ਬਠਿੰਡਾ: ਸੋਮਵਾਰ ਸਵੇਰੇ ਕਮਲਾ ਨਹਿਰੂ ਕਲੋਨੀ 'ਚ ਸਥਿਤ ਇੱਕ ਘਰ 'ਚੋਂ ਪਤੀ-ਪਤਨੀ ਅਤੇ ਉਨ੍ਹਾਂ ਦੀ ਕੁੜੀ ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ। ਸ਼ਾਮ ਸਮੇਂ ਇਸ ਮਾਮਲੇ ਵਿੱਚ ਵੀਡੀਓ ਸੋਸ਼ਲ ਮੀਡੀਆ 'ਤੇ ਵਿਖਾਈ ਦਿੱਤੀ ਹੈ, ਜਿਸ ਵਿੱਚ ਇੱਕ ਨੌਜਵਾਨ ਨੇ ਇਸ ਘਟਨਾ ਨੂੰ ਅੰਜਾਮ ਦਿੱਤੇ ਜਾਣ ਦੀ ਜ਼ਿੰਮੇਵਾਰੀ ਲੈਣ ਬਾਰੇ ਕਿਹਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਸਵੇਰੇ ਪੁਲਿਸ ਨੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ, ਪਰੰਤੂ ਇਹ ਪਤਾ ਨਹੀਂ ਲੱਗ ਸਕਿਆ ਸੀ ਕਿ ਇਹ ਕਤਲ ਹੈ ਜਾਂ ਖੁਦਕੁਸ਼ੀ।
ਦੁਪਹਿਰ ਬਾਅਦ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਇਸ ਵੀਡੀਓ ਵਿੱਚ ਨੌਜਵਾਨ ਖ਼ੁਦ ਨੂੰ ਮਾਨਸਾ ਦਾ ਯੁਵਕਰਨ ਸਿੰਘ ਦੱਸ ਰਿਹਾ ਹੈ, ਕਹਿ ਰਿਹਾ ਹੈ ਕਿ ਉਸਦਾ ਬਠਿੰਡਾ ਦੀ ਰਹਿਣ ਵਾਲੀ ਉਕਤ ਮ੍ਰਿਤਕ ਲੜਕੀ ਸਿਮਰਨ ਨਾਲ ਦੋ ਸਾਲ ਤੋਂ ਦੋਸਤੀ ਸੀ। ਪਰੰਤੂ ਇਸ ਦੌਰਾਨ ਉਸ ਨੂੰ ਪਤਾ ਲੱਗਾ ਕਿ ਜਿਥੇ ਉਸਦੀ ਕੈਨੇਡਾ ਵਿੱਚ ਇੱਕ ਲੜਕੇ ਨਾਲ ਗੱਲ ਹੋ ਰਹੀ ਹੈ ਅਤੇ ਇੱਧਰ ਵੀ ਕਿਸੇ ਹੋਰ ਲੜਕੇ ਨਾਲ ਗੱਲ ਹੈ ਤਾਂ ਉਸ ਨੇ ਸਿਮਰਨ ਨੂੰ ਵਿਆਹ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ। ਉਪਰੰਤ ਸਿਮਰਨ ਅਕਸਰ ਉਸਨੂੰ ਰੇਪ ਕੇਸ ਵਿੱਚ ਫਸਾਉਣ ਦੀ ਧਮਕੀ ਦਿੰਦੀ ਰਹਿੰਦੀ ਸੀ ਕਿ ਉਸਦੀ ਜ਼ਿੰਦਗੀ ਖ਼ਰਾਬ ਕਰ ਦੇਵੇਗੀ ਨਹੀਂ ਤਾਂ ਉਸ ਨਾਲ ਸ਼ਾਦੀ ਕਰੇ, ਜਿਸ ਕਾਰਨ ਉਹ ਕਾਫ਼ੀ ਪ੍ਰੇਸ਼ਾਨ ਹੋ ਚੁੱਕਾ ਸੀ।
ਵੀਡੀਓ ਵਿੱਚ ਨੌਜਵਾਨ ਨੇ ਕਿਹਾ ਕਿ ਬੀਤੇ ਦਿਨੀ ਵੀ ਉਹ ਬਠਿੰਡਾ ਰਹਿੰਦੇ ਆਪਣੇ ਭਰਾ ਕੋਲ ਗਿਆ ਸੀ ਪਰੰਤੂ ਉਸਦਾ ਭਰਾ ਆਪਣੇ ਦੋਸਤ ਨੂੰ ਛੱਡਣ ਦਿੱਲੀ ਗਿਆ ਸੀ ਤਾਂ ਉਸ ਨੇ ਆਪਣੇ ਭਰਾ ਦਾ ਪਿਸਤੌਲ ਲੈ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ।
ਜਾਣਕਾਰੀ ਮੁਤਾਬਕ ਮ੍ਰਿਤਕ ਚਰਨਜੀਤ ਸਿੰਘ ਖੋਖਰ ਪਿੰਡ ਬੀਬੀਵਾਲਾ ਦੀ ਕਾਰਪੋਰੇਟ ਸੋਸਾਇਟੀ ਦਾ ਸਕੱਤਰ ਸੀ। ਇੱਕ ਪਰਿਵਾਰ ਦੇ ਤਿੰਨ ਜੀਆਂ ਦੀਆਂ ਲਾਸ਼ਾਂ ਮਿਲਣ ਤੋਂ ਸਥਿਤੀ ਤਨਾਅਪੂਰਣ ਬਣੀ ਹੋਈ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਜਾਂਚ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ।