕੁੜੀਆਂ ਦੇ ਮੁਕਾਬਲੇ ਕਰਾਉਣ ਵਾਲੇ 2 ਲੋਕਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ ਅਤੇ ਇਸ ਸਾਰੇ ਮਾਮਲੇ ਵਿਚ ਜਿਸ ਦੀ ਵੀ ਭੂਮਿਕਾ ਸਾਹਮਣੇ ਆਈ, ਉਸ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆ ਨਹੀਂ ਜਾਵੇਗਾ। ਸ਼ਹਿਰ ਦੀਆਂ ਕੁਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਇਸ ਘਟਨਾਕ੍ਰਮ ਨੂੰ ਲੈ ਕੇ ਰੋਸ ਜ਼ਾਹਿਰ ਕੀਤਾ ਗਿਆ ਹੈ। ਜਿਸ ਦੇ ਚਲਦੇ ਉਨ੍ਹਾਂ ਵੱਲੋਂ ਹੋਟਲ ਦਾ ਸਮੁੱਚਾ ਰਿਕਾਰਡ ਆਪਣੇ ਕਬਜ਼ੇ ਵਿਚ ਲਿਆ ਗਿਆ ਹੈ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਜੰਮੂ ਕਸ਼ਮੀਰ ਦੇ ਸ਼ੋਪੀਆਂ ਵਿੱਚ ਅੱਤਵਾਦੀਆਂ ਨੇ ਕਸ਼ਮੀਰੀ ਪੰਡਤ ਦੀ ਗੋਲੀਆਂ ਮਾਰ ਕੇ ਕੀਤਾ ਕਤਲ