ਚੰਡੀਗੜ੍ਹ: ਲੋਕ ਸਭਾ ਚੋਣਾਂ 2019 ਲਈ ਚੋਣ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਅਤੇ ਚੋਣ ਨਤੀਜੇ ਵੀ ਐਲਾਨੇ ਜਾ ਚੁੱਕੇ ਹਨ। ਇਨ੍ਹਾਂ ਚੋਣਾਂ ਦੌਰਾਨ ਸੂਬੇ 'ਚ ਕਾਂਗਰਸ ਦਾ ਦਬਦਬਾ ਬਣਿਆ ਰਿਹਾ ਅਤੇ ਕਾਂਗਰਸ ਨੇ 13 ਚੋਂ 08 ਸੀਟਾਂ ਹਾਸਲ ਕੀਤੀਆਂ। ਚੋਣਾਂ ਦੇ ਇਸ ਤਿਉਹਾਰ 'ਚ ਅਕਾਲੀ ਦਲ ਹੱਥ 02 ਸੀਟਾਂ ਲੱਗੀਆਂ ਜਦਕਿ 02 ਸੀਟਾਂ ਸਹਿਯੋਗੀ ਪਾਰਟੀ ਬੀਜੇਪੀ ਨੂੰ ਮਿਲੀਆਂ ਤੇ 1 ਸੀਟ 'ਤੇ ਆਮ ਆਦਮੀ ਪਾਰਟੀ ਕਾਬਿਜ਼ ਹੋਣ ਵਿੱਚ ਕਾਮਯਾਬ ਰਹੀ। ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਇੱਕ ਵਾਰ ਫਿਰ ਪੰਜਾਬ ਨੂੰ ਚੋਣ ਬੁਖ਼ਾਰ ਚੜ੍ਹਨ ਜਾ ਰਿਹਾ ਹੈ। ਜਿਸ ਲਈ ਸੂਬੇ ਦੀਆਂ ਸਾਰੀਆਂ ਹੀ ਪਾਰਟੀਆਂ ਨੇ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ।
ਇਨ੍ਹਾਂ ਵਿਧਾਨ ਸਭਾ ਹਲਕਿਆਂ 'ਚ ਹੋਣਗੀਆਂ ਜ਼ਿਮਣੀ ਚੋਣਾਂ
ਭੁਲੱਥ: ਸੂਬੇ 'ਚ ਦੋ ਫਾੜ ਹੋਈ ਆਮ ਆਦਮੀ ਪਾਰਟੀ ਤੋਂ ਵੱਖ ਹੋਏ ਸੁਖਪਾਲ ਸਿੰਘ ਖਹਿਰਾ ਦੇ ਧੜੇ ਨੇ ਬਾਗੀ ਸੁਰ ਅਲਾਪਦਿਆਂ ਆਪਣੀ ਵਖ਼ਰੀ ਰਾਹ ਚੁਣ ਲਈ ਹਲਾਂਕਿ 'ਆਪ' ਤੋਂ ਵੱਖ ਹੋਏ 7 ਵਿਧਾਇਕ ਇੱਕਠੇ ਨਹੀਂ ਰਹੇ, ਪਰ ਸੁਖਪਾਲ ਸਿੰਘ ਖਹਿਰਾ ਨੇ ਵਖ਼ਰੇ ਤੌਰ 'ਤੇ ਪੰਜਾਬ ਏਕਤਾ ਪਾਰਟੀ ਦਾ ਗਠਨ ਕਰ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਨਾਲ ਸਿਰਫ਼ ਮਾਸਟਰ ਬਲਦੇਵ ਸਿੰਘ ਹੀ ਆ ਸਕੇ ਬਾਕੀ ਵਿਧਾਇਕਾਂ ਨੇ ਖਹਿਰਾ ਤੋਂ ਕਿਨਾਰਾ ਕਰ ਲਿਆ।
ਖਹਿਰਾ ਨੇ ਵੱਖਰੀ ਪਾਰਟੀ ਬਣਾਉਣ ਤੋਂ ਬਾਅਦ ਲੋਕ ਸਭਾ ਚੋਣ ਲੜਨ ਦਾ ਫੈਸਲਾ ਲਿਆ ਸੀ ਅਤੇ ਆਪਣੀ ਵਿਧਾਇਕੀ ਦੇ ਆਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਫਿਲਹਾਲ ਉਨ੍ਹਾਂ ਦੇ ਅਸਤੀਫ਼ੇ 'ਤੇ ਹੁਣ ਤੱਕ ਕੋਈ ਵੀ ਫੈਸਲਾ ਨਹੀਂ ਹੋ ਸਕਿਆ ਹੈ, ਜੇਕਰ ਖਹਿਰਾ ਦੀ ਵਿਧਾਇਕੀ ਜਾਂਦੀ ਹੈ ਤਾਂ ਭੂਲੱਥ ਦੀ ਸੀਟ 'ਤੇ ਜ਼ਿਮਨੀ ਚੋਣ ਹੋਵੇਗੀ ਜਿਸ ਲਈ ਹੁਣ ਤੋਂ ਹੀ ਸਿਆਸੀ ਪਾਰਟੀਆਂ ਵੱਲੋਂ ਸਰਗਰਮੀਆਂ ਵੱਧਾ ਦਿੱਤੀਆਂ ਗਇਆਂ ਹਨ।
