ਬਰਨਾਲਾ: ਦਿੱਲੀ ਦੇ ਜੰਤਰ ਮੰਤਰ ਵਿੱਚ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਵਿਰੁੱਧ ਧਰਨਾ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਦੇ ਹੱਕ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਰਨਾਲਾ ਦੇ ਬਾਜ਼ਾਰ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਉਹਨਾਂ ਦਾਣਾ ਮੰਡੀ ਵਿਖੇ ਸੈਂਕੜੇ ਔਰਤਾਂ ਸਮੇਤ ਕਿਸਾਨਾਂ, ਮਜ਼ਦੂਰਾਂ ਤੇ ਹੋਰ ਇਨਸਾਫਪਸੰਦ ਲੋਕਾਂ ਵੱਲੋਂ ਇਕੱਠੇ ਹੋ ਕੇ ਬਜ਼ਾਰ ਵਿਚੋਂ ਰੋਸ ਪ੍ਰਦਰਸ਼ਨ ਕਰ ਕੇ ਬਰਨਾਲਾ ਡੀਸੀ ਦਫ਼ਤਰ ਅੱਗੇ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਕੇਂਦਰ ਸਰਕਾਰ ਅਰਥੀ ਫੂਕੀ ਗਈ ਅਤੇ ਮੰਗ ਪੱਤਰ ਸੌਂਪਿਆ ਗਿਆ।
ਇਸ ਮੌਕੇ ਮਹਿਲਾ ਕਿਸਾਨ ਆਗੂ ਕਮਲਜੀਤ ਕੌਰ ਬਰਨਾਲਾ ਨੇ ਕਿਹਾ ਕਿ ਖੇਤੀ ਵਿਰੋਧੀ ਕਾਲ਼ੇ ਕਾਨੂੰਨ ਆਪਾਂ ਸਾਰਿਆ ਨੇ ਰਲ਼ ਕੇ ਵਾਪਿਸ ਕਰਵਾ ਲਏ ਹਨ, ਪਰ ਆਹ ਜੋ ਸਾਡੀਆਂ ਭਾਰਤ ਪੱਧਰ ਦੀਆਂ ਉਲੰਪਿਕ ਖਿਡਾਰਨਾਂ ਨਾਲ ਜਿਨਸੀ ਸ਼ੋਸ਼ਨ ਕੀਤਾ ਗਿਆ ਹੈ, ਇਹ ਸ਼ਰਮਨਾਕ ਘਟਨਾ ਹੈ। ਸਾਡੇ ਇਹ ਬੱਚੇ ਬੱਚੀਆਂ ਨੂੰ ਇਨਸਾਫ ਦਿਵਾਉਣ ਲਈ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋਣ ਦੀ ਲੋੜ ਹੈ ਤਾਂ ਹੀ ਇਹਨਾਂ ਖਿਡਾਰੀਆਂ ਨੂੰ ਇਨਸਾਫ ਮਿਲ ਸਕਦਾ ਹੈ। ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਤੋਂ ਤੁਰੰਤ ਅਸਤੀਫਾ ਲੈ ਕੇ ਉਸਨੂੰ ਗ੍ਰਿਫਤਾਰ ਕੀਤਾ ਜਾਵੇ।
ਜੰਤਰ ਮੰਤਰ ਵਿਖੇ ਧਰਨਾਕਾਰੀਆਂ ਦੀ ਪੁਲਿਸ ਤੇ ਅਰਧ ਸੈਨਿਕ ਬਲਾਂ ਵੱਲੋਂ ਕੀਤੀ ਗਈ ਘੇਰਾਬੰਦੀ ਤੁਰੰਤ ਖਤਮ ਕੀਤੀ ਜਾਵੇ। ਉਕਤ ਮੰਗਾਂ ਖਾਤਰ ਜੰਤਰ ਮੰਤਰ ਵਿਖੇ ਲਗਾਤਾਰ ਦਿਨ ਰਾਤ ਧਰਨੇ ਰਾਹੀਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੀਆਂ ਪਹਿਲਵਾਨਾਂ ਅਤੇ ਉਨ੍ਹਾਂ ਦੀ ਹਮਾਇਤ ਵਿੱਚ ਬੈਠੇ ਵਿਅਕਤੀਆਂ ਉੱਤੇ ਰਾਤ ਸਮੇਂ ਕੀਤੇ ਗਏ ਪੁਲਿਸ ਜਬਰ ਮੌਕੇ ਜ਼ਖ਼ਮੀ ਹੋਣ ਵਾਲਿਆਂ ਦਾ ਸਰਕਾਰੀ ਤੌਰ 'ਤੇ ਸਹੀ ਇਲਾਜ ਕਰਾਇਆ ਜਾਵੇ ਅਤੇ ਉਨ੍ਹਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਜੇਕਰ ਕੇਂਦਰ ਸਰਕਾਰ ਵੱਲੋਂ ਇਸ ਸੰਘਰਸ਼ ਨੂੰ ਅਣਗੌਲਿਆਂ ਕੀਤਾ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।