ਬਠਿੰਡਾ: ਭਾਰਤ ਪਾਕਿਸਤਾਨ ਵੰਡ ਸਮੇਂ ਵੱਖ ਹੋਏ ਦੋ ਭਰਾ ਪਾਕਿਸਤਾਨ ਚ ਸ੍ਰੀ ਕਰਤਾਰਪੁਰ ਸਾਹਿਬ ਵਿਖੇ 74 ਸਾਲਾਂ ਬਾਅਦ ਮਿਲੇ। ਪਾਕਿਸਤਾਨ ਦੇ ਮੁਹੰਮਦ ਸਦੀਕ ਅਤੇ ਭਾਰਤ ਦੇ ਹਬੀਬ ਉਰਫ਼ ਸਿੱਕਾ ਖਾਨ ਕਈ ਦਹਾਕਿਆਂ ਬਾਅਦ ਮਿਲੇ ਅਤੇ ਭਾਵੁਕ ਹੋ ਗਏ। ਇਨ੍ਹਾਂ ਦੋਵਾਂ ਭਰਾਵਾਂ ਦੀ ਮੁਲਾਕਾਤ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਦੋਹਾਂ ਭਰਾਵਾਂ ਨੂੰ ਮਿਲਵਾਉਣ ਦੇ ਲਈ ਪਿੰਡ ਦੇ ਜਗਸੀਰ ਸਿੰਘ ਨੇ ਬਹੁਤ ਮਦਦ ਕੀਤੀ। ਅੱਜ ਪੂਰਾ ਪਿੰਡ ਇਸ ਪਰਿਵਾਰ ਦੇ ਨਾਲ ਖੜਿਆ ਹੈ।
ਦੋਹਾਂ ਭਰਾਵਾਂ ਦੀ ਇਹ ਮੁਲਾਕਾਤ ਕਰਤਾਰਪੁਰ ਕੋਰੀਡੋਰ ਵਿੱਚ ਬੁੱਧਵਾਰ 12 ਜਨਵਰੀ ਨੂੰ ਹੋਈ। 74 ਸਾਲ ਬਾਅਦ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਨੂੰ ਭਾਰਤ ਤੋਂ ਜੋੜਨ ਵਾਲੇ ਕਰਤਾਰਪੁਰ ਕੋਰੀਡੋਰ ਨੇ ਦੋਵਾਂ ਭਰਾਵਾਂ ਨੂੰ ਫਿਰ ਤੋਂ ਮਿਲਾ ਦਿੱਤਾ। ਦੱਸ ਦਈਏ ਕਿ ਸਿੱਕਾ ਖਾਨ ਫੂਲੇਵਾਲਾ ਪਿੰਡ ’ਚ ਰਹਿੰਦਾ ਹੈ ਜਦਕਿ ਉਨ੍ਹਾਂ ਦਾ ਪੂਰਾ ਪਰਿਵਾਰ ਪਾਕਿਸਤਾਨ ਚ ਰਹਿੰਦਾ ਹੈ। ਵੰਡ ਤੋਂ ਪਹਿਲਾਂ ਸਿੱਕਾ ਖਾਨ ਨੂੰ ਉਨ੍ਹਾਂ ਦੀ ਮਾਤਾ ਬਠਿੰਡਾ ਦੇ ਪਿੰਡ ਫੂਲੇਵਾਲਾ ਵਿਖੇ ਆਈ ਸੀ ਪਰ ਵੰਡ ਤੋਂ ਬਾਅਦ ਉਹ ਵਾਪਸ ਪਾਕਿਸਤਾਨ ਨਹੀਂ ਜਾ ਸਕੇ। ਉਨ੍ਹਾਂ ਨੇ ਬਹੁਤ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਹ ਨਹੀਂ ਜਾ ਸਕੇ। ਪਰ ਹੁਣ ਪਿੰਡ ਵਾਲਿਆਂ ਦੀ ਮਦਦ ਨਾਲ ਪਾਕਿਸਤਾਨ ਚ ਰਹਿ ਰਹੇ ਸਿੱਕਾ ਖਾਨ ਦੇ ਭਰਾ ਦੇ ਨਾਲ ਮੁਲਾਕਾਤ ਹੋਈ। ਉਨ੍ਹਾਂ ਦੀ ਮੁਲਾਕਾਤ ਇਨ੍ਹਾਂ ਦੀ ਜਿਆਦਾ ਭਾਵੁਕ ਸੀ ਕਿ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ।
ਬਠਿੰਡਾ ਜਿਲ੍ਹੇ ਦੇ ਰਹਿਣ ਵਾਲੇ ਸਿੱਕਾ ਖਾਨ ਨੇ ਦੱਸਿਆ ਕਿ ਉਹ ਆਪਣੇ ਭਰਾ ਨੂੰ 74 ਸਾਲਾਂ ਬਾਅਦ ਮਿਲੇ ਹਨ। ਭਰਾ ਨੂੰ ਮਿਲਕੇ ਉਹ ਬਹੁਤ ਜਿਆਦਾ ਖੁਸ਼ ਹਨ। ਉਨ੍ਹਾਂ ਆਪਣੀ ਇੱਛਾ ਦੱਸਦੇ ਹੋਏ ਕਿਹਾ ਕਿ ਉਹ ਆਪਣੇ ਭਰਾ ਦੇ ਨਾਲ ਰਹਿਣਾ ਚਾਹੁੰਦੇ ਹਨ। ਭਾਰਤ ਸਰਕਾਰ ਉਨ੍ਹਾਂ ਦਾ ਵੀਜ਼ਾ ਲਗਾਵੇ ਤਾਂ ਜੋ ਉਹ ਆਪਣੇ ਪਰਿਵਾਰ ਨੂੰ ਪਾਕਿਸਤਾਨ ਜਾ ਕੇ ਮਿਲ ਕੇ ਆ ਸਕਣ ਅਤੇ ਉਨ੍ਹਾਂ ਦਾ ਭਰਾ ਉਨ੍ਹਾਂ ਨੂੰ ਇੱਥੇ ਮਿਲਣ ਲਈ ਆ ਸਕੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਲੋਕਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ। ਪਾਕਿਸਤਾਨ ਦੇ ਲੋਕਾਂ ਦਾ ਵਤੀਰਾ ਬਹੁਤ ਵਧੀਆ ਹੈ।
ਪਿੰਡ ਵਾਸੀ ਦਰਸ਼ਨ ਸਿੰਘ ਨੇ ਦੱਸਿਆ ਕਿ ਸਿੱਕਾ ਖਾਨ ਉਨ੍ਹਾਂ ਕੋਲ 10-12 ਸਾਲਾਂ ਤੋਂ ਕੰਮ ਕਰਦਾ ਹੈ। ਇਸ ਦੌਰਾਨ ਉਹ ਆਪਣੇ ਪਾਕਿਸਤਾਨ ਚ ਰਹਿ ਰਹੇ ਪਰਿਵਾਰ ਬਾਰੇ ਗੱਲ ਕਰਦੇ ਰਹਿੰਦੇ ਸੀ। ਵੰਡ ਤੋਂ ਬਾਅਦ ਉਹ ਆਪਣੇ ਨਾਨਕੇ ਘਰ ਚ ਰਹਿੰਦੇ ਸੀ। ਜਦਕਿ ਉਨ੍ਹਾਂ ਦਾ ਪੂਰਾ ਪਰਿਵਾਰ ਪਾਕਿਸਤਾਨ ਚ ਹੈ। ਜਦੋ ਸਿੱਕਾ ਖਾਨ ਆਪਣੇ ਭਰਾ ਨੂੰ ਮਿਲ ਕੇ ਆਏ ਤਾਂ ਬਹੁਤ ਖੁਸ਼ ਨਜਰ ਆਏ। ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ ਜਾ ਕੇ ਆਪਣੇ ਪਰਿਵਾਰ ਅਤੇ ਭਰਾ ਨੂੰ ਮਿਲਣ ਦੀ ਗੱਲ ਆਖੀ ਹੈ।
ਕਾਬਿਲੇਗੌਰ ਹੈ ਕਿ ਦੋਵਾਂ ਭਰਾਵਾਂ ਦੀ ਮੁਲਾਕਾਤ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਸਦੀਕ ਪਾਕਿਸਤਾਨ ਦੇ ਫੈਸਲਾਬਾਦ 'ਚ ਰਹਿੰਦਾ ਹੈ ਅਤੇ ਚੀਲਾ ਪੰਜਾਬ 'ਚ ਰਹਿੰਦਾ ਹੈ। ਵੀਡੀਓ 'ਚ ਦੋਵਾਂ ਨੂੰ ਇਕੱਠੇ ਜੱਫੀ ਪਾਉਂਦੇ ਅਤੇ ਰੋਂਦੇ ਦੇਖਿਆ ਜਾ ਸਕਦਾ ਹੈ।
ਇਹ ਵੀ ਪੜੋ: ਵੰਡ ਤੋਂ ਸੱਤ ਦਹਾਕਿਆਂ ਬਾਅਦ ਭਰਾਵਾਂ ਦੇ ਮਿਲਾਪ ਦੀਆਂ ਭਾਵੁਕ ਤਸਵੀਰਾਂ