ਜੈਤੋ: ਫ਼ਰੀਦਕੋਟ ਲੋਕ ਸਭਾ ਹਲਕੇ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਆਪਣੀ ਵਿਧਾਇਕੀ ਦੇ ਆਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਪੀਡੀਏ ਵੱਲੋਂ ਪੰਜਾਬੀ ਏਕਤਾ ਪਾਰਟੀ ਦੀ ਟਿਕਟ 'ਤੇ ਫ਼ਰੀਦਕੋਟ ਤੋਂ ਲੋਕ ਸਭਾ ਦੀ ਚੋਣ ਲੜੀ ਸੀ ਜਿਸ ਵਿੱਚ ਉਨ੍ਹਾਂ ਨੂੰ ਕਰਾਰੀ ਹਾਰ ਦਾ ਮੁਹ ਦੇਖਣਾ ਪਿਆ।
ਹੁਣ ਤੱਕ ਮਾਸਟਰ ਬਲਦੇਵ ਸਿੰਘ ਦੀ ਵਿਧਾਇਕੀ 'ਤੇ ਸਸ਼ੋਪੰਜ ਬਣੀ ਹੋਈ ਹੈ ਹਾਲਾਂਕਿ ਉਨ੍ਹਾਂ ਨੂੰ ਆਹੁਦੇ ਤੋਂ ਹਟਾਇਆ ਨਹੀਂ ਗਿਆ ਜੇਕਰ ਜੈਤੋ ਤੋਂ ਵਿਧਾਇਕ ਬਲਦੇਵ ਸਿੰਘ ਦੀ ਸੀਟ ਖਾਲੀ ਹੁੰਦੀ ਹੈ ਤਾਂ ਜੈਤੋ ਦੇ ਲੋਕਾਂ ਨੂੰ ਇੱਕ ਵਾਰ ਫਿਰ ਆਪਣਾ ਨਵਾਂ ਵਿਧਾਇਕ ਚੁਣਨ ਦਾ ਮੌਕਾ ਮਿਲੇਗਾ। ਇਸ ਨੂੰ ਲੈ ਕੇ ਹਰ ਇੱਕ ਸਿਆਸੀ ਪਾਰਟੀ ਆਪੋ-ਆਪਣੀਆਂ ਤਿਆਰੀਆਂ 'ਚ ਜੁਟੀ ਹੋਈ ਹਨ।
ਦਾਖਾ: ਲੁਧਿਆਣਾ ਦੇ ਵਿਧਾਨ ਸਭਾ ਹਲਕਾ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਐੱਚ.ਐੱਸ ਫੂਲਕਾ ਨੇ ਬੀਤੇ ਸਮੇਂ ਅਸਤੀਫ਼ਾ ਦੇ ਦਿੱਤਾ ਸੀ। ਫੂਲਕਾ ਨੇ ਅਸਤੀਫ਼ਾ ਦੇਣ ਦਾ ਕਾਰਨ 1984 ਸਿੱਖ ਕਤਲੇਆਮ ਦੇ ਕੇਸਾਂ ਦੀ ਪੈਰਵਾਈ ਨੂੰ ਦੱਸਿਆ ਸੀ। ਹਲਾਂਕਿ ਫੂਲਕਾ ਆਮ ਆਦਮੀ ਪਾਰਟੀ ਵਿੱਚ ਚੱਲ ਰਹੇ ਕਾਟੋ-ਕਲੇਸ਼ ਤੋਂ ਵੀ ਬੇਹਦ ਪਰੇਸ਼ਾਨ ਸਨ ਅਤੇ ਫੂਲਕਾ ਨਹੀਂ ਚਹੁੰਦੇ ਸਨ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਆਪਸ ਵਿੱਚ ਗਠਜੋੜ ਹੋਵੇ। 