ਬਠਿੰਡਾ: ਸੰਤ ਸਮਾਜ ਅਤੇ ਵੱਖ-ਵੱਖ ਸਹਿਯੋਗੀ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਵੱਲੋਂ ਹਾਥਰਸ ਘਟਨਾ ਅਤੇ ਵਜ਼ੀਫਾ ਘੁਟਾਲੇ ਨੂੰ ਲੈ ਕੇ ਪੰਜਾਬ ਭਰ ਵਿੱਚ ਚੱਕਾ ਜਾਮ ਦਾ ਸਦਾ ਦਿੱਤਾ ਗਿਆ ਸੀ। ਇਸ ਪ੍ਰਦਰਸਨ ਦੌਰਾਨ ਬਠਿੰਡਾ ਦੇ ਬੱਸ ਸਟੈਂਡ ਉੱਤੇ ਚੱਕਾ ਜਾਮ ਨੂੰ ਲੈ ਕੇ ਬੱਸ ਓਪਰੇਟਰਾਂ ਦੀ ਪ੍ਰਦਰਸ਼ਨਕਾਰੀਆਂ ਦੇ ਨਾਲ ਆਪਸੀ ਝੜਪ ਹੋ ਗਈ। ਇਸ ਮੌਕੇ ਲੋਕ ਜਨ ਸ਼ਕਤੀ ਪਾਰਟੀ ਦੇ ਵਿਦਿਆਰਥੀ ਵਿੰਗ ਦੇ ਪ੍ਰਧਾਨ ਜਰਮਨ ਗੈਰੀ ਨੇ ਕਿਹਾ ਕਿ ਇਹ ਸ਼ਰਾਰਤੀ ਅਨਸਰ ਹਨ ਜੋ ਸਰਕਾਰ ਦੇ ਨੁਮਾਇੰਦੇ ਹਨ ਜਿਨ੍ਹਾਂ ਨੇ ਇਸ ਸ਼ਾਂਤਮਈ ਧਰਨੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਮੁੱਦੇ ਨੂੰ ਹੁੱਲੜਬਾਜ਼ੀ ਵਿੱਚ ਬਦਲ ਦਿੱਤਾ ਹੈ।
ਜਰਮਨ ਗੈਰੀ ਨੇ ਕਿਹਾ ਕਿ ਵੱਖ-ਵੱਖ ਜੱਥੇਬੰਦੀਆਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਅੰਦੋਲਨ ਦੀ ਸੂਚਨਾ ਦਿੱਤੀ ਗਈ ਹੈ, ਜਿਸ ਤੋਂ ਬਾਅਦ ਵੀ ਬੱਸ ਅਪਰੇਟਰਾਂ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਵਰਕਰਾਂ ਦੇ ਨਾਲ ਹੱਥੋਪਾਈ ਵੀ ਕੀਤੀ ਗਈ ਹੈ।
ਬਠਿੰਡਾ ਬੱਸ ਸਟੈਂਡ ਉੱਤੇ ਚੱਕਾ ਜਾਮ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਕੁੱਝ ਪ੍ਰਦਰਸ਼ਨਕਾਰੀ ਬੱਸ ਦੇ ਸਾਹਮਣੇ ਲੇਟ ਗਏ, ਜਿਨ੍ਹਾਂ ਨੇ ਆਪਣਾ ਰੋਸ ਜ਼ਾਹਿਰ ਕਰਦਿਆਂ ਕਿਹਾ ਕੀ ਦਲਿਤ ਸਮਾਜ ਨੂੰ ਹਮੇਸ਼ਾ ਦਬਾਇਆ ਜਾਂਦਾ ਹੈ।
ਲੋਕ ਜਨ ਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਕਿ ਹਾਥਰਸ ਵਿੱਚ ਦਲਿਤ ਸਮਾਜ ਦੀ ਬੇਟੀ ਮਨੀਸ਼ਾ ਨਾਲ ਜਬਰ-ਜਨਾਹ ਹੋਇਆ ਹੈ ਉਸ ਦੀ ਹੱਤਿਆ ਕੀਤੀ ਗਈ ਹੈ ਜਿਸ ਦੇ ਲਈ ਅੱਜ ਲੋਕ ਜਨ ਸ਼ਕਤੀ ਪਾਰਟੀ ਅਤੇ ਹੋਰ ਵੱਖ-ਵੱਖ ਪਾਰਟੀਆਂ ਵੱਲੋਂ ਅੱਜ 11 ਵਜੇ ਤੋਂ ਲੈ ਕੇ ਇੱਕ ਵਜੇ ਤੱਕ ਪੰਜਾਬ ਭਰ ਵਿੱਚ ਚੱਕਾ ਜਾਮ ਕੀਤਾ ਗਿਆ ਹੈ।