ਬਠਿੰਡਾ: ਅਜੋਕੇ ਸਮੇਂ ਵਿੱਚ ਕਿਸਾਨਾਂ ਨੂੰ ਜ਼ਿਆਦਾਤਰ ਜਾਂ ਤਾਂ ਖੇਤਾਂ ਵਿੱਚ ਕੰਮ ਕਰਦੇ ਵੇਖਿਆ ਜਾਂਦਾ ਹੈ ਜਾਂ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਹੋਏ ਸੜਕਾਂ ਉੱਤੇ ਪਰ ਬਠਿੰਡਾ ਦੇ ਪੌਸ਼ ਇਲਾਕੇ ਮਾਡਲ ਟਾਊਨ ਵਿੱਚ ਇੱਕ ਅਗਾਂਹ ਵਧੂ ਕਿਸਾਨ ਵੱਲੋਂ ਕਾਰ ਵਿੱਚ ਹੀ, ਕਿਸਾਨ ਦੀ ਦੁਕਾਨ ਚਲਾਈ ਜਾ ਰਹੀ ਹੈ। ਇਸ ਕਿਸਾਨ ਦੀ ਦੁਕਾਨ ਦੀ ਚਰਚਾ ਦੂਰ-ਦੂਰ ਤੱਕ ਹੈ ਕਿਉਂਕਿ ਕਿਸਾਨ ਭੁਪਿੰਦਰ ਸਿੰਘ ਵੱਲੋਂ ਆਪਣੇ ਡੇਅਰੀ ਫਾਰਮਿੰਗ ਰਾਹੀਂ ਪੈਦਾ ਹੋਏ ਦੁੱਧ ਤੋਂ ਸ਼ੁੱਧ ਪ੍ਰੋਡਕਟ ਤਿਆਰ ਕੀਤੇ ਜਾਂਦੇ ਹਨ।
ਕੀਮਤ ਬਾਜ਼ਾਰ ਨਾਲੋਂ ਲਗਭਗ ਦੁੱਗਣੀ: ਭਾਵੇਂ ਕਿਸਾਨ ਭੁਪਿੰਦਰ ਸਿੰਘ ਵੱਲੋਂ ਤਿਆਰ ਕੀਤੇ ਗਏ ਦੁੱਧ ਦੇ ਪ੍ਰੋਡਕਟਾਂ ਦੀ ਕੀਮਤ ਬਾਜ਼ਾਰ ਨਾਲੋਂ ਲਗਭਗ ਦੁੱਗਣੀ ਹੈ ਪਰ ਕੁਆਲਿਟੀ ਦੇ ਮੱਦੇਨਜ਼ਰ ਲੋਕਾਂ ਵੱਲੋਂ ਕਿਸਾਨ ਭੁਪਿੰਦਰ ਸਿੰਘ ਦੇ ਪ੍ਰੋਡਕਟਾਂ ਦੀ ਖਰੀਦ ਵੱਡੇ ਪੱਧਰ ਉੱਤੇ ਕੀਤੀ ਜਾ ਰਹੀ ਹੈ। ਗੱਲਬਾਤ ਦੌਰਾਨ ਕਿਸਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਕੋਰੋਨਾ ਕਾਲ ਦੌਰਾਨ ਉਸ ਦੀ ਨੌਕਰੀ ਚਲੀ ਗਈ ਸੀ ਉਹ ਇਲੈਕਟਰੋਨਿਕ ਕੰਪਨੀ ਵਿੱਚ ਬਤੌਰ ਮਕੈਨਿਕ ਕੰਮ ਕਰਦਾ ਸੀ। ਫਿਰ ਉਸ ਵੱਲੋਂ ਘਰ ਦੇ ਗੁਜ਼ਾਰੇ ਲਈ ਪਿਤਾ ਪੁਰਖੀ ਕਿੱਤੇ ਨੂੰ ਅਪਣਾਉਂਦੇ ਹੋਏ ਡੇਅਰੀ ਫਾਰਮਿੰਗ ਦਾ ਧੰਦਾ ਸ਼ੁਰੂ ਕੀਤਾ ਗਿਆ। ਘਰ ਦੀਆਂ ਦੋ ਦੇਸੀ ਗਾਵਾਂ ਤੋਂ ਸ਼ੁਰੂ ਕੀਤੇ ਗਏ ਡੇਅਰੀ ਫਾਰਮਿੰਗ ਦੇ ਧੰਦੇ ਨੂੰ ਵਧਾਉਂਦੇ ਹੋਏ ਕਿਸਾਨ ਭੁਪਿੰਦਰ ਸਿੰਘ ਕੋਲ ਅੱਜ 14 ਗਾਵਾਂ ਭਾਰਤੀ ਨਸਲ ਰਾਠੀ ਅਤੇ ਸਾਈਵਾਲ ਦੀਆਂ ਹਨ।
ਸ਼ੁੱਧਤਾ ਹੈ ਕਿਸਾਨ ਦੀ ਪਹਿਚਾਣ: ਕਿਸਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਗਾਵਾਂ ਦਾ ਦੁੱਧ ਏ ਟੂ ਕੈਟਾਗਰੀ ਵਿੱਚ ਆਉਂਦਾ ਹੈ ਅਤੇ ਇਸ ਦੁੱਧ ਅਤੇ ਘਿਓ ਤੋਂ ਮੈਡੀਸਨ ਤਿਆਰ ਹੁੰਦੀ ਹੈ। ਕਿਸਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਗਰਮੀਆਂ ਵਿੱਚ ਉਸ ਵੱਲੋਂ ਗਾਵਾਂ ਦੇ ਦੁੱਧ ਤੋਂ ਕਾੜਨੀ ਵਾਲੀ ਲੱਸੀ ਤਿਆਰ ਕੀਤੀ ਜਾਂਦੀ ਹੈ। ਸਰਦੀਆਂ ਵਿੱਚ ਗਾਵਾਂ ਦੇ ਦੁੱਧ ਤੋਂ ਖੋਏ ਦੀਆਂ ਪਿੰਨੀਆਂ, ਅਲਸੀ ਦੀਆਂ ਪਿੰਨੀਆਂ ਪਨੀਰ ਅਤੇ ਕਾੜਨੀ ਵਾਲੀ ਲੱਸੀ ਤਿਆਰ ਕੀਤੀ ਜਾਂਦੀ ਹੈ। ਦੁੱਧ ਦੇ ਪ੍ਰੋਡਕਟਾਂ ਦੀ ਕੁਆਲਿਟੀ ਵਧੀਆ ਹੋਣ ਕਾਰਨ ਲੋਕਾਂ ਵੱਲੋਂ ਵੱਡੀ ਪੱਧਰ ਉੱਤੇ ਡਿਮਾਂਡ ਕੀਤੀ ਜਾ ਰਹੀ ਹੈ।
- ਸਾਬਕਾ ਵਿਧਾਇਕ ਜੋਗਿੰਦਰਪਾਲ ਭੋਆ ਗ੍ਰਿਫ਼ਤਾਰ, ਨਜਾਇਜ਼ ਮਾਈਨਿੰਗ ਦੇ ਇਲਜ਼ਾਮਾਂ ਤਹਿਤ ਹੋਈ ਕਾਰਵਾਈ
- ਫਿਰੌਤੀ ਦੀ ਮੰਗ ਕਰ ਰਹੇ ਅਣਪਛਾਤਿਆਂ ਨੇ NRI ਪਰਿਵਾਰ ਦੇ ਘਰ 'ਤੇ ਕੀਤੀ ਫਾਇਰਿੰਗ
