ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਵਿੱਚ ਅਸਤੀਫਿਆਂ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਦੂਸਰੇ ਪਾਸੇ ਲੋਕ ਸਭਾ ਚੋਣਾਂ 2024 ਨਜ਼ਦੀਕ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਛੱਡ ਕੇ ਜਾ ਰਹੇ ਵਰਕਰਾਂ ਤੇ ਅਹੁਦੇਦਾਰਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਪਤਲੀ ਹੁੰਦੀ ਜਾ ਰਹੀ ਹੈ। ਤਾਜ਼ਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਵਿਦਿਆਰਥੀ ਵਿੰਗ ਐੱਸਓਆਈ ਦੇ ਬਠਿੰਡਾ ਜ਼ਿਲ੍ਹਾ ਪ੍ਰਧਾਨ ਅਕਸ਼ੇ ਕੁਮਾਰ ਬਿੱਲਾ ਨੇ ਅੱਜ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਇਕਾਈ ਦੇ ਸਮੂਹ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ।
ਐੱਸਓਆਈ ਦੇ ਜ਼ਿਲ੍ਹਾ ਪ੍ਰਧਾਨ ਨੇ ਦਿੱਤਾ ਅਸਤੀਫ਼ਾ: ਇਸ ਸਬੰਧੀ ਅਕਸ਼ੇ ਕੁਮਾਰ ਨੇ ਪ੍ਰੈੱਸ ਕਾਨਫਰੰਸ ਕਰਕੇ ਪਾਰਟੀ ਦੀ ਲੀਡਰਸ਼ਿਪ 'ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਹਨ। ਉਹਨਾਂ ਕਿਹਾ ਸੀਨੀਅਰ ਅਕਾਲੀ ਲੀਡਰਾਂ ਨੂੰ ਪਿੱਛੇ ਕਰਕੇ ਦੂਸਰੀਆਂ ਪਾਰਟੀਆਂ ਵਿੱਚੋ ਆਏ ਬੰਦਿਆਂ ਨੂੰ ਟਿਕਟਾਂ ਅਤੇ ਹਲਕਾ ਇੰਚਾਰਜ ਲਗਾਇਆ ਜਾਂਦਾ ਹੈ, ਜਿਸ ਕਾਰਨ ਸਾਡੀ ਮਿਹਨਤ ਦਾ ਮੁੱਲ ਨਹੀਂ ਪੈ ਰਿਹਾ। ਉਨ੍ਹਾਂ ਕਿਹਾ ਕਿ ਪੁਰਾਣੇ ਵਰਕਰਾਂ ਦੀ ਕਦਰ ਨਾ ਹੋਣ ਦੇ ਰੋਸ 'ਚ ਉਹ ਇਹ ਅਸਤੀਫ਼ਾ ਦੇ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਨੂੰ ਸਿਰਫ ਵੋਟਾਂ ਦੇ ਸਮੇਂ ਯਾਦ ਕੀਤਾ ਜਾਂਦਾ ਹੈ ਅਤੇ ਬਾਅਦ ਵਿੱਚ ਕਦੇ ਵੀ ਸਾਡੀ ਦੁੱਖ ਤਕਲੀਫ ਨਹੀਂ ਪੁੱਛੀ ਜਾਂਦੀ।
ਸੀਨੀਅਰ ਲੀਡਰਾਂ 'ਤੇ ਲਾਏ ਇਲਜ਼ਾਮ: ਅਕਸ਼ੇ ਕੁਮਾਰ ਬਿੱਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜ਼ਮੀਨੀ ਪੱਧਰ 'ਤੇ ਇੰਨੇ ਬੁਰੇ ਹਲਾਤ ਹੋਣ ਦੇ ਬਾਵਜੂਦ ਵੀ ਸਾਡੇ ਨਾਲ ਸੰਪਰਕ ਸਿਰਫ ਪੀ.ਏ ਰੱਖਦੇ ਹਨ, ਅੱਜ ਵੀ ਸਾਡੇ ਨਾਲ ਲੀਡਰ ਦਾ ਸਿੱਧਾ ਸੰਪਰਕ ਨਹੀਂ ਹੈ, ਜਦੋਂ ਸੱਤਾ ਵਿੱਚ ਆਏ ਫਿਰ ਪਤਾ ਨੀ ਕੀ ਹੋਵੇਗਾ। ਉਹਨਾਂ ਕਿਹਾ ਕਿ ਲੋਕਲ ਹਲਕਾ ਇੰਚਾਰਜ ਦੇ ਗੈਰ ਸਿਆਸੀ ਸਲਾਹਕਾਰਾਂ ਨੇ ਵੀ ਪਾਰਟੀ ਦਾ ਅਕਸ ਖ਼ਰਾਬ ਕੀਤਾ ਹੈ। ਆਪਣੇ ਚਹੇਤਿਆਂ ਅਤੇ ਆਪ ਮੁਹਾਰੇ ਬਣੇ ਓਐਸਡੀਆਂ ਦੇ ਬੱਚਿਆਂ ਨੂੰ ਅਹੁਦੇ ਵੰਡੇ ਜਾਂਦੇ ਹਨ, ਜਿਸ ਦੇ ਨਤੀਜੇ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਸਾਹਮਣੇ ਆਉਣਗੇ। ਨੌਜਵਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਤਾਂਤ੍ਰਿਕ ਪਾਰਟੀ ਨਾ ਰਹਿਕੇ ਸਾਜਿਸ਼ ਤਹਿਤ ਪ੍ਰਾਈਵੇਟ ਲਿਮਟਿਡ ਬਣਾਇਆ ਜਾ ਰਿਹਾ ਹੈ।
ਬਾਹਰੋਂ ਆਏ ਬੰਦਿਆਂ ਨੂੰ ਦਿੱਤੇ ਅਹੁਦੇ: ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਵਾਲੇ ਅਕਸ਼ੇ ਕੁਮਾਰ ਦਾ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੱਕ ਕਿਸੇ ਵੀ ਆਮ ਵਰਕਰ ਦੀ ਸਿੱਧੀ ਪਹੁੰਚ ਨਹੀਂ ਹੈ ਅਤੇ ਜੇਕਰ ਕੋਈ ਪਹੁੰਚ ਕਰਨ ਦੀ ਕੋਸ਼ਿਸ਼ ਕਰਦਾ ਵੀ ਹੈ ਤਾਂ ਉਸ ਨੂੰ ਹਲਕੇ ਵਿੱਚ ਜਾਣ ਬੁਝ ਕੇ ਜੀਰੋ ਬਣਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਿੰਨਾਂ ਸਿਆਸੀ ਸੂਝ ਬੂਝ ਦੇ ਬੰਦੇ ਨੂੰ ਹਲਕਾ ਇੰਚਾਰਜ ਨਿਯੁਕਤ ਕਰਨਾ ਬਠਿੰਡਾ ਅਕਾਲੀ ਦਲ ਸ਼ਹਿਰੀ ਲਈ ਘਾਤਕ ਸਿੱਧ ਹੋ ਰਿਹਾ ਹੈ। ਪਾਰਟੀ ਵਿਚ ਲੋਕਲ ਹਲਕਾ ਇੰਚਾਰਜ ਦੀ ਅਧੀਨਤਾ ਸਵੀਕਾਰ ਕਰਨ ਵਾਲੇ ਨੂੰ ਸਨਮਾਨ ਦਿੱਤਾ ਜਾਂਦਾ ਹੈ ਅਤੇ ਗਲਤ ਦਾ ਵਿਰੋਧ ਕਰਨ ਵਾਲੇ/ਰੋਸ ਜਾਹਿਰ ਕਰਨ ਵਾਲੇ /ਜਾਨ ਪਾਰਟੀ ਅਹੁਦਾ ਜਾਂ ਪਾਰਟੀ ਛੱਡ ਜਾਣ ਵਾਲੇ ਨੂੰ ਇਹ ਕਹਿਕੇ ਸਨਮਾਨ ਦਿੱਤਾ ਜਾਂਦਾ ਹੈ ਕਿ ਇਹਦੇ ਪੱਲੇ ਹੀ ਕੀ ਹੈ।
ਪਹਿਲਾਂ ਕੌਂਸਲਰ ਵੀ ਛੱਡ ਚੁੱਕੇ ਪਾਰਟੀ: ਨੌਜਵਾਨ ਨੇ ਕਿਹਾ ਕਿ ਹਲਕਾ ਇੰਚਾਰਜ ਦੇ ਆਪ ਹੀ ਬਣੇ ਓ.ਐੱਸ.ਡੀ ਦੀਆਂ ਵਧੀਕੀਆਂ ਕਾਰਨ ਬਹੁਤ ਪੁਰਾਣੇ ਅਕਾਲੀ ਦਲ ਦੇ ਸੀਨੀਅਰ ਵਰਕਰ ਪਾਰਟੀ ਦੇ ਕੰਮਕਾਜ ਛੱਡਕੇ ਆਪਣੇ ਘਰਾਂ ਵਿੱਚ ਬੈਠ ਗਏ ਹਨ। ਚਾਰ ਸਾਲ ਪਹਿਲਾਂ ਜਦੋਂ ਹਲਕਾ ਇੰਚਾਰਜ ਸਾਹਿਬ ਨੂੰ ਪਾਰਟੀ 'ਚ ਸ਼ਾਮਲ ਕੀਤਾਂ ਸੀ ਤਾਂ ਚਾਰ ਮੌਜੂਦਾ ਕੌਂਸਲਰ ਉਸ ਦਿਨ ਹੀ ਪਾਰਟੀ ਛੱਡ ਕੇ ਚਲੇ ਗਏ ਸਨ। ਜਿੰਨਾਂ ਵਿੱਚੋ ਇੱਕ ਨੂੰ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਮੋੜ ਲਿਆਂਦਾ ਸੀ। ਅਕਸ਼ੇ ਕੁਮਾਰ ਬਿੱਲਾ ਨੇ ਕਿਹਾ ਕਿ ਚਾਰ ਮੌਜੂਦਾ ਕੌਂਸਲਰ ਹੁਣ ਪਾਰਟੀ ਛੱਡ ਗਏ, ਆਈਟੀ ਵਿੰਗ ਪ੍ਰਧਾਨ ਅਸਤੀਫ਼ਾ ਦੇ ਗਿਆ। ਇਸ ਦੇ ਨਾਲ ਹੀ ਨੌਜਵਾਨ ਨੇ ਕਿਹਾ ਕਿ ਹਾਲੇ ਉਹ ਕਿਸੇ ਵੀ ਸਿਆਸੀ ਪਾਰਟੀ ਦਾ ਹਿੱਸਾ ਨਹੀਂ ਬਣਨਗੇ ਪਰ ਰਾਜਨੀਤੀ ਵਿੱਚ ਲਗਾਤਾਰ ਸਰਗਰਮ ਰਹਿਣਗੇ।