ਬਰਨਾਲਾ: ਪਿੰਡ ਚੁਹਾਣਕੇ ਖੁਰਦ ਵਿਖੇ ਮਜ਼ਦੂਰ ਪਰਿਵਾਰ ਨਾਲ ਸਬੰਧਤ ਨੌਜਵਾਨ ਨੇ ਭੇਦ ਭਰੇ ਹਾਲਤ ਵਿੱਚ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਮੁਤਾਬਕ ਦਲਿਤ ਪਰਿਵਾਰ ਨਾਲ ਸਬੰਧਤ ਨੌਜਵਾਨ ਸਤਨਾਮ ਸਿੰਘ (25) ਪੁੱਤਰ ਦਰਬਾਰਾ ਸਿੰਘ ਦੀ ਮਾਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਮ੍ਰਿਤਕ ਅਤੇ ਉਸਦਾ ਭਰਾ ਮਿਹਨਤ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਸਨ। ਚਾਰ ਭੈਣਾਂ ਦੇ ਵਿਆਹ ਮਗਰੋਂ ਆਰਥਿਕ ਤੰਗੀ ਕਾਰਨ ਇਹ ਨੌਜਵਾਨ ਅਕਸਰ ਪ੍ਰੇਸ਼ਾਨ ਰਹਿੰਦਾ ਸੀ ਅਤੇ ਘਰ ਅੰਦਰ ਕੋਈ ਪਰਿਵਾਰਕ ਮੈਂਬਰ ਨਾ ਹੋਣ 'ਤੇ ਉਸ ਨੇ ਘਰ ਦੇ ਇੱਕ ਕਮਰੇ ਅੰਦਰ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਹੈ।
ਥਾਣਾ ਮਹਿਲ ਕਲਾਂ ਦੇ ਏ.ਐਸ.ਆਈ. ਰਫੀ ਮੁਹੰਮਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਿਵਾਰ ਵੱਲੋਂ ਪੁਲਿਸ ਨੂੰ ਲਿਖਾਏ ਬਿਆਨ ਮੁਤਾਬਕ ਨੌਜਵਾਨ ਨੇ ਆਰਥਿਕ ਤੰਗੀ ਕਾਰਨ ਪ੍ਰੇਸ਼ਾਨੀ ਦੇ ਚੱਲਦਿਆਂ ਖੁਦਕੁਸ਼ੀ ਕੀਤੀ ਹੈ। ਇਸ ਉਪਰੰਤ ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਸਤਨਾਮ ਸਿੰਘ ਦੇ ਪਿਤਾ ਦਰਬਾਰਾ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ 174 ਦੀ ਕਾਰਵਾਈ ਕੀਤੀ ਗਈ ਹੈ।