- Year Ender 2023: ਪੰਜਾਬ ਵਿੱਚ ਸਾਲ 2023 ਦੌਰਾਨ 49 ਗੈਂਗਸਟਰਾਂ ਦਾ ਐਨਕਾਊਂਟਰ, ਹੋਰ ਬਦਮਾਸ਼ਾਂ ਨੂੰ ਵੀ ਪੰਜਾਬ ਪੁਲਿਸ ਨੇ ਦਿੱਤੀ ਚਿਤਾਵਨੀ
ਨੌਜਵਾਨਾਂ ਨੂੰ ਅਪੀਲ: ਉਹ ਰੋਜ਼ਾਨਾ ਸਵੇਰੇ 8 ਵਜੇ ਤੋਂ 11 ਵਜੇ ਤੱਕ ਬਠਿੰਡਾ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿੱਚ ਆਪਣੀ ਕਾਰ ਵਿੱਚ ਦੁੱਧ ਦੇ ਬਣੇ ਹੋਏ ਪ੍ਰੋਡਕਟ ਵੇਚਦੇ ਹਨ। ਭੁਪਿੰਦਰ ਸਿੰਘ ਨੇ ਕਿਹਾ ਕਿ ਸਹਾਇਕ ਧੰਦੇ ਵਜੋਂ ਸ਼ੁਰੂ ਕੀਤਾ ਗਿਆ ਕੋਈ ਵੀ ਕਾਰੋਬਾਰ ਉਦੋਂ ਤੱਕ ਕਾਮਯਾਬ ਨਹੀਂ ਹੋਵੇਗਾ ਜਦੋਂ ਤੱਕ ਉਸ ਵਿੱਚ ਸ਼ੁੱਧਤਾ ਨਹੀਂ ਹੋਵੇਗੀ ਕਿਉਂਕਿ ਅੱਜ ਕੱਲ ਲੋਕ ਸ਼ੁੱਧਤਾ ਨੂੰ ਪਹਿਲ ਦਿੰਦੇ ਹਨ। ਰੇਟ ਦੀ ਕੋਈ ਪਰਵਾਹ ਨਹੀਂ ਕਰਦਾ, ਉਨ੍ਹਾਂ ਵੱਲੋਂ ਸ਼ੁੱਧ ਦੁੱਧ ਤੋਂ ਤਿਆਰ ਕੀਤੇ ਪ੍ਰੋਡਕਟ ਬਾਜ਼ਾਰ ਨਾਲੋਂ ਦੁੱਗਣੇ ਰੇਟ ਉੱਤੇ ਵੇਚੇ ਜਾ ਰਹੇ ਹਨ ਪਰ ਲੋਕਾਂ ਵੱਲੋਂ ਫਿਰ ਵੀ ਇਹ ਪ੍ਰੋਡਕਟ ਖਰੀਦੇ ਜਾ ਰਹੇ ਹਨ। ਵਿਦੇਸ਼ ਵੱਲ ਜਾ ਰਹੀ ਜਵਾਨੀ ਨੂੰ ਅਪੀਲ ਕਰਦਿਆਂ ਕਿਸਾਨ ਭੁਪਿੰਦਰ ਸਿੰਘ ਨੇ ਕਿਹਾ ਕਿ ਵਿਦੇਸ਼ ਜਾਣ ਦੀ ਜਗ੍ਹਾ ਤੁਸੀਂ ਆਪਣੇ ਦੇਸ਼ ਵਿੱਚ ਰਹਿ ਕੇ ਆਪਣੇ ਪ੍ਰੋਡਕਟ ਬਣਾਓ ਅਤੇ ਪ੍ਰੋਸੈਸਿੰਗ ਦਾ ਕਾਰੋਬਾਰ ਸ਼ੁਰੂ ਕਰੋ। ਆਪਣੇ ਕਾਰੋਬਾਰ ਵਿੱਚ ਤੁਸੀਂ ਖੁਦ ਮਾਲਕ ਹੋ ਅਤੇ ਲੋਕ ਤੁਹਾਡੇ ਪ੍ਰੋਡਕਟਾਂ ਦੀ ਸ਼ੁੱਧਤਾ ਵੇਖਦੇ ਹੋਏ ਖਰੀਦ ਕਰਦੇ ਹਨ।