ਤਲਵੰਡੀ ਸਾਬੋ: ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਕੂਚ ਦੇ ਸੱਦੇ ਦੇ ਮੱਦੇਨਜ਼ਰ ਦਿੱਲੀ ਵੱਲ ਜਾ ਰਹੇ ਕਿਸਾਨਾਂ ਉੱਤੇ ਪੰਜਾਬ ਹਰਿਆਣਾ ਹੱਦਾਂ ਉੱਤੇ ਹਰਿਆਣਾ ਸਰਕਾਰ ਵੱਲੋਂ ਜੋ ਤਸ਼ੱਦਦ ਕੀਤੀ ਜਾ ਰਹੀ ਹੈ ਉਸ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਨਿੰਦਾ ਕੀਤੀ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇੰਨੇ ਠੰਡੇ ਮੌਸਮ ਵਿੱਚ ਸ਼ਾਂਤਮਈ ਸੰਘਰਸ਼ ਕਰਨ ਜਾ ਰਹੇ ਕਿਸਾਨਾਂ ਉੱਤੇ ਠੰਢੇ ਪਾਣੀ ਦੀਆਂ ਬੌਛਾਰਾਂ ਕਰਨੀਆਂ ਜ਼ੁਲਮ ਦੀ ਹੱਦ ਹੈ। ਉਨ੍ਹਾਂ ਕਿਹਾ ਕਿ ਜੇਕਰ ਅੰਨਾ ਹਜ਼ਾਰੇ ਲੋਕਪਾਲ ਲਈ ਦਿੱਲੀ ਵਿੱਚ ਸੰਘਰਸ਼ ਕਰ ਸਕਦੇ ਹਨ ਤਾਂ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਤੋਂ ਸਰਕਾਰ ਨੂੰ ਕੀ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਭਾਰਤ ਦੇ ਕਿਸਾਨ ਬਨਾਮ ਕੇਂਦਰ ਸਰਕਾਰ ਦੀ ਹੈ ਪਰ ਸਰਕਾਰ ਇਸ ਨੂੰ ਪੰਜਾਬ ਬਨਾਮ ਕੇਂਦਰ ਸਰਕਾਰ ਜਾਂ ਸਿੱਖ ਬਨਾਮ ਕੇਂਦਰ ਸਰਕਾਰ ਬਣਾਉਣ ਦਾ ਯਤਨ ਨਾ ਕਰੇ।
ਉਨ੍ਹਾਂ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਦੇ ਉਕਤ ਸੰਘਰਸ਼ ਨੂੰ ਲਗਾਤਾਰ ਹਿਮਾਇਤ ਮਿਲ ਰਹੀ ਹੈ ਅਤੇ ਮਿਲਣੀ ਵੀ ਚਾਹੀਦੀ ਹੈ। ਸਿੰਘ ਸਾਹਿਬ ਨੇ ਕਿਹਾ ਕਿ ਉਹ ਵਾਹਿਗੁਰੂ ਅੱਗੇ ਅਰਦਾਸ ਕਰਨਗੇ ਕਿ ਸੰਘਰਸ਼ ਵਿੱਚ ਹਿੱਸਾ ਲੈ ਰਹੇ ਕਿਸਾਨ ਉੱਤੇ ਮੇਹਰ ਭਰਿਆ ਹੱਥ ਰਖਣ।