'ਆਪ' ਅਤੇ ਕਾਂਗਰਸ ਦਾ ਗਠਜੋੜ ਤਾਂ ਨਹੀਂ ਹੋਇਆ, ਪਰ ਫੂਲਕਾ ਦਾ ਅਸਤੀਫ਼ਾ ਹੁਣ ਤੱਕ ਵੀ ਸਪੀਕਰ ਕੋਲ ਵਿਚਾਰਾਧੀਨ ਹੈ। ਜੇਕਰ ਫੂਲਕਾ ਦਾ ਅਸਤੀਫ਼ਾ ਮਨਜ਼ੂਰ ਹੁੰਦਾ ਹੈ ਤਾਂ ਦਾਖਾ ਹਲਕੇ ਵਿੱਚ ਜ਼ਿਮਨੀ ਚੋਣ ਹੋਵੇਗੀ। ਬੀਤੇ ਦਿਨੀਂ ਆਪਣੀ ਹਾਰ ਤੋਂ ਬਾਅਦ ਪ੍ਰੈਸ ਕਾਨਫ਼ਰੰਸ ਕਰਨ ਪਹੁੰਚੇ ਸਿਮਰਜੀਤ ਸਿੰਘ ਬੈਂਸ ਨੇ ਵੀ ਦਾਖਾ ਹਲਕੇ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਪੀਡੀਏ ਆਉਣ ਵਾਲਿਆਂ ਜ਼ਿਮਨੀ ਚੋਣਾਂ 'ਚ ਆਪਣੇ ਉਮੀਦਵਾਰ ਉਤਾਰੇਗਾ ਅਤੇ ਉਹ ਡਟ ਕੇ ਚੋਣ ਲੜਣਗੇ।
ਮਾਨਸਾ: ਆਮ ਆਦਮੀ ਪਾਰਟੀ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਲੋਕ ਸਭਾ ਚੋਣਾ ਤੋਂ ਪਹਿਲਾਂ ਆਪਣੀ ਵਿਧਾਇਕੀ ਦੇ ਆਹੁਦੇ ਤੋਂ ਅਸਤੀਫ਼ਾ ਦੇ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਮਾਨਸ਼ਾਹੀਆ ਨੇ ਅਸਤੀਫ਼ੇ ਦਾ ਕਾਰਨ ਹਲਕੇ ਦਾ ਵਿਕਾਸ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਹਲਕੇ ਦਾ ਸਹੀਂ ਢੰਗ ਨਾਲ ਵਿਕਾਸ ਹੋਵੇ ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਪਾਰਟੀ ਛੱਡਨੀ ਪਈ ਹੈ। ਫਿਲਹਾਲ ਮਾਨਸ਼ਹੀਆ ਦਾ ਅਸਤੀਫ਼ਾ ਲੋਕ ਸਭਾ ਚੋਣਾਂ ਦੇ ਚੱਲਦਿਆਂ ਹੁਣ ਤੱਕ ਮਨਜ਼ੂਰ ਨਹੀਂ ਹੋਇਆ ਹੈ ਜੇਕਰ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਹੋ ਜਾਂਦਾ ਹੈ ਤਾਂ ਮਾਨਸਾ ਦੀ ਸੀਟ 'ਤੇ ਵੀ ਜ਼ਿਮਨੀ ਚੋਣ ਹੋਵੇਗੀ।
ਰੋਪੜ: ਰੋਪੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਆਪਣੀ ਵਿਧਾਇਕੀ ਦੇ ਆਹੁਦੇ ਤੋਂ ਅਸਤੀਫਾ ਦੇ ਕਾਂਗਰਸ ਦਾ ਹੱਥ ਫੜ ਲਿਆ ਸੀ। ਰੋਪੜ ਤੋਂ ਵਿਧਾਇਕ ਸੰਦੋਆ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਪੀਕਰ ਨੇ ਉਨ੍ਹਾਂ ਨੂੰ ਨੋਟਿਸ ਭੇਜ ਜਵਾਬ ਤਲਬ ਕੀਤਾ ਸੀ। ਫਿਲਹਾਲ ਸੰਦੋਆ ਦੇ ਅਸਤੀਫੇ 'ਤੇ ਹੁਣ ਤੱਕ ਭੰਬਲਭੂਸਾ ਬਣਿਆ ਹੋਇਆ ਹੈ। ਜੇਕਰ ਸੰਦੋਆ ਦੀ ਵਿਧਾਇਕੀ ਜਾਂਦੀ ਹੈ ਤਾਂ ਰੋਪੜ ਵਿਖੇ ਵੀ ਜ਼ਿਮਨੀ ਚੋਣ ਹੋਵੇਗੀ।
