ਬਰਨਾਲਾ : ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ 8 ਮਾਰਚ ਨੂੰ ਦਿੱਲੀ ਵਿਖੇ ਵਿਸ਼ਵ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਸ਼ਾਮਲ ਹੋਣ ਲਈ ਬਰਨਾਲਾ ਜ਼ਿਲ੍ਹੇ ਤੋਂ ਔਰਤਾਂ ਦਾ ਕਾਫ਼ਲਾ ਦਿੱਲੀ ਰਵਾਨਾ ਹੋਇਆ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ 11 ਬੱਸਾਂ 'ਚ ਸਵਾਰ ਹੋ ਕੇ ਸੈਂਕੜੇ ਔਰਤਾਂ ਕਿਸਾਨ ਅੰਦੋਲਨ 'ਚ ਸ਼ਮੂਲੀਅਤ ਕਰਨ ਦਿੱਲੀ ਰਵਾਨਾ ਹੋਈਆਂ।
ਦਿੱਲੀ ਜਾਣ ਵਾਲੀਆਂ ਔਰਤਾਂ ਨੇ ਕਿਹਾ ਕਿ ਉਹ ਮਹਿਲਾ ਦਿਵਸ ਮੌਕੇ ਦਿੱਲੀ ਜਾ ਰਹੀਆਂ ਹਨ। ਲੱਖਾਂ ਔਰਤਾਂ ਦਾ ਇਕੱਠ ਦੇਖ ਕੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਤੋਂ ਵੱਧ ਔਰਤਾਂ ਦੇ ਹੌਂਸਲੇ ਬੁਲੰਦ ਹਨ। ਜਿੰਨਾਂ ਸਮਾਂ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਕਣਕ ਦੀ ਫ਼ਸਲ ਦੀ ਵਾਢੀ ਮੌਕੇ ਉਹ ਦਿੱਲੀ ਵਿਖੇ ਮੋਰਚੇ ਵੀ ਸੰਭਾਲਣਗੀਆਂ। ਕਿਉਂਕਿ ਕਿਸਾਨ ਫਸਲਾਂ ਦੀ ਸੰਭਾਲ ਲਈ ਪਿੰਡ ਪਰਤਣਗੇ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਅੱਜ 11 ਬੱਸਾਂ ਰਾਹੀਂ ਸੈਂਕੜੇ ਔਰਤਾਂ ਦਿੱਲੀ ਨੁੰ ਔਰਤ ਦਿਵਸ ਮਨਾਉਣ ਰਵਾਨਾ ਹੋਈਆਂ ਹਨ। ਔਰਤਾਂ ਵਿੱਚ ਇਸ ਕਿਸਾਨੀ ਸੰਘਰਸ਼ ਨੇ ਵੱਡੀ ਜਾਗਰੂਕਤਾ ਲਿਆਂਦੀ ਹੈ। ਹੁਣ ਤੱਕ ਇਸ ਸੰਘਰਸ਼ ਦਰਮਿਆਨ ਔਰਤਾਂ ਦਾ ਵੀ ਅਹਿਮ ਰੋਲ ਰਿਹਾ ਹੈ। ਦਿੱਲੀ ਵਿਖੇ ਮਹਿਲਾ ਦਿਵਸ ਮੌਕੇ ਔਰਤਾਂ ਦਾ ਵੱਡਾ ਇਕੱਠ ਦੇਖ ਕੇ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣੇ ਪੈਣਗੇ।