ਬਠਿੰਡਾ:ਪਿੰਡ ਕੋਠੇ ਫੂਲਾ ਸਿੰਘ ਵਾਲੇ ਦੇ ਸਰਪੰਚ ਵੱਲੋਂ ਪੁਲਿਸ 'ਤੇ ਦੋਸ਼ ਲਗਾਇਆ ਹੈ ਕਿ ਬਠਿੰਡਾ ਸੀਆਈਏ ਵੱਲੋਂ ਉਸਦੇ ਘਰ ਵਿੱਚ ਗੈਰ-ਕਾਨੂੰਨੀ ਸ਼ਰਾਬ ਦੀ ਤਸਕਰੀ ਨੂੰ ਲੈ ਕੇ ਨਾਜਾਇਜ਼ ਛਾਪੇਮਾਰੀ ਕੀਤੀ ਗਈ ਹੈ।
ਸਰਪੰਚ ਗੋਰਾ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਪਿੰਡ ਵਿੱਚ ਇੱਕ ਵਿਅਕਤੀ ਦੇ ਘਰ ਵਿੱਚ ਸ਼ਰਾਬ ਦੇ ਠੇਕੇਦਾਰ ਹਰੀਸ਼ ਕੁਮਾਰ ਗਰਗ ਵੱਲੋਂ ਗੈਰ-ਕਾਨੂੰਨੀ ਸ਼ਰਾਬ ਦੀ ਤਸਕਰੀ ਨੂੰ ਲੈ ਕੇ ਰੇਡ ਕੀਤੀ ਗਈ ਸੀ, ਜਦੋਂ ਕਿ ਉਸ ਕੋਲੋਂ ਕੁਝ ਵੀ ਬਰਾਮਦ ਨਹੀਂ ਹੋਇਆ ਅਤੇ ਜਦੋਂ ਸਾਡੇ ਵੱਲੋਂ ਉਸ ਵਿਅਕਤੀ ਦਾ ਪੱਖ ਲਿਆ ਗਿਆ ਤਾਂ ਸ਼ਰਾਬ ਦੇ ਠੇਕੇਦਾਰ ਨੇ ਸੀਆਈਏ ਨੂੰ ਨਾਲ ਲੈ ਕੇ ਸਰਪੰਚ ਦੇ ਘਰ ਵਿੱਚ ਛਾਪਾ ਮਾਰਿਆ, ਜਿਸ ਤੋਂ ਬਾਅਦ ਵੀ ਉਸ ਦੇ ਘਰ ਵਿੱਚੋਂ ਕੁਝ ਨਹੀਂ ਲੱਭਿਆ।
ਸਰਪੰਚ ਨੇ ਪ੍ਰੈਸ ਨੂੰ ਦੱਸਿਆ ਕਿ ਸੀਆਈਏ 2 ਦੇ ਇੰਚਾਰਜ ਰਜਿੰਦਰ ਕੁਮਾਰ ਨੇ ਉਸਨੂੰ ਸੰਪਰਕ ਕਰਕੇ ਪੈਸਿਆਂ ਦੀ ਮੰਗ ਵੀ ਕੀਤੀ।
ਇਸ ਦੇ ਸਬੰਧ ਵਿੱਚ ਸਰਪੰਚ ਨੇ ਦੱਸਿਆ ਕਿ ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਪ੍ਰੀਤਮ ਕੋਟਭਾਈ ਨੂੰ ਦੱਸਣ ਦੇ ਬਾਅਦ ਵੀ ਮੁਕੰਮਲ ਕਾਰਵਾਈ ਨਹੀਂ ਕੀਤੀ ਗਈ। ਸਰਪੰਚ ਗੋਰਾ ਸਿੰਘ ਨੇ ਦੁਖੀ ਮਨ ਨਾਲ ਕਾਂਗਰਸ ਪਾਰਟੀ ਨੂੰ ਛੱਡ ਦੇਣ ਦੀ ਗੱਲ ਵੀ ਆਖੀ ਹੈ, ਪਰ ਉਨ੍ਹਾਂ ਮੁੱਖ ਮੰਤਰੀ ਵੱਲੋਂ ਇਨਸਾਫ਼ ਦੀ ਆਸ ਨੂੰ ਜਿਊਂਦੇ ਰੱਖਿਆ ਹੈ।
ਇਹ ਵੀ ਪੜੋ: ਪੰਜਾਬ ਦੀਆ 4 ਵਿਧਾਨ ਸਭਾ ਸੀਟਾਂ ਉੱਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ
ਜਦੋਂ ਇਸ ਦੇ ਸਬੰਧ ਵਿੱਚ ਤਰਜਿੰਦਰ ਸਿੰਘ ਸੀਆਈਏ 2 ਇੰਚਾਰਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਕਦੇ ਉਸ ਪਿੰਡ ਵਿਚ ਗਏ ਹੀ ਨਹੀਂ ਅਤੇ ਨਾ ਹੀ ਉਹ ਕਦੇ ਗੋਰਾ ਸਿੰਘ ਨੂੰ ਮਿਲੇ ਹਨ। ਗੋਰਾ ਸਿੰਘ ਬਾਰੇ ਥਾਣੇਦਾਰ ਨੇ ਦੱਸਿਆ ਕਿ ਉਸ 'ਤੇ ਗੈਰ-ਕਾਨੂੰਨੀ ਸ਼ਰਾਬ ਤਸਕਰੀ ਦੇ ਦੋਸ਼ ਲੱਗੇ ਹਨ।