ਬਰਨਾਲਾ: ਕਸਬਾ ਸ਼ਹਿਣਾ ਦੇ ਇੱਕ ਨੌਜਵਾਨ ਦੀ ਕੋਰੋਨਾ ਕਾਰਨ ਹੋਈ ਮੌਤ ਨੂੰ ਲੈ ਕੇ ਪਿੰਡ ਵਾਸੀਆਂ ਨੇ ਮ੍ਰਿਤਕ ਦੇਹ ਨੂੰ ਸੜਕ 'ਤੇ ਰੱਖ ਕੇ ਸਿਹਤ ਵਿਭਾਗ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਗਟ ਕਰਦਿਆਂ ਭਰਵੀਂ ਨਾਹਰੇਬਾਜ਼ੀ ਕੀਤੀ। ਨੌਜਵਾਨ ਸ਼ਾਮ ਕੁਮਾਰ ਦੀ ਮੌਤ ਤੋਂ ਭੜਕੇ ਲੋਕਾਂ ਨੇ ਇਸ ਨੂੰ ਕਤਲ ਕਰਾਰ ਦਿੱਤਾ ਹੈ।
ਹਾਜ਼ਰ ਲੋਕਾਂ ਕੁਲਵੰਤ ਸਿੰਘ ਮੋਹਣੀ, ਸੁਖਵਿੰਦਰ ਸਿੰਘ ਕਲਕੱਤਾ, ਪੰਚ ਗੁਰਪ੍ਰੀਤ ਸਿੰਘ, ਹਰਬੰਸ ਦਾਸ ਭੁੱਚੀ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਗੁਰਪ੍ਰੀਤ ਸਿੰਘ ਗਿੱਲ ਨੇ ਦੋਸ਼ ਲਾਇਆ ਕਿ ਸ਼ਾਮ ਕੁਮਾਰ ਪੁੱਤਰ ਬਿਕਰਮ ਗੁਪਤਾ, ਕੁਝ ਦਿਨਾਂ ਤੋਂ ਮਾਮੂਲੀ ਬਿਮਾਰ ਸੀ। 12 ਅਕਤੂਬਰ ਨੂੰ ਸ਼ਾਮ ਕੁਮਾਰ ਨੂੰ ਇਲਾਜ ਲਈ ਬਰਨਾਲਾ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਤੁਰੰਤ ਹੀ ਪਟਿਆਲਾ ਰੈਫ਼ਰ ਕਰ ਦਿੱਤਾ, ਜਿੱਥੇ ਉਸ ਦੇ ਰਾਤ 10 ਵਜੇ ਕੋਰੋਨਾ ਟੈਸਟ ਹੋਏ ਅਤੇ ਸਵੇਰੇ 7 ਵਜੇ ਡਾਕਟਰਾਂ ਨੇ ਪੌਜ਼ੀਟਿਵ ਕਰਾਰ ਦੇ ਦਿੱਤਾ, ਜਿਸ ਦੇ ਕੁੱਝ ਘੰਟੇ ਬਾਅਦ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪਿੰਡ ਵਾਸੀਆਂ ਨੇ ਕਿਹਾ ਕਿ ਸ਼ਾਮ ਕੁਮਾਰ ਬਿਲਕੁੱਲ ਤੰਦਰੁਸਤ ਖ਼ੁਦ ਚੱਲ ਕੇ ਪਟਿਆਲਾ ਗਿਆ ਸੀ, ਪਰ ਕੁੱਝ ਘੰਟੇ ਬਾਅਦ ਹੀ ਉਸ ਦੀ ਮੌਤ ਹੋ ਜਾਣਾ ਹਜ਼ਮ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿਹਾ ਕਿ ਕੋਰੋਨਾ ਦੀ ਆੜ ‘ਚ ਤੰਦਰੁਸਤ ਵਿਅਕਤੀਆਂ ਨੂੰ ਲਾਸ਼ ਬਣਾਇਆ ਜਾ ਰਿਹਾ ਹੈ।
ਸ਼ੁੱਕਰਵਾਰ ਨੂੰ ਜਿਵੇਂ ਹੀ ਸਰਕਾਰੀ ਐਂਬੂਲੈਂਸ ਸ਼ਾਮ ਕੁਮਾਰ ਦੀ ਮ੍ਰਿਤਕ ਦੇਹ ਨੂੰ ਲੈ ਕੇ ਸ਼ਹਿਣਾ ਪੁੱਜੀ ਤਾਂ ਭੜਕੇ ਲੋਕਾਂ ਨੇ ਲਾਸ਼ ਸੜਕ 'ਤੇ ਰੱਖ ਕੇ ਸਿਹਤ ਵਿਭਾਗ ਤੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਨੂੰ ਵਿੱਤੀ ਮਦਦ ਦੀ ਮੰਗ ਕੀਤੀ ਅਤੇ ਇਨਸਾਫ਼ ਨਾ ਦੇਣ 'ਤੇ ਸੰਘਰਸ਼ ਦੀ ਚੇਤਾਵਨੀ ਦਿੱਤੀ।
ਉਧਰ ਸਿਹਤ ਅਧਿਕਾਰੀ ਰੂਪ ਸਿੰਘ ਨੇ ਦੱਸਿਆ ਕਿ ਸ਼ਾਮ ਕੁਮਾਰ ਦਾ ਟਰੂਨੈਟ ਟੈਸਟ ਕੀਤਾ ਗਿਆ ਹੈ, ਜਿਸ ਦੀ ਐਮਰਜੈਂਸੀ ਵਿੱਚ ਦੋ ਘੰਟੇ ਅੰਦਰ ਰਿਪੋਰਟ ਆ ਜਾਂਦੀ ਹੈ। ਟੈਸਟ ਵਿੱਚ ਸ਼ਾਮ ਕੁਮਾਰ ਦੀ ਰਿਪੋਰਟ ਪੌਜ਼ੀਟਿਵ ਆਈ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।