ਬਠਿੰਡਾ : ਬਠਿੰਡਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਬਠਿੰਡਾ ਦੀ ਸੀਆਈਏ ਸਟਾਫ਼-2 ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਨਾਜਾਇਜ਼ ਅਸਲੇ ਸਪਲਾਈ ਕਰਨ ਵਾਲੇ 2 ਵਿਅਕਤੀਆਂ ਨੂੰ 10 ਪਿਸਤੌਲਾਂ ਅਤੇ 39 ਕਾਰਤੂਸ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੋਵਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਬੂ ਕੀਤੇ ਗਏ ਵਿਅਕਤੀਆਂ ਖਿਲਾਫ ਪਹਿਲਾਂ ਵੀ ਨਾਜਾਇਜ਼ ਅਸਲਾ ਸਪਲਾਈ ਕਰਨ ਦੇ ਮਾਮਲੇ ਦਰਜ ਹਨ। ਬਠਿੰਡਾ ਪੁਲਿਸ ਨੇ ਇਸ ਮਾਮਲੇ ਸਬੰਧੀ ਮੱਧ ਪ੍ਰਦੇਸ਼ ਦੀ ਪੁਲਿਸ ਨੂੰ ਵੀ ਪੱਤਰ ਲਿਖਿਆ ਹੈ।
ਅਸਲੇ ਸਮੇਤ ਕਾਰ ਵੀ ਬਰਾਮਦ : ਬਠਿੰਡਾ ਵਿਖੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਜੇ. ਏਲਨਚੇਜ਼ੀਅਨ ਨੇ ਦੱਸਿਆ ਕੀ ਉਨ੍ਹਾਂ ਦੇ ਸੀਆਈਏ ਸਟਾਫ-2 ਦੀ ਟੀਮ ਨੇ ਅਜਿਹੇ ਦੋ ਲੋਕਾਂ ਨੂੰ ਕਾਬੂ ਕੀਤਾ ਹੈ, ਜੋ ਪੰਜਾਬ ਦੇ ਮੋਗਾ, ਲੁਧਿਆਣਾ ਤੋਂ ਇਲਾਵਾ ਹੋਰ ਕਈ ਜ਼ਿਲ੍ਹਿਆਂ ਵਿੱਚ ਨਾਜਾਇਜ਼ ਅਸਲਾ ਸਪਲਾਈ ਕਰਦੇ ਸਨ। ਪੁਲਿਸ ਨੇ ਇਨ੍ਹਾਂ ਦੋਵਾਂ ਕਥਿਤ ਮੁਲਜ਼ਮਾਂ ਕੋਲੋਂ 06 ਪਿਸਤੌਲਾਂ 32 ਬੋਰ ਦੇਸੀ ਸਮੇਤ 39 ਕਾਰਤੂਸ 32 ਬੋਰ, ਦੋ ਦੇਸੀ ਕੱਟੇ 315 ਬੋਰ, ਇਕ ਦੇਸੀ ਰਿਵਾਲਵਰ 38 ਬੋਰ, ਇਕ ਪਿਸਤੌਲ 30 ਬੋਰ ਅਤੇ ਕਾਰ ਆਈ-10 ਬਰਾਮਦ ਕੀਤੀ ਹੈ।
ਇਹ ਵੀ ਪੜ੍ਹੋ : Kila Raipur Sports Fair: 72 ਸਾਲਾ ਬਜ਼ੁਰਗ ਦੌੜਾਕ ਨੇ ਸਭ ਨੂੰ ਪਾਈਆਂ ਭਾਜੜਾਂ
ਮੁਲਜ਼ਮਾਂ ਖਿਲਾਫ ਪਹਿਲਾਂ ਵੀ ਨੇ ਮਾਮਲੇ ਦਰਜ : ਕਥਿਤ ਮੁਲਜ਼ਮਾਂ ਖਿਲਾਫ ਪਹਿਲਾਂ ਬਰਨਾਲਾ ਜ਼ਿਲ੍ਹੇ ਵਿੱਚ ਵੀ ਨਾਜਾਇਜ਼ ਅਸਲਾ ਲਿਆਉਣ ਅਤੇ ਸਪਲਾਈ ਕਰਨ ਦੇ ਮਾਮਲੇ ਦਰਜ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਨੇ ਇਹ ਅਸਲਾ ਕਿਥੇ-ਕਿਥੇ ਸਪਲਾਈ ਕਰਨਾ ਸੀ, ਕਿਸ ਜਗ੍ਹਾ ਉਤੇ ਜਾਣਾ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇ ਪਹਿਲਾਂ ਵੀ ਕਾਫੀ ਅਸਲਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸਪਲਾਈ ਕੀਤਾ ਹੈ, ਜਿਸ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਈ ਮਾਮਲਿਆਂ ਵਿਚ ਸਾਹਮਣੇ ਆਇਆ ਹੈ ਕਿ ਮੱਧ ਪ੍ਰਦੇਸ਼ ਤੋਂ ਵੱਡੀ ਗਿਣਤੀ ਵਿੱਚ ਪੰਜਾਬ ਵਿੱਚ ਅਸਲਾ ਸਪਲਾਈ ਹੋ ਰਿਹਾ ਹੈ, ਜਿਸ ਕਰਕੇ ਇਸ ਮਾਮਲੇ ਵਿਚ ਮੱਧ ਪ੍ਰਦੇਸ਼ ਪੁਲਿਸ ਨੂੰ ਵੀ ਪੱਤਰ ਲਿਖਿਆ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕਰਨ ਲਈ ਸੰਪਰਕ ਕੀਤਾ ਜਾ ਰਿਹਾ ਹੈ ਜਲਦ ਵੱਡੇ ਖੁਲਾਸੇ ਹੋਣਗੇ।