ਬਠਿੰਡਾ: ਸਾਡੀ ਹਰ ਵਾਰ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਉਨ੍ਹਾਂ ਵਿਅਕਤੀਆਂ ਦੇ ਰੂ-ਬ-ਰੂ ਕਰਵਾਇਆ ਜਾਵੇ ਜਿਹੜੇ ਕੁੱਝ ਨਾ ਕੁੱਝ ਹੈਰਤ ਅੰਗੇਜ਼ ਕਰਦੇ ਰਹਿੰਦੇ ਹਨ। ਅੱਜ ਅਸੀਂ ਗੱਲ ਕਰ ਰਹੇ ਹਾਂ ਬਠਿੰਡਾ ਦੀ ਰੈੱਡ ਕਰਾਸ ਸੁਸਾਇਟੀ ਵਿੱਚ ਡਰਾਈਵਰ ਵੱਜੋਂ ਤਾਇਨਾਤ ਗੁਰਨਾਮ ਸਿੰਘ ਦੀ।
ਗੁਰਨਾਮ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੂੰ ਬਚਪਨ ਤੋਂ ਸਟੰਟ ਕਰਨ ਦਾ ਸ਼ੌਂਕ ਸੀ। ਉਹ ਹੁਣ ਤੱਕ ਮੋਟਰਸਾਈਕਲ ਤੋਂ ਲੈ ਕੇ ਸਕੂਟਰ, ਜੀਪ ਅਤੇ ਕਾਰ ਉੱਤੇ ਆਪਣੇ ਹੈਰਤ-ਅੰਗੇਜ਼ ਸਟੰਟ ਕਰ ਚੁੱਕਿਆ ਹੈ।
ਗੁਰਨਾਮ ਸਿੰਘ ਨੇ ਦੱਸਿਆ ਕਿ ਉਸ ਨੇ ਜਲੰਧਰ ਤੋਂ ਲੈ ਕੇ ਚੰਡੀਗੜ੍ਹ ਤੱਕ ਮੋਟਰਸਾਈਕਲ ਉੱਤੇ ਬਿਨ੍ਹਾਂ ਹੱਥ ਫੜੇ ਸਭ ਤੋਂ ਲੰਬਾ ਸਫ਼ਰ ਤੈਅ ਕੀਤਾ ਹੈ। ਲੋਕਾਂ ਨੇ ਉਸ ਨਾਲ ਫ਼ੋਟੋਆ ਕਰਵਾਉਣ ਲਈ ਕਈ ਵਾਰ ਰਸਤੇ ਵਿੱਚ ਰੋਕਿਆ ਹੈ।
ਗੁਰਨਾਮ ਸਿੰਘ ਪਿਛਲੇ 26 ਸਾਲਾ ਤੋਂ ਇਹ ਸਟੰਟ ਕਰਦਾ ਆ ਰਿਹਾ ਹੈ। ਹਾਲਾਂਕਿ ਗੁਰਨਾਮ ਸਿੰਘ ਪਿਛਲੇ 16 ਸਾਲਾਂ ਤੋਂ ਰੈੱਡ ਕਰਾਸ ਸੁਸਾਇਟੀ ਵਿੱਚ ਡਰਾਈਵਰ ਵਜੋਂ ਤਾਇਨਾਤ ਹੈ, ਪਰ ਉਹ ਹਾਲੇ ਤੱਕ ਵੀ ਪੱਕਾ ਨਹੀਂ ਹੋਇਆ। ਉਸ ਨੇ ਦੱਸਿਆ ਕਿ ਉਸ ਦੇ ਸ਼ੌਂਕ ਦਾ ਅੱਜ ਤੱਕ ਮੁੱਲ ਨਹੀਂ ਪੈ ਸਕਿਆ ਅਤੇ ਉਸ ਦੇ ਆਰਥਿਕ ਸਾਧਨ ਵੀ ਕਾਫ਼ੀ ਸੀਮਿਤ ਹਨ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਗੁਰਨਾਮ ਸਿੰਘ ਨੇ ਈਟੀਵੀ ਭਾਰਤ ਨੂੰ ਦੇਖਣ ਵਾਲਿਆਂ ਅਤੇ ਆਪਣੇ ਚਾਹੁਣ ਵਾਲਿਆਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਟੰਟ ਬਿਨਾਂ ਕਿਸੇ ਸਿਖਲਾਈ ਦੇ ਕਰਨਾ ਖ਼ਤਰਨਾਕ ਹੈ। ਉਹ ਬਿਲਕੁਲ ਵੀ ਬਿਨਾਂ ਕਿਸੇ ਸੁਰੱਖਿਆ ਦੇ ਇਸ ਤਰ੍ਹਾਂ ਦੇ ਸਟੰਟਾਂ ਨੂੰ ਨਾ ਕਰਨ।
ਉਸ ਦਾ ਕਹਿਣਾ ਹੈ ਕਿ ਜਦ ਤੱਕ ਉਸ ਦੇ ਸਾਂਹ ਚੱਲਦੇ ਰਹਿਣਗੇ ਉਹ ਸਟੰਟ ਕਰਦਾ ਰਹੇਗਾ। ਉਹ ਜੰਮੂ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਮੋਟਰਸਾਈਕਲ ਚਲਾਉਣਾ ਚਾਹੁੰਦਾ ਹੈ।