ਜਲਾਲਾਬਾਦ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਫਿਰੋਜ਼ਪੁਰ ਤੋਂ ਲੋਕ ਸਭਾ ਦੇ ਉਮੀਦਵਾਰ ਵੱਜੋਂ ਚੋਣਾਂ ਲੜ ਰਹੇ ਸਨ ਅਤੇ ਉਨ੍ਹਾਂ ਨੇ ਵੱਡੇ ਫਰਕ ਨਾਲ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਨੂੰ ਮਾਤ ਦਿੱਤੀ। ਇਸ ਤੋਂ ਬਾਅਦ ਜਲਾਲਾਬਾਦ ਤੋਂ ਵਿਧਾਇਕ ਹੋਣ ਦੇ ਚੱਲਦਿਆਂ ਸੁਖਬੀਰ ਬਾਦਲ ਨੂੰ ਹੁਣ ਵਿਧਾਨ ਸਭਾ ਜਲਾਲਾਬਾਦ ਤੋਂ ਅਸਤੀਫ਼ਾ ਦੇਣਾ ਪਵੇਗਾ। ਸੁਖਬੀਰ ਬਾਦਲ ਦੇ ਇਸ ਅਸਤੀਫ਼ੇ ਨਾਲ ਜਲਾਲਾਬਾਦ ਦੀ ਸੀਟ ਖਾਲੀ ਹੋ ਜਾਵੇਗੀ ਅਤੇ ਇਸ ਸੀਟ 'ਤੇ ਜ਼ਿਮਨੀ ਚੋਣ ਹੋਵੇਗੀ, ਜਿਸ ਲਈ ਸਾਰੀਆਂ ਸਿਆਸੀ ਧਿਰਾਂ ਰਣਨੀਤੀ ਬਣਾ ਰਹਿਆਂ ਹਨ। ਜਲਾਲਾਬਾਦ ਤੋਂ ਅਕਾਲੀ ਦਲ ਨੇ ਆਪਣੇ ਅਗਲੇ ਉਮੀਦਵਾਰ 'ਤੇ ਵੀ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲ ਹੀ 'ਚ ਅਕਾਲੀ ਦਲ ਵਿੱਚ ਸ਼ਾਮਲ ਹੋਏ ਸੀਨੀਅਰ ਸਿਆਸਤਦਾਨ ਅਤੇ ਦਿੱਗਜ ਨੇਤਾ ਜਗਮੀਤ ਬਰਾੜ ਨੂੰ ਅਕਾਲੀ ਦਲ ਜਲਾਲਾਬਾਦ ਤੋਂ ਚੋਣ ਮੈਦਾਨ ਵਿੱਚ ਉਤਾਰ ਸਕਦਾ ਹੈ।
ਫ਼ਗਵਾੜਾ: ਹੁਸ਼ਿਆਰਪੁਰ ਤੋਂ ਬੀਜੇਪੀ ਦੀ ਟਿਕਟ 'ਤੇ ਚੋਣ ਜਿੱਤਣ ਵਾਲੇ ਸੋਮ ਪ੍ਰਕਾਸ ਫ਼ਗਵਾੜਾ ਵਿਧਾਨ ਸਭਾ ਹਲਕੇ ਤੋਂ ਮੌਜੂਦਾ ਵਿਧਾਇਕ ਹਨ। ਲੋਕ ਸਭਾ ਚੋਣਾਂ 'ਚ ਮਿਲੀ ਕਾਮਯਾਬੀ ਤੋਂ ਬਾਅਦ ਹੁਣ ਸੋਮ ਪ੍ਰਕਾਸ਼ ਆਪਣੀ ਵਿਦਾਇਕੀ ਦੇ ਆਹੁਦੇ ਤੋਂ ਅਸਤੀਫ਼ਾ ਦੇਣਗੇ। ਸੋਮ ਪ੍ਰਕਾਸ਼ ਦੇ ਅਸਤੀਫ਼ੇ ਤੋਂ ਬਾਅਦ ਫ਼ਗਵਾੜਾ ਵਿਧਾਨ ਸਭਾ ਸੀਟ 'ਤੇ ਜ਼ਿਮਨੀ ਚੋਣ ਹੋਵੇਗੀ, ਜਿਸ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।