ਬਠਿੰਡਾ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਚੁਣੇ ਗਏ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਸਰਬੱਤ ਖ਼ਾਲਸਾ ਦੇ ਮੁਤਵਾਜ਼ੀ ਜੱਥੇਦਾਰ ਵੱਜੋਂ ਅਸਤੀਫ਼ਾ ਦੇ ਦਿੱਤਾ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਤੋਂ ਬਾਅਦ ਅੱਜ ਸ਼ੁਕਰਾਨੇ ਵਜੋਂ ਤਖ਼ਤ ਸਾਹਿਬ ਨਤਮਸਤਕ ਹੋਣ ਮੌਕੇ ਜੱਥੇਦਾਰ ਨੇ ਆਪਣਾ ਅਸਤੀਫਾ 'ਬੇਨਤੀ ਪੱਤਰ' ਦੇ ਰੂਪ ਵਿੱਚ ਪੰਥ ਖਾਲਸਾ ਨੂੰ ਸੌਂਪ ਦਿੱਤਾ ਹੈ। ਐਚਐਸਜੀਐਮਸੀ ਦੇ ਪ੍ਰਧਾਨ ਬਣਨ ਤੋਂ ਬਾਅਦ ਦਾਦੂਵਾਲ ਨੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਮੱਥਾ ਟੇਕ ਕੇ ਇੱਥੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੱਕ ਸ਼ੁਕਰਾਨਾ ਯਾਤਰਾ ਸ਼ੁਰੂ ਕੀਤੀ।
ਮੀਡੀਆ ਨਾਲ ਰੂ-ਬਰੂ ਹੁੰਦਿਆਂ ਦਾਦੂਵਾਲ ਨੇ ਕਿਹਾ ਕਿ ਉਹ ਉਨ੍ਹਾਂ ਸਾਰੇ ਲੋਕਾਂ ਅਤੇ ਆਪਣੇ ਸਾਥੀਆਂ ਦਾ ਸ਼ੁਕਰਾਨਾ ਕਰਦੇ ਹਨ ਜਿਨ੍ਹਾਂ ਨੇ ਕਈ ਔਕੜਾਂ ਆਉਣ ਤੋਂ ਬਾਅਦ ਵੀ ਉਨ੍ਹਾਂ 'ਤੇ ਭਰੋਸਾ ਕਰ ਉਨ੍ਹਾਂ ਨੂੰ ਹਰਿਆਣਾ ਸਿੱਖ ਗੁਰਦੁਆਰੇ ਦੀ ਸੇਵਾ ਨਿਭਾਉਣ ਦਾ ਮੌਕਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਇਹ ਸ਼ੁਕਰਾਨਾ ਯਾਤਰਾ ਵਾਹਿਗੁਰੂ ਦਾ ਧੰਨਵਾਦ ਕਰਨ ਅਤੇ ਆਪਣੇ ਜ਼ਿੰਮੇਵਾਰੀਆਂ ਨੂੰ ਤੇਨਦੇਹੀ ਨਾਲ ਨਿਭਾਉਣ ਲਈ ਅਸ਼ੀਰਵਾਦ ਲੈਣ ਲਈ ਸ਼ੁਰੂ ਕੀਤੀ ਹੈ।
ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ 2014 ਤੋਂ ਹਰਿਆਣਾ ਗੁਰਦੁਆਰਾ ਕਮੇਟੀ ਦੇ ਹੋਂਦ ਦੇ ਸਮੇਂ ਤੋਂ ਉਹ ਅੰਤਰਿਮ ਮੈਂਬਰ ਚੱਲੇ ਆ ਰਹੇ ਸਨ ਅਤੇ ਹੁਣ 13 ਅਗਸਤ ਨੂੰ ਹੋਈ ਚੋਣ ਵਿੱਚ ਹਰਿਆਣਾ ਕਮੇਟੀ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਪ੍ਰਧਾਨ ਚੁਣ ਲਿਆ ਹੈ। ਉਨ੍ਹਾਂ ਕਿਹਾ ਕਿ ਭਾਵੇ ਹਰਿਆਣਾ ਕਮੇਟੀ ਦੀ ਪ੍ਰਧਾਨਗੀ ਸਰਬੱਤ ਖ਼ਾਲਸਾ ਦੀ ਜੱਥੇਦਾਰੀ ਸਾਹਮਣੇ ਨਿਗੂਣੀ ਹੈ ਪਰ ਉਨ੍ਹਾਂ ਫ਼ੈਸਲਾ ਕੀਤਾ ਹੈ ਕਿ ਉਹ ਇਹ ਛੋਟੀ ਸੇਵਾ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਤਖ਼ਤ ਸ਼੍ਰੀ ਦਮਦਮਾ ਸਾਹਿਬ ਰੱਖੇ ਬੇਨਤੀ ਪੱਤਰ 'ਚ ਉਨ੍ਹਾਂ ਨੇ ਸਮੁੱਚੇ ਖ਼ਾਲਸਾ ਪੰਥ ਨੂੰ ਅਪੀਲ ਕੀਤੀ ਹੈ ਕਿ ਉਹ ਜੱਥੇਦਾਰੀ ਦੀ ਸੇਵਾ ਹੋਰ ਕਿਸੇ ਯੋਗ ਵਿਅਕਤੀ ਨੂੰ ਸੌਂਪ ਦੇਣ।
ਦਾਦੂਵਾਲ ਨੇ ਕਿਹਾ ਉਹ ਸਿਰਫ਼ ਪੰਜਾਬ ਜਾਂ ਹਰਿਆਣਾ ਹੀ ਨਹੀਂ ਸਗੋਂ ਸਮੁੱਚੇ ਦੇਸ਼ ਦੇ ਸਿੱਖ ਭਾਈਚਾਰੇ ਲਈ ਕਾਰਜ ਕਰਨ ਦੀ ਕੋਸ਼ਿਸ਼ ਕਰਨਗੇ ਅਤੇ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨਗੇ ਅਤੇ ਕੌਮੀ ਪੱਧਰ 'ਤੇ ਸਿੱਖੀ ਦਾ ਪ੍ਰਚਾਰ ਕਰਨਗੇ।