ਬਠਿੰਡਾ: ਐਤਵਾਰ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦਾ ਪਰਚਾਰ ਖਤਮ ਹੋ ਚੁੱਕਾ ਹੈ ਅਤੇ 14 ਫ਼ਰਵਰੀ ਨੂੰ ਸਵੇਰੇ 8 ਵਜੇ ਵੋਟਾਂ ਪੈਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ।
ਬਠਿੰਡਾ ਸ਼ਹਿਰ ਦੇ ਕੁੱਲ ਵਾਰਡ, ਪੋਲਿੰਗ ਬੂਥ ਅਤੇ ਵੋਟਰ
ਬਠਿੰਡਾ ਸ਼ਹਿਰ ਦੀ ਗੱਲ ਕਰੀਏ ਤਾਂ ਇਥੇ ਕੁੱਲ 50 ਵਾਰਡ ਹਨ ਅਤੇ ਜਿੱਥੇ ਹਰ ਪਾਰਟੀ ਨੇ ਆਪਣੇ ਉਮੀਦਵਾਰਾਂ ਮੈਦਾਨ ਵਿੱਚ ਉਤਾਰੇ ਹਨ। ਇਸ ਵਾਰ ਬਠਿੰਡਾ ਦੇ ਵਿੱਚ ਕੁੱਲ 3 ਲੱਖ 39 ਹਜਾਰ 276 ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਜਿਸ ਲਈ ਕੁੱਲ 377 ਪੋਲਿੰਗ ਬੂਥ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ ਵਿਚੋਂ 209 ਪੋਲਿੰਗ ਬੂਥ ਸਟੇਸ਼ਨ ਸੈਂਸਟਿਵ ਅਤੇ 77 ਪੋਲਿੰਗ ਬੂਥ ਸਟੇਸ਼ਨ ਹਾਈਪਰਸੈਂਸਿਟਿਵ ਐਲਾਨੇ ਗਏ ਹਨ।
ਪੁਲਿਸ ਦੀ ਵੀ ਤਿਆਰੀ ਪੂਰੀ
ਚੋਂਣਾਂ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲ਼ਈ ਪੁਲਿਸ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਇਸ ਵਾਰ ਪੋਲਿੰਗ ਬੂਥ ਸਟੇਸ਼ਨ 'ਤੇ ਈਵੀਐੱਮ ਇਲੈਕਟ੍ਰੌਨਿਕ ਵੋਟਿੰਗ ਮਸ਼ੀਨ ਦੇ ਰਾਹੀਂ ਵੋਟਿੰਗ ਹੋਵੇਗੀ ਜਿਸ ਲਈ ਸਰਕਾਰੀ ਅਦਾਰਿਆਂ ਦੇ ਕਰਮਚਾਰੀਆਂ ਦੀ ਡਿਊਟੀਆਂ ਅਤੇ ਟਰੇਨਿੰਗ ਮੁਕੰਮਲ ਹੋ ਚੁੱਕੀ ਹੈ।
ਅਕਾਲੀ ਦਲ ਪਾਰਟੀ ਦਾ ਦੱਸ ਸਾਲ ਤੋਂ ਕਬਜ਼ਾ
ਹੁਣ ਤੱਕ ਬਠਿੰਡਾ ਸ਼ਹਿਰ ਮਿਉਂਸਿਪਲ ਕਾਰਪੋਰੇਸ਼ਨ 'ਤੇ ਅਕਾਲੀ ਦਲ ਪਾਰਟੀ ਦਾ ਦੱਸ ਸਾਲ ਤੋਂ ਕਬਜ਼ਾ ਰਿਹਾ ਹੈ। ਜਿਸ ਵਿੱਚ ਅਕਾਲੀ ਦਲ ਪਾਰਟੀ ਦੇ ਬਣੇ ਮੇਅਰ ਬਲਵੰਤ ਰਾਏ ਨਾਥ ਵੱਲੋਂ ਬਠਿੰਡਾ ਸ਼ਹਿਰ ਦੇ ਵਿਕਾਸ ਲਈ ਕਾਫ਼ੀ ਕਾਰਜ ਕੀਤੇ ਸਾਹਮਣੇ ਆਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਸਵੱਛ ਭਾਰਤ ਮਿਸ਼ਨ ਦੇ ਅਭਿਆਨ ਦੇ ਤਹਿਤ ਪੰਜਾਬ ਵਿੱਚੋਂ ਪਹਿਲੇ ਨੰਬਰ 'ਤੇ ਆਉਣ ਵਾਲਾ ਬਠਿੰਡਾ ਸ਼ਹਿਰ ਤਿੰਨ ਵਾਰ ਅੱਵਲ ਆ ਚੁੱਕਿਆ ਹੈ।
ਲੋਕਾਂ ਦੀਆਂ ਸਮੱਸਿਆਵਾਂ
ਇਸ ਵਾਰ ਚੋਣਾਂ ਦੇ ਵਿਸ਼ੇਸ਼ ਮੁੱਦੇ ਵੀ ਬਰਸਾਤੀ ਪਾਣੀ ਦੇ ਨਿਕਾਸ, ਅਵਾਰਾ ਪਸ਼ੂ ਅਤੇ ਸੜਕਾਂ ਨਾਲੀਆਂ ਅਤੇ ਗਲੀਆਂ ਦੀ ਵਿਵਸਥਾ ਸਬੰਧੀ ਹਨ। ਪਰ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਵਾਰ ਬਠਿੰਡਾ ਮਿਉਂਸਪਲ ਕਾਰਪੋਰੇਸ਼ਨ ਦੇ ਵਿਚ ਕਿਹੜੀ ਪਾਰਟੀ ਜੇਤੂ ਰਹੇਗੀ।