ਬਠਿੰਡਾ: ਜ਼ਿਲ੍ਹੇ ਦੇ ਇੱਕ ਪਿੰਡ ’ਚ ਏਐਸਆਈ ਵੱਲੋਂ ਇੱਕ ਔਰਤ ਦੇ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਪੀੜਤ ਔਰਤ ਦੇ ਬੇਟੇ ਦੇ ਖਿਲਾਫ ਐਨਡੀਪੀਸੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ ’ਚ ਪੀੜਤ ਔਰਤ ਦੇ ਬੇਟੇ ਨੂੰ ਬਠਿੰਡਾ ਦੀ ਇੱਕ ਅਦਾਲਤ ਨੇ ਜਮਾਨਤ ਦੇ ਦਿੱਤੀ ਹੈ। ਦੱਸ ਦਈਏ ਕਿ ਪੀੜਤ ਔਰਤ ਦੇ ਪੁੱਤਰ ਦੇ ਖਿਲਾਫ ਥਾਣਾ ਕੈਂਟ ਚ 6 ਮਈ ਨੂੰ 400 ਗ੍ਰਾਮ ਅਫੀਮ ਬਰਾਮਦ ਹੋਣ ’ਤੇ ਐਨਡੀਪੀਸੀ ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ। ਜਿਸ ਨੂੰ ਪੀੜਤ ਔਰਤ ਨੇ ਪੁਲਿਸ ਵੱਲੋਂ ਦਰਜ ਇਸ ਮਾਮਲੇ ਨੂੰ ਝੂਠਾ ਦੱਸਿਆ ਸੀ।
ਇਹ ਸੀ ਪੂਰਾ ਮਾਮਲਾ
ਕਾਬਿਲੇਗੌਰ ਹੈ ਕਿ ਥਾਣਾ ਕੈਂਟ ’ਚ ਐਫਆਈਆਰ ਨੰਬਰ 40 ਮੁਤਾਬਿਕ ਸੀਆਈਏ ਸਟਾਫ ’ਚ ਤਾਇਨਾਤ ਪੁਲਿਸ ਅਧਿਕਾਰੀ ਗਸ਼ਤ ਦੌਰਾਨ ਸ਼ਹਿਰ ਤੋਂ ਭੁੱਚੋ ਵੱਲ ਨੂੰ ਜਾ ਰਹੇ ਸੀ। ਜਿਵੇਂ ਹੀ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਸਰਵਿਸ ਰੋਡ ’ਤੇ ਪਹੁੰਚੀ ਤਾਂ ਕੱਸੀ ਪੁਲ ਕੋਲ ਇੱਕ ਨੌਜਵਾਨ ਮੋਟਰਸਾਇਕਲ ’ਤੇ ਬੈਠਾ ਇੱਕ ਲਿਫਾਫੇ ਨੂੰ ਫਰੋਲ ਰਿਹਾ ਸੀ। ਪੁਲਿਸ ਮੁਲਾਜ਼ਮਾਂ ਨੇ ਸ਼ੱਕ ਦੇ ਆਧਾਰ ’ਤੇ ਗੱਡੀ ਨੂੰ ਰੁਕਵਾ ਕੇ ਦੇਖਿਆ ਤਾਂ ਪਾਰਦਰਸ਼ੀ ਹੋਣ ਕਰਕੇ ਲਿਫਾਫੇ ’ਚ ਅਫੀਮ ਸਾਫ ਦਿਖਾਈ ਦੇ ਰਹੀ ਸੀ। ਲੋਕਲ ਰੈਂਕ ਹੋਣ ਕਾਰਨ ਐਨਡੀਪੀਐਸ ਐਕਟ ਤਹਿਤ ਕਾਰਵਾਈ ’ਚ ਸਮਰੱਥ ਨਾ ਹੋਣ ਕਰਕੇ ਸਬ ਇੰਸਪੈਕਟਰ ਗੁਰਿੰਦਰ ਸਿੰਘ ਨੂੰ ਬੁਲਾ ਕੇ ਅਫੀਮ ਵਾਲਾ ਲਿਫਾਫਾ ਅਤੇ ਮੋਟਰਸਾਈਕਲ ਉਸ ਦੇ ਹਵਾਲੇ ਕਰ ਦਿੱਤਾ। ਦੱਸ ਦਈਏ ਕਿ ਐਫਆਈਆਰ ’ਚ ਦਰਜ ਹੈ ਕਿ ਆਸ ਪਾਸ ਤਲਾਸ਼ ਕਰਨ ਦੇ ਬਾਵਜੂਦ ਪ੍ਰਾਈਵੇਟ ਗਵਾਹ ਨਹੀਂ ਮਿਲ ਸਕਿਆ ਹੈ। ਜਿਸ ਕਾਰਨ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ’ਤੇ ਥਾਣਾ ਕੈਂਟ ਪੁਲਿਸ ਨੇ ਮੁਕਦਮਾ ਦਰਜ ਕੀਤਾ ਸੀ।
ਦੱਸ ਦਈਏ ਕਿ ਪੰਜਾਬ ਹਰਿਆਣਾ ਹਾਈਕੋਰਟ ਨੇ ਇਸ ਮਾਮਲੇ ਦੀ ਪੜਤਾਲ ਲਈ ਐਸਆਈਟੀ ਬਣਾਈ ਹੈ। ਨੌਜਵਾਨ ਨੂੰ ਐਡਵੋਕੇਟ ਗੁਰਪ੍ਰੀਤ ਸਿੰਘ ਭਸੀਨ ਵੱਲੋਂ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਐਡਵੋਕੇਟ ਭਸੀਨ ਵੱਲੋਂ ਦਿੱਤੀਆਂ ਦਲੀਲਾਂ ਅਤੇ ਹਾਈਕੋਰਟ ਵੱਲੋਂ ਇਸ ਕੇਸ ਦੀ ਪੜਤਾਲ ਲਈ ਬਣਾਈ ਨਵੀਂ ਐਸਆਈਟੀ ਸਬੰਧੀ ਦਸਤਾਵੇਜ਼ਾਂ ਤੋਂ ਇਲਾਵਾ ਕੁਝ ਅਹਿਮ ਤੱਥ ਅਦਾਲਤ ਸਾਹਮਣੇ ਪੇਸ਼ ਕੀਤੇ ਸੀ। ਮਾਮਲੇ ਸਬੰਧੀ ਐਡਵੋਕੇਟ ਗੁਰਪ੍ਰੀਤ ਸਿੰਘ ਭਸੀਨ ਨੇ ਦੱਸਿਆ ਕਿ ਮਾਨਯੋਗ ਐਡੀਸ਼ਨਲ ਸੈਸ਼ਨਜ਼ ਜੱਜ (ਸਪੈਸ਼ਲ ਕੋਰਟ) ਸੰਜੀਤਾ ਨੇ ਨੌਜਵਾਨ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ।
ਇਹ ਵੀ ਪੜੋ: Mount Everest Day: 29 ਮਈ ਨੂੰ ਇਨ੍ਹਾਂ ਦੋ ਜਾਬਜ਼ਾਂ ਨੇ ਐਵਰੈਸਟ ਕੀਤਾ ਸੀ ਫ਼ਤਿਹ