ਬਠਿੰਡਾ : ਸਹਿਰ ਬਠਿੰਡਾ ਦੇ ਰਹਿਣ ਵਾਲੇ ਕੇਵਲ ਕ੍ਰਿਸ਼ਨ ਵੱਲੋਂ ਗਰੀਬ ਅਤੇ ਸੜਕਾਂ ਉਤੇ ਭੀਖ ਮੰਗਣ ਵਾਲੇ ਬੱਚਿਆਂ ਦੇ ਚੰਗੇ ਭਵਿੱਖ ਲਈ ਅਜਿਹੇ ਉਪਰਾਲੇ ਕੀਤੇ ਗਏ, ਜਿਸ ਦੀ ਅੱਜ ਪੂਰੇ ਪੰਜਾਬ ਵਿਚ ਚਰਚਾ ਹੋ ਰਹੀ ਹੈ। ਕੇਵਲ ਕ੍ਰਿਸ਼ਨ ਵੱਲੋਂ ਇਨ੍ਹਾਂ ਬੱਚਿਆਂ ਦੇ ਉੱਜਵਲ ਭਵਿੱਖ ਲਈ ਜਿਥੇ ਵਿਆਹ ਨਹੀਂ ਕਰਵਾਇਆ ਗਿਆ। ਉੱਥੇ ਹੀ 2001 ਵਿੱਚ ਰੇਲ ਗੱਡੀ ਵਿਚ ਸਫ਼ਰ ਦੌਰਾਨ ਮਿਲੀ ਛੋਟੀ ਬੱਚੀ ਤੋਂ ਪ੍ਰਭਾਵਤ ਹੋ ਕੇ ਅਪੂ ਸੁਸਾਇਟੀ ਨਾਮਕ ਸਮਾਜਸੇਵੀ ਸੰਸਥਾ ਨੂੰ ਹੋਂਦ ਵਿਚ ਲਿਆਂਦਾ।
450 ਬੱਚਿਆਂ ਨੂੰ ਦਿੱਤੀ ਜਾ ਰਹੀ ਐ ਸਿੱਖਿਆ : ਸ਼ਹਿਰ ਵਿਚ ਗਰੀਬ ਅਤੇ ਭੀਖ ਮੰਗਣ ਵਾਲੇ ਬੱਚਿਆਂ ਲਈ ਸਿੱਖਿਆ ਸੈਂਟਰ ਖੋਲ੍ਹਿਆ। ਇਨ੍ਹਾਂ ਗਰੀਬ ਅਤੇ ਭੀਖ ਮੰਗਣ ਵਾਲੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਕੋਸ਼ਿਸ਼ਾਂ ਸ਼ੁਰੂ ਕੀਤੀਆਂ। ਅੱਜ ਅਪੂ ਸੁਸਾਇਟੀ ਵੱਲੋਂ ਇਨ੍ਹਾਂ ਗਰੀਬ ਬੱਚਿਆਂ ਨੂੰ ਸਿੱਖਿਅਤ ਕਰਨ ਲਈ 6 ਸਿੱਖਿਆ ਸੈਂਟਰ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿੱਚ 450 ਦੇ ਕਰੀਬ ਸੜਕਾਂ ਉਤੇ ਭੀਖ ਮੰਗਣ ਵਾਲੇ ਅਤੇ ਗਰੀਬ ਘਰਾਂ ਦੇ ਬੱਚੇ ਪੜ੍ਹ ਰਹੇ ਹਨ। ਗੱਲਬਾਤ ਦੌਰਾਨ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ : Chetan Singh Jauramajra: ਅਜ਼ਾਦੀ ਘੁਲਾਟੀਆਂ ਦੀ ਭਲਾਈ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ
ਬੱਚਿਆਂ ਲਈ ਹੋਸਟਲ ਬਣਾਉਣ ਦੀ ਵੀ ਤਿਆਰੀ : ਆਪਣੇ ਪਿਤਾ ਦੀ ਪ੍ਰਾਪਰਟੀ ਵਿਚ ਇਨ੍ਹਾਂ ਸਿੱਖਿਆ ਸੈਂਟਰਾਂ ਨੂੰ ਚਲਾਇਆ ਪਰ ਬਾਅਦ ਵਿਚ ਸ਼ਹਿਰ ਦੇ ਲੋਕਾਂ ਵੱਲੋਂ ਬਹੁਤ ਸਹਿਯੋਗ ਦਿੱਤਾ ਗਿਆ। ਇਨ੍ਹਾਂ ਗਰੀਬ ਬੱਚਿਆ ਲਈ ਸਟੇਸ਼ਨਰੀ ਅਤੇ ਹੋਰ ਸਮਾਂ ਦਾਨੀ ਸੱਜਣਾ ਵੱਲੋਂ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤਾਂ ਜੋ ਇਹ ਉੱਚ ਵਿੱਦਿਆ ਹਾਸਲ ਕਰ ਸਕਣ। ਹੁਣ ਉਨ੍ਹਾਂ ਵੱਲੋਂ ਇਨ੍ਹਾਂ ਗਰੀਬ ਬੱਚਿਆਂ ਦੀ ਰਿਹਾਇਸ਼ ਲਈ ਹੋਸਟਲ ਵੀ ਤਿਆਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਇਸ ਉਪਰਾਲੇ ਵਿਚ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਇਹ ਗਰੀਬ ਬੱਚੇ ਵਧੀਆ ਸਿੱਖਿਆ ਹਾਸਲ ਕਰ ਕੇ ਆਪਣਾ ਚੰਗਾ ਭਵਿੱਖ ਬਣਾ ਸਕਣ।